15 ਮਈ ਤੋਂ ਗੁਰੂ ਦੀ ਨਗਰੀ ਵਿਚ ਪਲਾਸਟਿਕ ਲਿਫਾਫੇ ਹੋਣਗੇ ਬੰਦ

Tuesday, Apr 17, 2018 - 03:23 AM (IST)

ਅੰਮ੍ਰਿਤਸਰ,   (ਨੀਰਜ)-  ਪੰਜਾਬ ਸਰਕਾਰ ਵੱਲੋਂ  2016 ਵਿਚ ਪਲਾਸਟਿਕ ਦੇ ਲਿਫਾਫੇ ਬਣਾਉਣ, ਵਿਕਰੀ ਕਰਨ ਅਤੇ ਇਸ ਦੀ ਵਰਤੋਂ 'ਤੇ ਬੈਨ ਕੀਤੇ ਜਾਣ ਦੇ ਬਾਵਜੂਦ ਪਲਾਸਟਿਕ ਲਿਫਾਫਿਆਂ ਦੀ ਵਿਕਰੀ ਸ਼ਰੇਆਮ ਜਾਰੀ ਸੀ ਜਿਸ ਖਿਲਾਫ ਜ਼ਿਲਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਣ ਦਾ ਫੈਸਲਾ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਅੱਜ ਏ. ਡੀ. ਸੀ. (ਜ) ਸੁਭਾਸ਼ ਚੰਦਰ ਅਤੇ ਐੱਸ. ਈ. ਪ੍ਰਦੂਸ਼ਣ ਕੰਟਰੋਲ ਬੋਰਡ ਹਰਬੀਰ ਸਿੰਘ ਨੇ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲਿਆਂ ਅਤੇ ਇਸ ਦੀ ਵਿਕਰੀ ਕਰਨ ਵਾਲੇ ਵਪਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਦੱਸ ਦਿੱਤਾ ਹੈ ਕਿ 15 ਮਈ ਤੋਂ ਗੁਰੂ ਦੀ ਨਗਰੀ ਵਿਚ ਪਲਾਸਟਿਕ ਲਿਫਾਫੇ ਬਣਾਉਣ, ਵਿਕਰੀ ਕਰਨ ਅਤੇ ਇਸ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਜਾ ਰਹੀ ਹੈ। ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਏ. ਡੀ. ਸੀ. ਨੇ ਦੱਸਿਆ ਕਿ 15 ਮਈ ਦੇ ਬਾਅਦ ਕੋਈ ਵੀ ਵਪਾਰੀ ਪਲਾਸਟਿਕ ਲਿਫਾਫਿਆਂ ਦੀ ਨਾ ਤਾਂ ਉਸਾਰੀ ਕਰ ਸਕੇਗਾ ਅਤੇ ਨਾ ਹੀ ਇਨ੍ਹਾਂ ਦੀ ਵਿਕਰੀ ਕਰ ਸਕੇਗਾ ਜੋ ਵਿਅਕਤੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰੇਗਾ ਉਸ ਖਿਲਾਫ ਵੀ ਉਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸ. ਈ. ਹਰਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਵਾਤਾਵਰਣ ਦੀ ਹਿਫਾਜ਼ਤ ਨੂੰ ਵੇਖਦੇ ਹੋਏ ਚਾਰ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ ਜੋ ਆਲੂ, ਮੱਕੀ ਅਤੇ ਸਟਾਰਚ ਦੇ ਕੈਰੀਬੈਗ ਬਣਾਏਗੀ ਇਹ ਕੈਰੀਬੈਗ ਤਿੰਨ ਮਹੀਨਿਆਂ ਦੇ ਅੰਦਰ ਆਪਣੇ-ਆਪ ਹੀ ਨਸ਼ਟ ਹੋ ਜਾਂਦਾ ਹੈ। ਇਸ  ਲਈ ਕੱਚਾ ਮਾਲ ਵੀ ਪੰਜਾਬ ਵਿਚ ਹੀ ਤਿਆਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਦੋ ਤਿੰਨ ਮਹੀਨਿਆਂ ਵਿਚ ਗੋਰਾਇਆ ਵਿਚ ਕੰਪੋਸਟੇਬਲ ਪਲਾਸਟਿਕ ਲਿਫਾਫੇ ਬਣਾਉਣ ਦਾ ਪਲਾਂਟ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ 1 ਅਪ੍ਰੈਲ ਤੋਂ ਪ੍ਰਦੂਸ਼ਣ ਫ੍ਰੀ ਕੈਰੀਬੈਗਜ਼ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਨੂੰ ਸੰਗਤ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। 


Related News