ਕਬੂਤਰ ਬੈਠਣ ਨਾਲ ਹਾਈ ਪਾਵਰ ਵਾਇਰ ''ਚ ਹੋਇਆ ਬਲਾਸਟ
Monday, Nov 13, 2017 - 11:22 AM (IST)
ਲੁਧਿਆਣਾ (ਸਹਿਗਲ) : ਸ਼ੇਰਪੁਰ ਪੁਲ ਦੇ ਹੇਠ ਰੇਲਵੇ ਦੀ ਹਾਈ ਪਾਵਰ ਇਲੈਕਟ੍ਰਿਕ ਵਾਇਰ ਵਿਚ ਉਸ ਸਮੇਂ ਬਲਾਸਟ ਹੋ ਗਿਆ, ਜਦੋਂ ਪੁਲ 'ਤੇ ਬੈਠੇ ਕਬੂਤਰਾਂ ਦਾ ਜੋੜਾ ਆਪਣੇ ਪਿਆਰ ਵਿਚ ਮਸ਼ਰੂਫ ਸੀ। ਪਿਆਰ ਦੇ ਅੰਤਿਮ ਦੌਰ ਵਿਚ ਵਾਇਰ 'ਤੇ ਬੈਠੇ ਕਬੂਤਰ ਦੇ ਖੰਭ ਪੁਲ ਦੇ ਥੱਲੇ ਲੱਗੇ ਲੋਹੇ ਦੇ ਗਾਰਡਰ ਨਾਲ ਟਕਰਾਅ ਗਏ। ਇਲੈਕਟਰਿਕ ਵਾਇਰ ਵਿਚ ਚੱਲ ਰਹੀ 25 ਹਜ਼ਾਰ ਵਾਟ ਦੀ ਬਿਜਲੀ ਦਾ ਅਰਥ ਹੋਣ ਨਾਲ ਬਲਾਸਟ ਹੋ ਗਿਆ ਅਤੇ ਤਾਰ ਟੁੱਟ ਕੇ ਅੱਪ ਲਾਈਨ 'ਤੇ ਡਿੱਗਣ ਨਾਲ ਰੇਲ ਗੱਡੀਆਂ ਦੀ ਆਵਾਜਾਈ ਰੁਕ ਗਈ। ਜਾਣਕਾਰੀ ਮਿਲਦੇ ਹੀ ਓ. ਐੱਚ. ਈ. ਵਿਭਾਗ ਦੀ ਟੀਮ ਮੌਕੇ 'ਤੇ ਪੁੱਜੀ। ਟੁੱਟੀ ਤਾਰ ਅਤੇ ਲਾਈਨਾਂ ਵਿਚ ਬਲਾਸਟ ਨਾਲ ਮਰੇ ਕਬੂਤਰਾਂ ਦੇ ਜੋੜੇ ਨੂੰ ਦੇਖ ਕੇ ਸਾਰਾ ਮਾਮਲਾ ਉਨ੍ਹਾਂ ਦੀ ਸਮਝ ਵਿਚ ਆ ਗਿਆ। ਟਾਵਰ ਵੈਗਨ ਲੈ ਕੇ ਪੁੱਜੀ ਟੀਮ ਨੇ ਸੀਨੀਅਰ ਡਿਵੀਜ਼ਨ ਇਲੈਕਟ੍ਰਿਕ ਇੰਜੀਨੀਅਰ ਅਵਧੇਸ਼ ਕੁਮਾਰ, ਐੱਸ. ਐੱਸ. ਈ. ਬਬਲੂ, ਜੂਨੀਅਰ ਇੰਜੀਨੀਅਰ ਰਾਜੀਵ ਕਪੂਰ ਨੇ ਦੱਸਿਆ ਕਿ ਆਮ ਤੌਰ 'ਤੇ ਪੰਛੀਆਂ ਦੇ ਹਾਈ ਪਾਵਰ ਇਲੈਕਟ੍ਰਿਕ ਵਾਇਰ 'ਤੇ ਬੈਠਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ ਪਰ ਪੁਲ ਦੇ ਥੱਲੇ ਛੱਤ ਅਤੇ ਤਾਰ ਦੇ ਵਿਚਕਾਰ ਅੰਤਰ ਘੱਟ ਹੋਣ ਅਤੇ ਕਬੂਤਰ ਬੈਠਣ ਸਮੇਂ ਖੰਭ ਪੁਲ ਦੀ ਛੱਤ 'ਤੇ ਲੱਗੇ ਗਾਰਡਰ ਨਾਲ ਟਕਰਾਉਣ ਕਰ ਕੇ ਇਹ ਹਾਦਸਾ ਹੋਇਆ। ਘਟਨਾ ਦਾ ਖਾਕਾ ਤਿਆਰ ਕਰਨ ਵਿਚ ਉਨ੍ਹਾਂ ਨੂੰ 50 ਮਿੰਟ ਦਾ ਸਮਾਂ ਲੱਗਾ, ਜਿਸ ਕਰ ਕੇ ਅੱਪ ਸਾਈਡ ਦੀਆਂ ਗੱਡੀਆਂ ਨੂੰ ਸਾਈਡ ਲਾਈਨ 'ਤੇ ਕੱਢਿਆ ਗਿਆ। ਵਿਭਾਗ ਵਿਚ ਉਕਤ ਘਟਨਾ ਚੱਕਰ ਦੀ ਰਿਪੋਰਟ ਆਉਣ 'ਤੇ ਇਹ ਮਾਮਲਾ ਕਾਫੀ ਚਰਚਾ ਵਿਚ ਰਿਹਾ। ਟੀਮ ਵਿਚ ਅਮਿਤ ਨਈਅਰ, ਸੰਦੀਪ ਕੁਮਾਰੂ, ਭਰਤ, ਐੱਸ. ਐੱਸ. ਈ. ਕੁਲਦੀਪ ਸਿੰਘ, ਰਾਜਮਲ ਅਤੇ ਵਿਸ਼ਰਾਮ ਮੀਨਾ ਸ਼ਾਮਲ ਸਨ।
