ਇਤਿਹਾਸਕ ਮਹੱਤਤਾ ਨੂੰ ਢਾਅ ਲਾ ਰਹੇ ਗੰਦਗੀ ਦੇ ਢੇਰ
Wednesday, Jan 03, 2018 - 07:59 AM (IST)
ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)- ਸਿੱਖ ਕੌਮ 'ਚ ਵਿਸ਼ੇਸ਼ ਸਥਾਨ ਰੱਖਦੇ ਕਸਬਾ ਝਬਾਲ ਸਥਿਤ ਗੁਰਦੁਆਰਾ ਮਾਤਾ ਭਾਗੋ ਜੀ ਅਤੇ ਬੀਬੀ ਵੀਰੋ ਜੀ ਦੇ ਮੁੱਖ ਮਾਰਗ ਦੇ ਕਿਨਾਰਿਆਂ 'ਤੇ ਲੋਕਾਂ ਵੱਲੋਂ ਕੂੜਾ ਸੁੱਟਣ ਨਾਲ ਜਿਥੇ ਇਤਿਹਾਸਕ ਮਹੱਤਤਾ ਨੂੰ ਵੱਡੀ ਢਾਅ ਲੱਗ ਰਹੀ ਹੈ, ਉਥੇ ਹੀ ਗੁਰਦੁਆਰਿਆਂ 'ਚ ਨਤਮਸਤਕ ਹੋਣ ਲਈ ਬਾਹਰੀ ਖੇਤਰ ਤੋਂ ਆਉਂਦੀਆਂ ਸੰਗਤਾਂ ਦੇ ਹਿਰਦਿਆਂ ਨੂੰ ਵੀ ਭਾਰੀ ਠੇਸ ਪਹੁੰਚ ਰਹੀ ਹੈ। ਦੱਸਣਾ ਬਣਦਾ ਹੈ ਕਿ ਸਿੱਖ ਕੌਮ 'ਚ ਟੁੱਟੀ ਗੰਢਣ ਲਈ ਪ੍ਰੇਰਣਾ ਸਰੋਤ ਬਣੀ ਮਾਤਾ ਭਾਗੋ ਜੀ ਅਤੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ (ਦੋਵਾਂ ਦੇ) ਇਸ ਸਥਾਨ 'ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਹ ਗੁਰਦੁਆਰੇ ਜਿੱਥੇ ਇਤਿਹਾਸਕ ਪੱਖ ਤੋਂ ਸਿੱਖ ਕੌਮ 'ਚ ਅਹਿਮ ਸਥਾਨ ਰੱਖਦੇ ਹਨ, ਉਥੇ ਹੀ ਕਸਬਾ ਝਬਾਲ ਦਾ ਨਾਂ ਵੀ ਇਨ੍ਹਾਂ ਅਸਥਾਨਾਂ ਕਾਰਨ ਪੂਰੀ ਦੁਨੀਆ 'ਚ ਇਸ ਕਰ ਕੇ ਸਮਾਜਿਕ, ਧਾਰਮਿਕ ਤੇ ਸਿਆਸੀ ਪੱਖ ਤੋਂ ਵਿਲੱਖਣਤਾ ਦਾ ਪ੍ਰਮਾਣ ਪੇਸ਼ ਕਰਦਾ ਹੈ ਕਿਉਂਕਿ ਇਸ ਕਸਬੇ ਦੇ ਜੰਮਪਲ ਭਾਈ ਬਘੇਲ ਸਿੰਘ ਨੇ ਦਿੱਲੀ ਫ਼ਤਿਹ ਕਰ ਕੇ ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਇਆ ਸੀ। ਸ. ਸਰਮੁੱਖ ਸਿੰਘ ਜੋ ਕੇ ਇਸ ਕਸਬੇ ਦੇ ਜੰਮਪਲ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਰਹੇ ਸਨ। ਇਸੇ ਹੀ ਕਸਬੇ ਦੇ ਜੰਮਪਲ ਕਰਮ ਸਿੰਘ ਹਿਸਟੋਰੀਅਨ ਹੋਏ ਹਨ। ਇਸ ਤੋਂ ਇਲਾਵਾ ਇਸ ਕਸਬੇ ਦੇ ਵਾਸੀ ਸਾਬਕਾ ਐੱਮ. ਐੱਲ. ਏ. ਮਰਹੂਮ ਕਾਮਰੇਡ ਦਰਸ਼ਨ ਸਿੰਘ ਦੀ ਵੀ ਕਸਬੇ ਨੂੰ ਵੱਡੀ ਦੇਣ ਹੈ। ਸਭ ਤੋਂ ਦਿਲਚਪਸ ਪਹਿਲੂ ਇਹ ਹੈ ਕਿ ਉਕਤ ਦੋ ਗੁਰਦੁਆਰੇ ਸਾਹਿਬ ਨੂੰ ਜੋ ਮਾਰਗ ਜਾਂਦਾ ਹੈ, ਉਸੇ ਮਾਰਗ 'ਤੇ ਕਾਮਰੇਡ ਦਰਸ਼ਨ ਸਿੰਘ ਦਾ ਯਾਦਗਰੀ ਗੇਟ, ਸ. ਸਰਮੁੱਖ ਸਿੰਘ ਝਬਾਲ ਦੇ ਨਾਂ 'ਤੇ ਬਣਿਆਂ ਖੇਡ ਸਟੇਡੀਅਮ ਤੇ ਕਰਮ ਸਿੰਘ ਹਿਸੋਟਰੀਅਨ ਦੇ ਨਾਂ 'ਤੇ ਬਣੀ ਲਾਇਬ੍ਰੇਰੀ ਵੀ ਸਥਿਤ ਹੈ।
ਕਈ ਵਾਰ ਕਰਵਾਈ ਗਈ ਸਫ਼ਾਈ ਪਰ ਨਹੀਂ ਹਟਦੇ ਲੋਕ : ਸਰਪੰਚ
ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਨੇ ਉਕਤ ਸੜਕ ਦੇ ਕਿਨਾਰੇ ਗੰਦਗ਼ੀ ਫੈਲਾਉਣ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਗੰਦਗੀ ਦੀ ਸਫਾਈ ਕਰਵਾਈ ਗਈ ਹੈ ਪਰ ਲੋਕ ਨਹੀਂ ਹਟਦੇ ਅਤੇ ਮੁੜ ਗੰਦਗੀ ਸੜਕ ਕਿਨਾਰੇ ਸੁੱਟ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਿਆਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਸੜਕ ਦੀਆਂ ਸਾਈਡਾਂ 'ਤੇ ਲਾਈਟਾਂ ਵੀ ਲਵਾਈਆਂ ਗਈਆਂ ਸਨ ਪਰ ਉਹ ਵੀ ਚੋਰੀ ਹੋ ਗਈਆਂ ਹਨ। ਸੜਕ ਦੀ ਇਕ ਸਾਈਡ 'ਤੇ ਬਾਊਂਡਰੀ ਵਾਲ ਕਰਵਾ ਕੇ ਲੱਖਾਂ ਰੁਪਏ ਦੇ ਸਜਾਵਟੀ ਬੂਟੇ ਵੀ ਲਾਏ ਗਏ ਹਨ ਪਰ ਲੋਕਾਂ ਵੱਲੋਂ ਸਹਿਯੋਗ ਨਾ ਦੇਣ ਕਰ ਕੇ ਇਤਿਹਾਸਕ ਮਹੱਤਤਾ ਨੂੰ ਭਾਰੀ ਸੱਟ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਵੱਲੋਂ ਸੜਕ ਦੀਆਂ ਦੋਹਾਂ ਸਾਈਡਾਂ ਨੂੰ ਸਾਫ ਕਰਵਾ ਕੇ ਫੁੱਲ ਬੂਟੇ ਲਾਏ ਜਾਣਗੇ ਅਤੇ ਮੁੜ ਲਾਈਟਾਂ ਲਾ ਕੇ ਗੁਰਦੁਆਰਿਆਂ ਦੀ ਮਹੱਤਤਾ ਬਹਾਲ ਰੱਖਣ ਲਈ ਉਪਰਾਲੇ ਆਰੰਭੇ ਜਾਣਗੇ।
