ਪਹਿਲਾਂ ਤਾਣੀ ਪਿਸਤੌਲ, ਫਿਰ ਮਾਰੇ ਦਾਤਰ, ਲੁੱਟ ਕੇ ਲੈ ਗਏ ਹਜ਼ਾਰਾਂ ਦੀ ਨਕਦੀ (ਵੀਡੀਓ)

Thursday, Jun 09, 2022 - 02:45 AM (IST)

ਫਗਵਾੜਾ (ਸੁਨੀਲ ਮਹਾਜਨ, ਮੁਨੀਸ਼ ਬਾਵਾ) : ਪੰਜਾਬ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ, ਜੋ ਬਿਨਾਂ ਪੁਲਸ ਦੇ ਡਰ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣੇ ਇਰਾਦੇ ਹੋਰ ਵੀ ਮਜ਼ਬੂਤ ਕਰ ਰਹੇ ਹਨ। ਅਜਿਹਾ ਦਾ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਨੇੜੇ ਪਿੰਡ ਰਿਹਾਣਾ ਜੱਟਾਂ ਵਿਖੇ, ਜਿੱਥੇ ਦਿਨ-ਦਿਹਾੜੇ ਕਾਰ ਸਵਾਰ ਲੁਟੇਰੇ ਗੰਨ ਪੁਆਇੰਟ 'ਤੇ ਇਕ ਮਨੀ ਚੇਂਜਰ ਕੋਲੋਂ 2 ਲੱਖ ਤੋਂ ਵੱਧ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮਜੀਠੀਆ ਨੂੰ ਜੇਲ੍ਹ 'ਚ ਜਾਨੋਂ ਮਾਰਨ ਦਾ ਖਦਸ਼ਾ; ਅਕਾਲੀ ਦਲ ਨੇ ਰਾਜਪਾਲ ਕੋਲ ਪ੍ਰਗਟਾਇਆ ਖਦਸ਼ਾ

ਇਸ ਸਬੰਧੀ ਗੱਲਬਾਤ ਕਰਦਿਆਂ ਜੀ.ਕੇ. ਇੰਟਰਨੈਸ਼ਨਲ ਵੈਸਟਰਨ ਯੂਨੀਅਨ ਨਾਂ ਦੀ ਮਨੀ ਚੇਂਜਰ ਦੁਕਾਨ ਦੇ ਮਾਲਕ ਯਸ਼ਪਾਲ ਪੁੱਤਰ ਸੱਤਿਆ ਪ੍ਰਕਾਸ਼ ਵਾਸੀ ਕੋੜਿਆਂ ਮੁਹੱਲਾ ਫਗਵਾੜਾ ਨੇ ਦੱਸਿਆ ਕਿ ਰਿਹਾਣਾ ਜੱਟਾਂ ਵਿਖੇ ਉਸ ਦੀ ਮਨੀ ਚੇਂਜਰ ਦੀ ਦੁਕਾਨ ਹੈ ਤੇ ਬੁੱਧਵਾਰ ਨੂੰ ਜਦੋਂ ਉਹ ਆਪਣੀ ਦੁਕਾਨ 'ਤੇ ਮੌਜੂਦ ਸੀ ਤਾਂ 2 ਵਜੇ ਦੇ ਕਰੀਬ ਉਨ੍ਹਾਂ ਦੀ ਦੁਕਾਨ 'ਤੇ ਸਵਿਫਟ ਕਾਰ 'ਚ ਸਵਾਰ ਇਕ ਵਿਅਕਤੀ ਆਇਆ ਤਾਂ ਉਸ ਨੇ ਪੈਸੇ ਟਰਾਂਸਫਰ ਕਰਨ ਦੀ ਗੱਲ ਆਖੀ, ਜਿਸ ਤੋਂ ਬਾਅਦ ਉਹ ਦੁਕਾਨ ਤੋਂ ਬਾਹਰ ਚਲਾ ਗਿਆ। ਬਾਅਦ ਵਿੱਚ ਉਹੀ ਵਿਅਕਤੀ ਆਪਣੇ 2 ਹੋਰ ਸਾਥੀਆਂ ਨਾਲ ਦੁਕਾਨ 'ਤੇ ਆਇਆ ਤੇ ਪਿਸਤੌਲ ਦੀ ਨੋਕ 'ਤੇ 2 ਤੋਂ 3 ਲੱਖ ਦੀ ਨਕਦੀ ਤੇ ਲੈਪਟਾਪ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਲੁੱਟ ਤੋਂ ਪਹਿਲਾਂ ਉਨ੍ਹਾਂ ਨੇ ਉਸ ਦੇ ਪੁੱਠਾ ਦਾਤ ਵੀ ਮਾਰਿਆ, ਜੋ ਕਿ ਬਾਅਦ ਵਿੱਚ ਉਥੇ ਹੀ ਛੱਡ ਗਏ। ਪੀੜਤ ਯਸ਼ਪਾਲ ਮੁਤਾਬਕ ਉਕਤ ਵਾਰਦਾਤ ਤੋਂ ਬਾਅਦ ਉਨ੍ਹਾਂ ਸਬੰਧਿਤ ਥਾਣੇ ਦੀ ਪੁਲਸ ਨੂੰ ਸੂਚਿਤ ਕੀਤਾ ਪਰ ਪੁਲਸ ਵੀ ਕਾਫੀ ਦੇਰੀ ਨਾਲ ਪਹੁੰਚੀ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਉਧਰ ਮੌਕੇ 'ਤੇ ਮੌਜੂਦ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ, ਜਿਸ ਦੀ ਮਿਸਾਲ ਦਿਨ-ਦਿਹਾੜੇ ਇਸ ਦੁਕਾਨ 'ਤੇ ਹੋਈ ਲੁੱਟ ਦੀ ਵਾਰਦਾਤ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ ਸੀ ਪਰ ਕਿਸੇ ਵੀ ਪੁਲਸ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਫਗਵਾੜਾ ਏ.ਆਰ. ਸ਼ਰਮਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਡੀ.ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਚਿੱਟੇ ਰੰਗ ਦੀ ਸਵਿਫਟ ਕਾਰ 'ਚ ਸਵਾਰ 3 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ। ਇਸ ਦੌਰਾਨ ਲੁਟੇਰੇ ਦੁਕਾਨ 'ਚੋਂ 2 ਤੋਂ ਢਾਈ ਲੱਖ ਦੀ ਨਕਦੀ ਤੇ ਇਕ ਲੈਪਟਾਪ ਲੈ ਗਏ। ਉਨ੍ਹਾਂ ਦੱਸਿਆ ਕਿ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਵਿੱਚ ਉਕਤ ਸਵਿਫਟ ਕਾਰ ਦੀ ਤਸਵੀਰ ਵੀ ਆਈ ਹੈ, ਜਿਸ ਦੇ ਆਧਾਰ 'ਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਵਾਰਦਾਤ ਨੂੰ ਹੱਲ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News