ਫੂਲਕਾ ਦਾ ਅਸਤੀਫਾ ਪ੍ਰਵਾਨ ਨਾ ਹੋਣ ਦੀ ਸੰਭਾਵਨਾ!

10/14/2018 9:18:32 AM

ਜਲੰਧਰ (ਧਵਨ)— ਆਮ ਆਦਮੀ ਪਾਰਟੀ ਦੇ ਵਿਧਾਇਕ ਐੈੱਚ. ਐੱਸ. ਫੂਲਕਾ ਵਲੋਂ ਵਿਧਾਇਕ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਨੂੰ ਪ੍ਰਵਾਨ ਕੀਤੇ ਜਾਣ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਪਤਾ ਲੱਗਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਫੂਲਕਾ ਦਾ ਅਸਤੀਫਾ ਰੱਦ ਕੀਤਾ ਜਾ ਸਕਦਾ ਹੈ। ਫੂਲਕਾ ਨੇ ਸ਼ੁੱਕਰਵਾਰ ਈ-ਮੇਲ ਰਾਹੀਂ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫਾ ਭੇਜਿਆ ਸੀ। ਸਪੀਕਰ ਨੇ ਫੂਲਕਾ ਵਲੋਂ ਭੇਜੇ ਗਏ ਅਸਤੀਫੇ ਬਾਰੇ ਜਾਂਚ ਕਰਨ ਦਾ ਫੈਸਲਾ ਲਿਆ ਹੈ।

ਸੂਬਾਈ ਵਿਧਾਨ ਸਭਾ ਦੀ ਨਿਯਮਾਵਲੀ 'ਚ ਇਹ ਗੱਲ ਕਹੀ ਗਈ ਹੈ ਕਿ ਅਸਤੀਫੇ ਦੀ ਭਾਸ਼ਾ ਬਿਲਕੁਲ ਸਰਲ ਸ਼ਬਦਾਂ 'ਚ ਹੋਣੀ ਚਾਹੀਦੀ ਹੈ। ਅਸਤੀਫਾ ਭੇਜਦੇ ਸਮੇਂ ਵਿਧਾਇਕ ਨੂੰ ਉਸ ਦੇ ਕਾਰਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ। ਅਸਤੀਫੇ 'ਚ ਵਿਧਾਇਕ ਵਲੋਂ ਇਹ ਲਿਖਿਆ ਜਾਣਾ ਚਾਹੀਦਾ ਹੈ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਫੂਲਕਾ ਵਲੋਂ ਭੇਜਿਆ ਗਿਆ ਅਸਤੀਫਾ ਨਿਯਮ 51 ਅਧੀਨ ਠੀਕ ਨਹੀਂ ਦੱਸਿਆ ਜਾ ਰਿਹਾ। ਫੂਲਕਾ ਨੇ ਆਪਣੇ ਅਸਤੀਫੇ 'ਚ ਡੇਢ ਪੰਨੇ ਦੀ ਚਿੱਠੀ ਲਿਖੀ ਹੈ। ਇਸ ਲਈ ਸਪੀਕਰ ਨੇ ਅਸਤੀਫੇ ਨੂੰ ਲੈ ਕੇ ਜਾਂਚ ਕਰਨ ਅਤੇ ਕਾਨੂੰਨੀ ਰਾਏ ਲੈਣ ਦਾ ਫੈਸਲਾ ਕੀਤਾ ਹੈ। ਅਸਤੀਫੇ ਨੂੰ ਲੈ ਕੇ ਦੂਜੀ ਸਮੱਸਿਆ ਇਹ ਆ ਰਹੀ ਹੈ ਕਿ ਫੂਲਕਾ ਖੁਦ ਅਸਤੀਫਾ ਦੇਣ ਲਈ ਵਿਧਾਨ ਸਭਾ ਦੇ ਸਪੀਕਰ ਕੋਲ ਨਹੀਂ ਗਏ। ਉਨ੍ਹਾਂ ਈ-ਮੇਲ ਰਾਹੀਂ ਅਸਤੀਫਾ ਤਾਂ ਭੇਜ ਦਿੱਤਾ ਪਰ ਹੁਣ ਵਿਧਾਨ ਸਭਾ ਦੇ ਸਪੀਕਰ ਵਲੋਂ ਇਸ 'ਤੇ ਇਤਰਾਜ਼ ਜਤਾਇਆ ਜਾ ਸਕਦਾ ਹੈ ਕਿ ਉਹ ਨਿੱਜੀ ਤੌਰ 'ਤੇ ਹਾਜ਼ਰ ਕਿਉਂ ਨਹੀਂ ਹੋਏ। ਉਨ੍ਹਾਂ ਦੀ ਈ-ਮੇਲ  ਦੀ ਕੋਈ ਵੀ ਵਿਅਕਤੀ ਦੁਰਵਰਤੋਂ ਕਰ ਸਕਦਾ ਹੈ। ਇਸ ਆਧਾਰ 'ਤੇ ਸਪੀਕਰ ਵਲੋਂ ਫੂਲਕਾ ਦਾ ਅਸਤੀਫਾ ਅਪ੍ਰਵਾਨ ਕੀਤਾ ਜਾ ਸਕਦਾ ਹੈ।

ਸੰਪਰਕ ਕਰਨ 'ਤੇ ਸਪੀਕਰ ਰਾਣਾ ਕੇ. ਪੀ. ਨੇ ਕਿਹਾ ਕਿ ਉਹ ਜਲਦੀ ਹੀ ਅਸਤੀਫੇ ਬਾਰੇ ਆਪਣਾ ਫੈਸਲਾ ਸੁਣਾ ਦੇਣਗੇ। ਉਹ ਅਸਤੀਫਾ ਦੇਣ ਨਾਲ ਜੁੜੇ ਨਿਯਮਾਂ ਦਾ ਅਧਿਐਨ ਕਰ ਰਹੇ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਅਸਤੀਫੇ ਨਾਲ ਵਿਧਾਇਕ ਨੂੰ ਆਪਣੇ ਕਾਰਨਾਂ ਦਾ ਜ਼ਿਕਰ ਕਰਨਾ ਹੁੰਦਾ ਹੈ ਤਾਂ ਉਨ੍ਹਾਂ ਕਿਹਾ ਕਿ ਅਸਤੀਫਾ ਤਾਂ ਸਿਰਫ ਇਕ ਪੰਕਤੀ 'ਚ ਹੀ ਲਿਖਿਆ ਜਾਣਾ ਚਾਹੀਦਾ ਹੈ। ਫੂਲਕਾ ਇਸ ਸਮੇਂ ਦਾਖਾ ਵਿਧਾਨ ਸਭਾ ਤੋਂ ਵਿਧਾਇਕ ਹਨ। ਅਸਤੀਫੇ ਦੇ ਪ੍ਰਵਾਨ ਹੋਣ ਜਾਂ ਨਾ ਹੋਣ 'ਤੇ ਹੀ ਇਸ ਸੀਟ ਦੀ ਉਪ ਚੋਣ ਨਿਰਭਰ ਕਰਦੀ ਹੈ। ਜੇ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਨਿਯਮਾਂ ਮੁਤਾਬਕ ਚੋਣ ਕਮਿਸ਼ਨ ਨੂੰ 6 ਮਹੀਨਿਆਂ ਅੰਦਰ ਵਿਧਾਨ ਸਭਾ ਦੀ ਇਸ ਸੀਟ ਤੋਂ ਉਪ ਚੋਣ ਕਰਵਾਉਣੀ ਜ਼ਰੂਰੀ ਹੈ, ਜੇ ਅਸਤੀਫਾ ਰੱਦ ਹੁੰਦਾ ਹੈ ਤਾਂ ਫੂਲਕਾ ਦੇ ਅਗਲੇ ਕਦਮ ਦੀ ਉਡੀਕ ਕਰਨੀ ਹੋਵੇਗੀ।


Related News