ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਕਰੇਗਾ ਨਗਰ ਨਿਗਮ

08/29/2019 10:39:27 AM

ਜਲੰਧਰ (ਖੁਰਾਣਾ)—12 ਸਤੰਬਰ ਨੂੰ ਲੱਗਣ ਜਾ ਰਹੇ ਸਿੱਧ ਬਾਬਾ ਸੋਢਲ ਮੇਲੇ ਨੂੰ ਇਸ ਵਾਰ ਜਲੰਧਰ ਨਗਰ ਨਿਗਮ ਪਲਾਸਟਿਕ ਫ੍ਰੀ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਸੋਢਲ ਮੇਲੇ ਦੌਰਾਨ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਨਿਰਦੇਸ਼ ਭੇਜੇ ਜਾ ਰਹੇ ਹਨ ਕਿ ਉਹ ਲੰਗਰ ਦੌਰਾਨ ਜਾਂ ਤਾਂ ਸਟੀਲ ਦੇ ਭਾਂਡੇ ਵਰਤਣ ਜਾਂ ਰੀਸਾਈਕਲ ਹੋਣ ਵਾਲੇ ਪੱਤਲਾਂ ਦੀ ਵਰਤੋਂ ਕਰਨ। ਕਿਸੇ ਵੀ ਹਾਲਤ ਵਿਚ ਪਲਾਸਟਿਕ ਤੇ ਡਿਸਪੋਜ਼ੇਬਲ ਵਿਚ ਲੰਗਰ ਵਰਤਾਉਣ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ-ਨਾਲ ਸੋਢਲ ਮੇਲਾ ਇਲਾਕੇ ਵਿਚ ਪੈਂਦੇ ਦੁਕਾਨਦਾਰਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪਣੀਆਂ ਦੁਕਾਨਾਂ ’ਤੇ ਪਲਾਸਟਿਕ ਦੇ ਲਿਫਾਫੇ ਨਾ ਵਰਤਣ।ਇਹ ਜਾਣਕਾਰੀ ਅੱਜ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੇ ਉਪਲਬਧ ਕਰਵਾਈ, ਜਿਨ੍ਹਾਂ ਨੇ ਦੱਸਿਆ ਕਿ ਨਿਗਮ ਕੁਝ ਹੀ ਦਿਨਾਂ ਵਿਚ ਪਲਾਸਟਿਕ ਦੇ ਲਿਫਾਫਿਆਂ ਦੇ ਬਦਲ ਦੇ ਤੌਰ ’ਤੇ ਆਪਣੇ ਪੱਧਰ ’ਤੇ ਲਿਫਾਫੇ ਜਾਰੀ ਕਰੇਗਾ,ਜਿਨ੍ਹਾਂ ਦੀ ਵਰਤੋਂ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਆਪਣੇ ਪੱਧਰ ’ਤੇ ਬਰਤਣ ਭੰਡਾਰ ਬਣਾਉਣ ਦੀ ਵੀ ਸੋਚ ਰਿਹਾ ਹੈ, ਜਿਸ ਲਈ ਰੈੱਡ ਕਰਾਸ ਜਾਂ ਹੋਰ ਸੰਸਥਾਵਾਂ ਦੀ ਮਦਦ ਲੈ ਕੇ ਮੇਲਿਆਂ ਅਤੇ ਲੰਗਰਾਂ ਆਦਿ ਦੌਰਾਨ ਬਰਤਣ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਡਿਸਪੋਜ਼ੇਬਲ ਵਰਤਣ ਦੀ ਨੌਬਤ ਨਾ ਆਵੇ। ਇਸ ਤੋਂ ਇਲਾਵਾ ਮੰਦਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਲੰਗਰ ਸੰਸਥਾਵਾਂ ਨੂੰ ਭਾਂਡੇ ਮੁਹੱਈਆ ਕਰਵਾਉਣ।

PunjabKesari

ਤਹਿਬਾਜ਼ਾਰੀ ਟੀਮ ਕੱਟੇਗੀ ਚਲਾਨ

ਸੋਢਲ ਮੇਲਾ ਤੈਅ ਤਰੀਕ ਤੋਂ 3-4 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਇਸ ਲਈ 8 ਤੋਂ ਲੈ ਕੇ ਮੇਲਾ ਬੀਤਣ ਤੋਂ ਬਾਅਦ ਤੱਕ ਤਹਿਬਾਜ਼ਾਰੀ ਟੀਮਾਂ ਸੋਢਲ ਮੇਲਾ ਇਲਾਕੇ ਵਿਚ ਸਰਗਰਮ ਰਹਿਣਗੀਆਂ ਅਤੇ ਜੋ ਕੋਈ ਵੀ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜ਼ੇਬਲ ਵਰਤੇਗਾ ਉਸਦੇ ਚਲਾਨ ਕੱਟੇ ਜਾਣਗੇ।

ਪਲਾਸਟਿਕ ਲਿਫਾਫਿਆਂ ਨੂੰ ਲੈ ਕੇ ਫਿਰ ਚਲਾਨ ਕੱਟਣੇ ਸ਼ੁਰੂ

ਕਾਫੀ ਸਮਾਂ ਢਿੱਲ ਵਰਤਣ ਤੋਂ ਬਾਅਦ ਨਗਰ ਨਿਗਮ ਨੇ ਹੁਣ ਪਲਾਸਟਿਕ ਦੇ ਲਿਫਾਫੇ ਵਰਤਣ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਤਹਿਬਾਜ਼ਾਰੀ ਵਿਭਾਗ ਦੇ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੇ ਅੱਜ ਉਨ੍ਹਾਂ ਦੁਕਾਨਦਾਰਾਂ ਦੇ ਚਲਾਨ ਕੱਟੇ ਜੋ ਖੁੱਲ੍ਹੇਆਮ ਪਲਾਸਟਿਕ ਦੇ ਲਿਫਾਫਿਆਂ ਵਿਚ ਸਬਜ਼ੀ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਨਿਗਮ ਦੀ ਢਿੱਲ ਕਾਰਣ ਦੁਕਾਨਦਾਰ ਪਲਾਸਟਿਕ ਦੇ ਲਿਫਾਫੇ ਵਰਤਣ ਤੋਂ ਬਾਜ਼ ਨਹੀਂ ਆ ਰਹੇ।

 


Shyna

Content Editor

Related News