ਭਾਗਸਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਵੱਲ ਸਰਕਾਰ ਦੇਵੇ ਧਿਆਨ

Monday, Mar 26, 2018 - 08:16 AM (IST)

ਭਾਗਸਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਵੱਲ ਸਰਕਾਰ ਦੇਵੇ ਧਿਆਨ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) - ਲਗਭਗ 12-13 ਹਜ਼ਾਰ ਦੀ ਆਬਾਦੀ ਵਾਲੇ ਇਸ ਖੇਤਰ ਦੇ ਸਭ ਤੋਂ ਵੱਡੇ ਪਿੰਡ ਭਾਗਸਰ ਵਿਚ ਅਧੂਰੇ ਪਏ ਵਿਕਾਸ ਕਾਰਜਾਂ ਵੱਲ ਪੰਜਾਬ ਸਰਕਾਰ ਅਤੇ ਹਲਕੇ ਦੇ ਨੁਮਾਇੰਦਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਿੰਡ ਦੀਆਂ ਕਈ ਗਲੀਆਂ ਅਜੇ ਤੱਕ ਕੱਚੀਆਂ ਪਈਆਂ ਹਨ ਅਤੇ ਕੁਝ ਗਲੀਆਂ 'ਚ ਨਾਲੀਆਂ ਨਹੀਂ ਬਣੀਆਂ, ਜਿਸ ਕਰ ਕੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਪਿੰਡ ਦੇ ਵਿਚਕਾਰ ਇਕ ਖਸਤਾਹਾਲ ਧਰਮਸ਼ਾਲਾ ਵਿਚ ਹੀ ਪਿਛਲੇ ਕਈ ਸਾਲਾਂ ਤੋਂ ਡਿਸਪੈਂਸਰੀ ਚੱਲ ਰਹੀ ਹੈ ਅਤੇ ਇੱਥੇ ਮੁਲਾਜ਼ਮਾਂ ਲਈ ਤੇ ਆਉਣ-ਜਾਣ ਵਾਲੇ ਲੋਕਾਂ ਲਈ ਕੋਈ ਵੀ ਸਹੂਲਤ ਨਹੀਂ ਹੈ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲ ਦੀ ਇਮਾਰਤ ਨਵੀਂ ਬਣਵਾਏ ਅਤੇ ਇਸ ਵਾਸਤੇ ਜਲਘਰ ਕੋਲ ਸਰਕਾਰੀ ਥਾਂ ਵੀ ਪਈ ਹੈ। ਪਿੰਡ 'ਚ 7 ਆਂਗਣਵਾੜੀ ਸੈਂਟਰ ਚੱਲ ਰਹੇ ਹਨ ਪਰ ਇਕ ਸੈਂਟਰ ਦੀ ਇਮਾਰਤ ਵੀ ਸਰਕਾਰੀ ਨਹੀਂ ਹੈ। ਲਗਭਗ 3 ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਇਕ ਆਂਗਣਵਾੜੀ ਸੈਂਟਰ ਬਣਾਉਣ ਲਈ ਗ੍ਰਾਂਟ ਆਈ ਸੀ ਅਤੇ ਸੈਂਟਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਦੂਜੀ ਕਿਸ਼ਤ ਦੇ ਪੈਸੇ ਨਾ ਆਉਣ ਕਰ ਕੇ ਇਹ ਇਮਾਰਤ ਅਧੂਰੀ ਪਈ ਹੈ। ਕਰੀਬ 3 ਸਾਲ ਪਹਿਲਾਂ ਹੀ ਇਸ ਖੇਤਰ ਦੇ ਸਭ ਪਿੰਡਾਂ 'ਚ ਸਾਂਝੀਆਂ ਥਾਵਾਂ 'ਤੇ ਰੱਖਣ ਲਈ ਸਰਕਾਰ ਨੇ ਬੈਂਚ ਭੇਜੇ ਸਨ। ਭਾਗਸਰ ਪਿੰਡ ਵਿਚ ਬੈਂਚਾਂ ਵਾਸਤੇ ਪੈਸੇ ਤਾਂ 3 ਲੱਖ ਰੁਪਏ ਆ ਗਏ ਸਨ ਪਰ ਬੈਂਚ ਅੱਜ ਤੱਕ ਨਹੀਂ ਆਏ ਤੇ ਇਹ ਸਰਕਾਰੀ ਪੈਸਾ ਹੜੱਪ ਹੋ ਗਿਆ।
ਪਿੰਡ 'ਚ ਗਰੀਬਾਂ ਦੇ ਘਰਾਂ ਵਿਚ 100 ਬਾਥਰੂਮ ਬਣਾਏ ਗਏ ਸਨ ਪਰ ਜਿਨ੍ਹਾਂ ਗਰੀਬਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਬਾਥਰੂਮ ਬਣਾ ਲਏ ਸਨ, ਉਹ ਢਾਈ ਸਾਲਾਂ ਤੋਂ ਸਰਕਾਰ ਦੇ ਪੈਸਿਆਂ ਨੂੰ ਉਡੀਕ ਰਹੇ ਹਨ। ਪਿੰਡ ਦੀਆਂ ਕੁਝ ਗਲੀਆਂ 'ਚ ਬਿਜਲੀ ਦੀਆਂ ਤਾਰਾਂ ਨੀਵੀਆਂ ਹਨ ਤੇ ਗਲੀਆਂ ਦੇ ਵਿਚਕਾਰ ਲਟਕ ਰਹੀਆਂ ਹਨ। ਇਸ ਵੱਲ ਵੀ ਪਾਵਰਕਾਮ ਮਹਿਕਮੇ ਨੂੰ ਧਿਆਨ ਦੇਣ ਦੀ ਲੋੜ ਹੈ। ਪਿੰਡ ਤੋਂ ਚਿੱਬੜਾਂਵਾਲੀ, ਨੰਦਗੜ੍ਹ, ਕੌੜਿਆਂਵਾਲੀ, ਬੱਲਮਗੜ੍ਹ ਅਤੇ ਬਧਾਈ ਨੂੰ ਜਾਣ ਵਾਲੇ 5 ਰਸਤੇ ਅਜੇ ਤੱਕ ਕੱਚੇ ਪਏ ਹਨ ਤੇ ਲੋਕ ਔਖੇ ਹੋ ਰਹੇ ਹਨ। ਜਲਘਰ ਜਿਸ ਨੂੰ ਸਾਲ ਕੁ ਪਹਿਲਾਂ ਨਵਾਂ ਬਣਾਇਆ ਗਿਆ ਸੀ, ਦੇ ਵਿਚ ਪਾਣੀ ਸਾਫ਼ ਕਰਨ ਲਈ, ਜੋ ਦੋ ਫਿਲਟਰ ਲਾਏ ਗਏ ਹਨ, ਉਹ ਪੂਰੀ ਤਰ੍ਹਾਂ ਪਾਣੀ ਸਾਫ਼ ਨਹੀਂ ਕਰ ਰਹੇ ਤੇ ਪਾਣੀ ਆਮ ਵਰਗਾ ਹੀ ਆ ਰਿਹਾ ਹੈ। ਪਿੰਡ ਦੇ ਜ਼ਿਆਦਾਤਰ ਲੜਕੇ ਅਤੇ ਲੜਕੀਆਂ ਪੜ੍ਹੀਆਂ-ਲਿਖੀਆਂ ਹਨ ਅਤੇ ਕਈ ਤਰ੍ਹਾਂ ਦੇ ਡਿਪਲੋਮੇ ਅਤੇ ਡਿਗਰੀਆਂ ਕੀਤੀਆਂ ਹੋਈਆਂ ਹਨ। ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਰੋਜ਼ਗਾਰ ਦੇਵੇ। ਪਿੰਡ ਦੇ ਇਕ ਹਿੱਸੇ ਦੇ ਕਿਸਾਨਾਂ ਜਿਨ੍ਹਾਂ ਦੀਆਂ ਜ਼ਮੀਨਾਂ ਰਾਮਗੜ੍ਹ ਚੂੰਘਾਂ ਰੋਡ, ਬੱਲਮਗੜ੍ਹ ਵਾਲੇ ਪਾਸੇ ਜਾਂ ਮਦਰੱਸਾ ਆਦਿ ਸੜਕ ਵੱਲ ਹਨ, ਨੂੰ ਨਹਿਰੀ ਪਾਣੀ ਦੀ ਵੱਡੀ ਘਾਟ ਰੜਕ ਰਹੀ ਹੈ। ਹਲਕੇ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਜੋ ਵਿਧਾਨ ਸਭਾ ਦੇ ਡਿਪਟੀ ਸਪੀਕਰ ਹਨ, ਨੂੰ ਤੁਰੰਤ ਆਪਣੇ ਹਲਕੇ ਦੇ ਉਕਤ ਪਿੰਡ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।


Related News