ਪਾਕਿ ’ਚ ਮਾਰੇ ਗਏ ਹਿੰਦੂਆਂ ਤੇ ਸਿੱਖਾਂ ’ਤੇ PM ਇਮਰਾਨ ਖਾਨ ਤੇ ਬਾਜਵਾ ਦੇ ਦੋਸਤ ਸਿੱਧੂ ਚੁੱਪ ਕਿਉਂ : ਚੁੱਘ
Thursday, Feb 03, 2022 - 07:59 PM (IST)
ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪਾਕਿਸਤਾਨ ਦੇ ਸਿੰਧ ਸੂਬੇ ’ਚ ਇਕ ਹਿੰਦੂ ਵਪਾਰੀ ਦੇ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਰਜਕਾਲ ਦੌਰਾਨ ਹਿੰਦੂਆਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ। ਚੁੱਘ ਨੇ ਕਿਹਾ ਕਿ ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਵੀ ਇੰਨੀ ਗਰਮਜੋਸ਼ੀ ਨਾਲ ਜੱਫੀ ਪਾਈ ਸੀ, ਤਾਂ ਫਿਰ ਸਿੱਧੂ ਪਾਕਿਸਤਾਨ ਵਿਚ ਹਿੰਦੂਆਂ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਨਰਲ ਬਾਜਵਾ ਨੂੰ ਕਿਉਂ ਨਹੀਂ ਮਿਲ ਸਕੇ? ਇਸ ਮਾਮਲੇ ’ਤੇ ਸਿੱਧੂ ਕਿਉਂ ਚੁੱਪ ਹਨ? ਪਾਕਿਸਤਾਨ ’ਚ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਚੁੱਘ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ’ਚ ਪਾਕਿਸਤਾਨ ਵਿੱਚ ਅੱਠ ਸਿੱਖ ਅਤੇ ਹਿੰਦੂ ਮਾਰੇ ਜਾ ਚੁੱਕੇ ਹਨ। ਪਾਕਿਸਤਾਨ ’ਚ ਘੱਟਗਿਣਤੀਆਂ ਲਈ ਪੂਰੀ ਸੁਰੱਖਿਆ ਦੀ ਮੰਗ ਕਰਦੇ ਹੋਏ ਚੁੱਘ ਨੇ ਕਿਹਾ ਕਿ ਸਿੱਧੂ ਨੂੰ ਸਭ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਅਤੇ ਉਸ ਦੇ ਦੋਸਤ ਇਮਰਾਨ ਖਾਨ ਕੋਲ ਇਹ ਮੁੱਦਾ ਚੁੱਕਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ’ਚ ਲਾਗੂ ਕਰਾਂਗੇ ਨਵੀਂ ਸਿੱਖਿਆ ਪਾਲਿਸੀ
ਚੁੱਘ ਨੇ ਕਿਹਾ, "ਕਿਉਂਕਿ ਸਿੱਧੂ ਜਨਤਕ ਤੌਰ 'ਤੇ ਪਾਕਿਸਤਾਨ ਦੇ ਅਧਿਕਾਰੀਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ, ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਾਕਿਸਤਾਨ ’ਚ ਘੱਟਗਿਣਤੀਆਂ, ਖਾਸ ਕਰਕੇ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਕੀਤੀ ਜਾਵੇ।’’ ਚੁੱਘ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਾਕਿਸਤਾਨ ’ਚ ਘੱਟਗਿਣਤੀ ਭਾਈਚਾਰੇ 'ਤੇ ਤਾਜ਼ਾ ਹਮਲੇ ’ਚ ਸਿੰਧ ਸੂਬੇ ਵਿਚ ਡਾਹਰ ਭਾਈਚਾਰੇ ਦੇ ਕੁਝ ਮੈਂਬਰਾਂ ਨਾਲ ਝਗੜੇ ਤੋਂ ਬਾਅਦ ਇਕ ਪਾਕਿਸਤਾਨੀ ਹਿੰਦੂ ਵਪਾਰੀ ਦਾ ਘੋਟਕੀ ਜ਼ਿਲ੍ਹੇ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਚੁੱਘ ਨੇ ਕਿਹਾ ਕਿ ਇਸ ਕਤਲੇਆਮ ਨੇ ਘੋਟਕੀ ਦੇ ਕਈ ਸ਼ਹਿਰਾਂ ’ਚ ਰੋਸ ਪ੍ਰਦਰਸ਼ਨ ਕੀਤਾ ਹੈ। ਕਤਲ ਦੇ ਵਿਰੋਧ ’ਚ ਮੰਗਲਵਾਰ ਨੂੰ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ।
ਇਹ ਵੀ ਪੜ੍ਹੋ : ਸਰਕਾਰ ਆਉਣ 'ਤੇ CM ਚੰਨੀ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਦੀ ਕਰਾਂਗੇ ਜਾਂਚ: ਸੁਖਬੀਰ ਬਾਦਲ