ਹਾਦਸਾਗ੍ਰਸਤ ਫੈਕਟਰੀ ਤੋਂ ਉਠਦੇ ਧੂੰਏਂ-ਮਿੱਟੀ ਦੇ ਗੁਬਾਰ ਕਾਰਨ ਵਧਣ ਲੱਗੀ ਸਾਹ ਦੇ ਰੋਗੀਆਂ ਦੀ ਤਕਲੀਫ

Friday, Nov 24, 2017 - 05:10 AM (IST)

ਹਾਦਸਾਗ੍ਰਸਤ ਫੈਕਟਰੀ ਤੋਂ ਉਠਦੇ ਧੂੰਏਂ-ਮਿੱਟੀ ਦੇ ਗੁਬਾਰ ਕਾਰਨ ਵਧਣ ਲੱਗੀ ਸਾਹ ਦੇ ਰੋਗੀਆਂ ਦੀ ਤਕਲੀਫ

ਲੁਧਿਆਣਾ(ਖੁਰਾਣਾ)-ਸੂਫੀਆ ਚੌਕ ਕੋਲ ਅੱਗ ਲੱਗਣ ਤੋਂ ਬਾਅਦ ਮਲਬੇ ਦੇ ਢੇਰ 'ਚ ਤਬਦੀਲ ਹੋਈ ਬਹੁ-ਮੰਜ਼ਿਲਾ ਪਲਾਸਟਿਕ ਫੈਕਟਰੀ ਦੀ ਇਮਾਰਤ 'ਚੋਂ ਪਿਛਲੇ ਕਰੀਬ 4 ਦਿਨਾਂ ਤੋਂ ਲਗਾਤਾਰ ਉਠ ਰਹੇ ਧੂੰਏਂ-ਮਿੱਟੀ ਦੇ ਗੁਬਾਰ ਕਾਰਨ ਜਿਥੇ ਲੋਕਾਂ ਨੂੰ ਖਾਂਸੀ, ਗਲੇ 'ਚ ਖਾਰਸ਼ ਅਤੇ ਸਾਹ ਦੀ ਤਕਲੀਫ ਪੇਸ਼ ਆਉਣ ਲੱਗੀ ਹੈ, ਉਥੇ ਸਾਹ ਦੇ ਰੋਗ ਨਾਲ ਜੂਝ ਰਹੇ ਮਰੀਜ਼ਾਂ ਦੀ ਤਕਲੀਫ ਹੋਰ ਵਧ ਗਈ ਹੈ। ਇਸ ਸਬੰਧੀ ਦੌਰਾ ਕਰਨ ਦੌਰਾਨ 'ਜਗ ਬਾਣੀ' ਦੀ ਟੀਮ ਨੂੰ ਮੁਸ਼ਤਾਕਗੰਜ ਮਕਾਨ ਨੰ. 2201 ਦੇ ਰਹਿਣ ਵਾਲੇ ਬਜ਼ੁਰਗ ਨਛੱਤਰ ਸਿੰਘ ਤੇ ਹਰਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਸਾਲਾਂ ਤੋਂ ਸਾਹ ਦੇ ਰੋਗ ਤੋਂ ਪੀੜਤ ਹਨ ਪਰ ਹੁਣ ਘਰ ਦੀ ਕੰਧ ਨਾਲ ਲਗਦੀ ਫੈਕਟਰੀ 'ਚ ਹੋਏ ਧਮਾਕੇ ਕਾਰਨ ਉਠ ਰਹੇ ਜ਼ਹਿਰੀਲੇ ਧੂੰਏਂ ਅਤੇ ਮਿੱਟੀ ਦੇ ਗੁਬਾਰ ਕਾਰਨ ਉਨ੍ਹਾਂ ਦੀ ਤਕਲੀਫ ਹੋਰ ਵਧ ਗਈ ਹੈ। ਕੁੱਝ ਅਜਿਹੀ ਹੀ ਤਕਲੀਫ ਦੇ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ 6 ਸਾਲਾ ਅੰਗਦ ਸਿੰਘ ਨੂੰ ਜੋ ਕਿ ਅੱਖਾਂ ਦੀ ਬੀਮਾਰੀ ਤੋਂ ਪੀੜਤ ਹੈ ਅਤੇ ਕੈਮੀਕਲ ਅਤੇ ਪਲਾਸਟਿਕ ਬੈਗਾਂ ਵਿਚ ਲੱਗੀ ਅੱਗ ਕਾਰਨ ਫੈਲੇ ਧੂੰਏਂ ਅਤੇ ਮਿੱਟੀ ਨੇ ਉਸ ਦੀਆਂ ਅੱਖਾਂ ਦੀ ਜਲਣ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਉਸ ਦੀਆਂ ਅੱਖਾਂ ਲਾਲ ਹੋਈਆਂ ਪਈਆਂ ਹਨ। ਉਸ ਦੇ ਭਰਾ ਨੇ ਦੱਸਿਆ ਕਿ ਪੀੜਤ ਅੰਗਦ ਦੀਆਂ ਅੱਖਾਂ ਦਾ ਇਲਾਜ ਸਿਵਲ ਹਸਪਤਾਲ ਦੇ ਡਾਕਟਰਾਂ ਤੋਂ ਕਰਵਾਇਆ ਜਾ ਰਿਹਾ ਹੈ।
ਸੱਟ ਲੱਗਣ 'ਤੇ ਮੱਲ੍ਹਮ ਪੱਟੀ ਤੇ ਦਵਾਈਆਂ ਦਾ ਨਹੀਂ ਇੰਤਜ਼ਾਮ
ਧਿਆਨਦੇਣਯੋਗ ਹੈ ਕਿ ਘਟਨਾ ਵਾਲੀ ਥਾਂ 'ਤੇ ਪਿਛਲੇ ਕਈ ਦਿਨਾਂ ਤੋਂ ਬਚਾਅ ਕਾਰਜ ਨਿਗਮ ਅਧਿਕਾਰੀਆਂ, ਸਥਾਨਕ ਪ੍ਰਸ਼ਾਸਨ, ਇਲਾਕਾ ਨਿਵਾਸੀਆਂ, ਸਮਾਜਸੇਵੀ ਸੰਸਥਾਵਾਂ ਅਤੇ ਐੱਨ. ਡੀ. ਆਰ. ਐੱਫ. ਆਦਿ ਦੀਆਂ ਟੀਮਾਂ ਵੱਲੋਂ ਕੀਤੇ ਜਾ ਰਹੇ ਹਨ ਤੇ ਜੇ. ਸੀ. ਬੀ. ਮਸ਼ੀਨਾਂ ਤੋਂ ਇਲਾਵਾ ਗੈਸਕਟਰ ਮਸ਼ੀਨਾਂ ਆਦਿ ਵਰਤੀਆਂ ਜਾ ਰਹੀਆਂ ਹਨ ਪਰ ਅਜਿਹੇ ਵਿਚ ਕਿਸੇ ਬਚਾਅ ਕਰਮਚਾਰੀ ਦੇ ਸੱਟਾਂ ਲੱਗਣ 'ਤੇ ਉਸ ਦੇ ਲਈ ਮੱਲ੍ਹਮ ਪੱਟੀ ਅਤੇ ਦਵਾਈਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਸਿਵਲ ਸਰਜਨ
ਇਸ ਸਬੰਧੀ ਗੱਲ ਕਰਨ 'ਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਨੇ ਕਿਹਾ ਕਿ ਪੀੜਤਾਂ ਦੀ ਮਦਦ ਲਈ ਐਂਬੂਲੈਂਸ ਗੱਡੀਆਂ ਮੌਕੇ 'ਤੇ ਭੇਜੀਆਂ ਜਾ ਰਹੀਆਂ ਹਨ, ਜਿਸ ਵਿਚ ਸਿਵਲ ਡ੍ਰੈੱਸ ਵਿਚ ਡਾਕਟਰ ਪੀੜਤਾਂ ਦੀ ਮਦਦ ਲਈ ਮੌਜੂਦ ਰਹਿੰਦੇ ਹਨ। ਨਾਲ ਹੀ ਜਦੋਂ ਸਿਵਲ ਸਰਜਨ ਤੋਂ ਪੁੱਛਿਆ ਗਿਆ ਕਿ ਜੇਕਰ ਮੌਕੇ 'ਤੇ ਮੈਡੀਕਲ ਕੈਂਪ ਲਾ ਕੇ ਡਾਕਟਰਾਂ ਦੀ ਟੀਮ ਨੂੰ ਬਿਠਾਈਏ ਤਾਂ ਜ਼ਖਮੀ ਆਸਾਨੀ ਨਾਲ ਡਾਕਟਰਾਂ ਤੱਕ ਪਹੁੰਚ ਸਕਦੇ ਹਨ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਕੱਲ ਸਵੇਰ ਤੋਂ ਮੌਕੇ 'ਤੇ ਪੀੜਤਾਂ ਦੀ ਹਰ ਸੰਭਵ ਮਦਦ ਹਿੱਤ ਮੈਡੀਕਲ ਕੈਂਪ ਲਾਉਣਗੇ।
ਡੀ. ਸੀ. ਨੇ ਜਾਰੀ ਕੀਤੇ ਨਿਰਦੇਸ਼
ਜਦੋਂ ਇਸ ਮੁੱਦੇ ਸਬੰਧੀ ਡੀ. ਸੀ. ਪ੍ਰਦੀਪ ਅਗਰਵਾਲ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਕੇਸ ਸਬੰਧੀ ਸਿਵਲ ਸਰਜਨ ਨਾਲ ਫੋਨ 'ਤੇ ਗੱਲ ਕਰਦੇ ਹੋਏ ਮੌਕੇ 'ਤੇ ਡਾਕਟਰੀ ਟੀਮਾਂ ਨੂੰ ਮੈਡੀਕਲ ਕੈਂਪ ਲਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ।


Related News