ਜਲੰਧਰ ਦਾ ਇਹ ਪਿੰਡ ਬਣਿਆ ਚਿੱਟੇ ਦਾ ਗੜ੍ਹ, ਸਮੱਗਲਰ ਨੇ ਉਜਾੜ ਦਿੱਤੇ ਕਈ ਘਰ
Saturday, Feb 15, 2020 - 06:31 PM (IST)
ਜਲੰਧਰ (ਕਮਲੇਸ਼)— ਪੰਜਾਬ 'ਚ ਚਿੱਟੇ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਨਸ਼ਾ ਸਮੱਗਲਰ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਪਾ ਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਪਿੰਡ ਸਫੀਪੁਰ ਦਾ ਇਕ ਵੱਡਾ ਨਸ਼ਾ ਸਮੱਗਲਰ ਲਾਂਬੜਾ ਥਾਣਾ ਅਧੀਨ ਆਉਂਦੇ ਕਈ ਪਿੰਡਾਂ 'ਚ ਚਿੱਟੇ ਦੀ ਸਮੱਗਲਿੰਗ ਕਰਦਾ ਹੈ। ਉਕਤ ਸਮੱਗਲਰ ਹੁਣ ਤਕ ਕਈ ਘਰਾਂ ਨੂੰ ਉਜਾੜ ਚੁੱਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਿੰਡ ਸਫੀਪੁਰ ਦਾ ਇਕ ਨੌਜਵਾਨ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ 1 ਸਾਲ 'ਚ ਕਰੀਬ 10 ਲੱਖ ਦਾ ਚਿੱਟਾ ਪੀ ਚੁੱਕਾ ਹੈ। ਉਕਤ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ 'ਚ ਵੀ ਕਈ ਵਾਰ ਇਲਾਜ ਕਰਵਾਉਣ ਲਈ ਦਾਖਲ ਹੋ ਚੁੱਕਾ ਹੈ ਪਰ ਹਰ ਵਾਰ ਨੌਜਵਾਨ ਦੇ ਨਸ਼ਾ ਛੁਡਾਊ ਕੇਂਦਰ 'ਚੋਂ ਨਿਕਲਦੇ ਹੀ ਨਸ਼ਾ ਸਮੱਗਲਰ ਫਿਰ ਤੋਂ ਉਸ ਨੂੰ ਚਿੱਟਾ ਪੀਣ 'ਤੇ ਲਾ ਦਿੰਦੇ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਸਿਰਫ ਇਕ ਹੀ ਨੌਜਵਾਨ ਦੀ ਕਹਾਣੀ ਨਹੀਂ ਹੈ ਸਗੋਂ ਉਕਤ ਸਮੱਗਲਰ ਨੇ ਆਸ-ਪਾਸ ਦੇ ਕਈ ਪਿੰਡਾਂ 'ਚ ਆਪਣਾ ਨੈਟਵਰਕ ਫੈਲਾਇਆ ਹੈ।
ਜ਼ਿਕਯੋਗ ਹੈ ਕਿ ਨਸ਼ੇ ਦੀ ਰੋਕਥਾਮ ਲਈ ਪੁਲਸ ਨੇ ਡੇਪੋ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ 'ਚ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਦੱਸਿਆ ਜਾ ਰਿਹਾ ਸੀ ਇਹ ਹੀ ਨਹੀਂ ਰੂਰਲ ਪੁਲਸ ਨੇ ਤਾਂ ਨਸ਼ਾ ਸਮੱਗਲਰਾਂ ਦੀ ਸੂਚਨਾ ਲਈ ਇਕ ਫੋਨ ਨੰਬਰ ਵੀ ਜਾਰੀ ਕੀਤਾ ਹੈ ਪਰ ਇਸ ਦੇ ਬਾਵਜੂਦ ਵੀ ਚਿੱਟੇ ਦੀ ਵਿਕਰੀ 'ਤੇ ਕੋਈ ਖਾਸ ਅਸਰ ਨਹੀਂ ਪਿਆ। ਸੂਤਰਾਂ ਦੀ ਮੰਨੀਏ ਤਾਂ ਉਕਤ ਨਸ਼ਾ ਸਮੱਗਲਰ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਪਰ ਪੁਲਸ ਅਜੇ ਤਕ ਉਸ ਸਮੱਗਲਰ ਨੂੰ ਫੜ ਨਹੀਂ ਸਕੀ ਹੈ। ਹਾਲਾਤ ਇਹ ਹਨ ਕਿ ਸਮੱਗਲਰ ਡੰਕੇ ਦੇ ਜ਼ੋਰ 'ਤੇ ਹੁਣ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਅਤੇ ਇਲਾਕੇ 'ਚ ਹਰ ਕਿਸੇ ਨੂੰ ਕਹਿੰਦਾ ਹੈ ਕਿ ਪੁਲਸ ਹੁਣ ਉਸ ਦਾ ਕੁਝ ਨਹੀਂ ਵਿਗਾੜ ਸਕਦੀ।
ਇਲਾਕੇ ਦੇ ਹੀ ਇਕ ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਕਤ ਨਸ਼ਾ ਸਮੱਗਲਰ ਰਾਜਨੀਤੀ 'ਚ ਚੰਗੀ ਪਛਾਣ ਹੋਣ ਕਾਰਨ ਹਰ ਵਾਰ ਬਚ ਜਾਂਦੇ ਹਨ। ਉਸ ਨੇ ਕਿਹਾ ਕਿ ਜੇਕਰ ਇਕ ਨੌਜਵਾਨ ਇਕ ਸਾਲ 'ਚ 10 ਲੱਖ ਦਾ ਚਿੱਟਾ ਪੀ ਚੁੱਕਾ ਹੈ ਤਾਂ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਇਲਾਕੇ 'ਚ ਨਸ਼ਾ ਕਿਸ ਤਰ੍ਹਾਂ ਹਾਵੀ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਆਸ ਸੀ ਕਿ ਉਹ ਸੱਤਾ 'ਚ ਆ ਕੇ ਨਸ਼ੇ ਦਾ ਖਾਤਮਾ ਕਰੇਗੀ ਪਰ ਮੌਜੂਦਾ ਸਮੇਂ 'ਚ ਵੀ ਚਿੱਟਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਚਿੱਟੇ ਦੀ ਆਦਤ ਦਾ ਸ਼ਿਕਾਰ ਹੋਏ ਨੌਜਵਾਨ ਇਸ ਨੂੰ ਪੀਣ ਲਈ ਕਿਸੇ ਵੀ ਹੱਦ ਤਕ ਜਾਂਦੇ ਹਨ। ਲੁੱਟ ਦੀਆਂ ਵਾਰਦਾਤਾਂ ਦਾ ਕਾਰਨ ਵੀ ਚਿੱਟਾ ਹੀ ਹੈ।
ਪਿੰਡਾਂ 'ਚ ਚਿੱਟੇ ਦੀ ਵਧਦੀ ਆਦਤ ਵੀ ਇਕ ਕਾਰਨ ਹੈ ਕਿ ਪਰਿਵਾਰ ਇਹ ਸੋਚਦਾ ਹੈ ਕਿ ਉਨ੍ਹਾਂਦੇ ਬੱਚੇ ਵਿਦੇਸ਼ਾਂ 'ਚ ਜਾ ਕੇ ਸੈੱਟ ਹੋ ਜਾਣ ਤਾਂ ਕਿ ਚਿੱਟੇ ਦੀ ਆਦਤ ਤੋਂ ਬਚੇ ਰਹਿਣ। ਵਿਦੇਸ਼ਾਂ 'ਚ ਪੰਜਾਬ ਦੇ ਲੋਕਾਂ ਦੇ ਵਧਦੇ ਰੁਝਾਨ ਪਿੱਛੇ ਪੰਜਾਬ 'ਚ ਵਧਦਾ ਨਸ਼ਾ ਹੀ ਹੈ। ਸਰਕਾਰ ਅਤੇ ਪੁਲਸ ਨੂੰ ਮਿਲ ਕੇ ਅਜਿਹੇ ਮਾਮਲਿਆਂ 'ਚ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ।