ਫੂਲਕਾ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨਾਲ ਮੁਲਾਕਾਤ
Wednesday, Feb 13, 2019 - 07:29 PM (IST)

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਤੇ ਹਲਕਾ ਦਾਖਾ ਤੋਂ ਵਿਧਾਇਕ ਐਂਚ. ਐੱਸ. ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੱਖ ਪਾਰਟੀ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦੇ ਹੋਏ ਐੱਚ .ਐੱਸ. ਫੂਲਕਾ ਨੇ ਦੱਸਿਆ ਕਿ ਐੱਸ. ਜੀ. ਪੀ. ਸੀ. ਨੂੰ ਸਿਆਸੀਕਰਨ ਤੋਂ ਮੁਕਤ ਕਰਵਾਉਣ ਲਈ ਉਨ੍ਹਾਂ ਵਲੋਂ ਚਲਾਈ ਗਈ ਮੁਹਿੰਮ ਤਹਿਤ ਅੱਜ ਉਨ੍ਹਾਂ ਨੇ ਚੰਡੀਗੜ੍ਹ ਵਿਚ ਅਕਾਲੀ ਦਲ ਟਕਸਾਲੀ ਦੇ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਕਰਨੈਲ ਸਿੰਘ ਪੀਰਮੁਹੰਮਦ ਆਦਿ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਐੱਸ. ਜੀ. ਪੀ. ਸੀ. ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਮੁਹਿੰਮ ਲਈ ਇਨ੍ਹਾਂ ਆਗੂਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਚੋਣ ਨਹੀਂ ਲੜਣਗੇ ਤੇ ਐੱਸ. ਜੀ. ਪੀ. ਸੀ. ਦੇ ਸਿਆਸੀਕਰਨ ਨੂੰ ਖਤਮ ਕਰਵਾਉਣ ਲਈ ਹਰ ਗਰੁੱਪ ਨਾਲ ਰਾਬਤਾ ਕਰਾਂਗੇ।
ਦੱਸਣਯੋਗ ਹੈ ਕਿ ਫੂਲਕਾ ਨੇ ਪੰਜਾਬ ਵਿਚ ਨਸ਼ਿਆਂ ਖਿਲਾਫ ਲੜਣ ਤੇ ਐੱਸ. ਜੀ. ਪੀ. ਸੀ. ਨੂੰ ਸਿਆਸੀਕਰਨ ਤੋਂ ਮੁਕਤ ਕਰਵਾਉਣ ਲਈ ਸਿੱਖ ਸੇਵਾ ਸੰਗਠਨ ਦਾ ਗਠਨ ਕੀਤਾ ਗਿਆ ਹੈ। ਬੁੱਧਵਾਰ ਨੂੰ ਸ਼ਾਮ ਨੂੰ ਬੈਠਕ ਤੋਂ ਪਹਿਲਾਂ ਫੂਲਕਾ ਵਲੋਂ ਸਵੇਰੇ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਐੱਸ. ਜੀ. ਪੀ. ਸੀ. ਚੋਣਾਂ ਕਰਵਾਉਣ ਲਈ ਸਰਕਾਰ ਵਲੋਂ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਕੇਂਦਰ ਸਰਕਾਰ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਲਈ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਲਈ ਕਹੇ।