ਹੁਣ ਪੰਜਾਬੀ ''ਚ ਵੀ ਪੀ. ਐੱਚ. ਡੀ. ਕਰ ਸਕਣਗੇ ਵਿਦਿਆਰਥੀ: ਚਰਨਜੀਤ ਸਿੰਘ ਚੰਨੀ
Wednesday, Feb 28, 2018 - 11:51 AM (IST)

ਜਲੰਧਰ— ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਸੀ. ਟੀ. ਗਰੁੱਪ ਆਫ ਇੰਸਟੀਚਿਊਟ ਦੇ ਸ਼ਾਹਪੁਰ ਕੈਂਪਸ 'ਚ ਮੈਗਾ ਜਾਬ ਫੈਸਟ ਦੇ ਸਮਾਰੋਹ 'ਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਕ ਕਰਦੇ ਹੋਏ ਕਿਹਾ ਕਿ ਘਰ-ਘਰ ਨੌਕਰੀ ਮੇਲਾ ਸਕੀਮ ਦੇ ਤਹਿਤ ਪੰਜਾਬ ਦੇ ਹਰ ਬੇਰੋਜ਼ਗਾਰ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨੌਜਵਾਨਾਂ ਦੇ ਭਵਿੱਖ 'ਚ ਸੁਧਾਰ ਆਵੇਗਾ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਪੰਜਾਬੀ ਭਾਸ਼ਾ 'ਚ ਪੀ. ਐੱਚ. ਡੀ. ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਲਈ ਮਾਹਿਰਾਂ ਦੀ ਇਕ ਕਮੇਟੀ ਵੱਲੋਂ ਇਨ੍ਹਾਂ ਕੋਰਸਾਂ ਦਾ ਸਿਲੇਬਸ ਪੰਜਾਬੀ 'ਚ ਤਿਆਰ ਕੀਤਾ ਜਾਵੇਗਾ। ਘਰ-ਘਰ ਨੌਕਰੀ ਮਿਸ਼ਨ ਦੇ ਤਹਿਤ ਕਰਵਾਏ ਜਾ ਰਹੇ ਚਾਰ ਦਿਨਾਂ ਦੇ ਰੋਜ਼ਗਾਰ ਮੇਲੇ ਦੇ ਆਖਰੀ ਦਿਨ ਉਨ੍ਹਾਂ ਨੇ ਜਾਗਰੂਕ ਕਰਕੇ ਹੋਏ ਕਿਹਾ ਕਿ ਇਹ ਫੈਸਲਾ ਵਿਸ਼ੇਸ਼ ਕਰਕੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਸਰਲ ਤਰੀਕੇ ਦੇ ਨਾਲ ਸਿਖਿਆ ਪ੍ਰਦਾਨ ਕਰਕੇ ਸਵਰੋਜ਼ਗਾਰ ਦੇ ਕਾਬਲ ਬਣਾਉਣ ਦੇ ਮਕਸਦ ਨਾਲ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ 'ਚ ਤਕਨੀਕੀ ਸਿੱਖਿਆ ਮਿਲ ਸਕੇਗੀ, ਉਸੇ ਜਗ੍ਹਾ 'ਤੇ ਪੰਜਾਬੀ ਭਾਸ਼ਾ ਨੂੰ ਉਜਾਗਰ ਕਰਨ 'ਚ ਸਫਲਤਾ ਮਿਲੇਗੀ। ਪੰਜਾਬ ਦੇ ਸਾਰੇ ਆਈ. ਟੀ. ਆਈ. ਅਤੇ ਪਾਲੀਟੈਕਨੀਕਲ ਕਾਲਜ 'ਚ ਆਗਾਮੀ ਅਕਾਦਮਿਕ ਸੈਸ਼ਨ ਦੇ ਵਿਦਿਆਰਥੀ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ 'ਚ ਵੀ ਪੜ੍ਹਾਈ ਕਰ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਮੀਡੀਅਮ 'ਚ ਚੋਣ ਦੀ ਓਪਸ਼ਨ ਹੋਵੇਗੀ। ਉੱਚ ਸਿੱਖਿਆ ਸੰਸਥਾਵਾਂ 'ਚ ਵਿਦਿਆਰਥੀਆਂ ਨੂੰ ਪੀ. ਐੱਚ. ਡੀ. ਪੰਜਾਬੀ 'ਚ ਕਰਨ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ 'ਚ ਬਹੁਦੇਸ਼ੀ ਕੌਸ਼ਲ ਵਿਕਾਸ ਯੂਨੀਵਰਸਿਟੀ ਕਾਇਮ ਕਰਨ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ਉੱਤਰੀ ਭਾਰਤ ਦੀ ਆਪਣੀ ਵੱਲੋਂ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ, ਜਿਸ ਦੇ ਸਿਲੇਬਸ 'ਚ ਰਾਸ਼ਟਰੀ ਪੱਧਰ 'ਤੇ ਉਦਯੋਗ ਦੀ ਮਨੁੱਖੀ ਸਰੋਤਾ ਬਾਰੇ ਮੰਗ ਨੂੰ ਵੀ ਉੱਚੀ ਜਗ੍ਹਾ ਦਿੱਤੀ ਜਾਵੇਗੀ।
ਰੋਜ਼ਗਾਰ ਮੇਲਿਆਂ ਨੂੰ ਮੁਕੰਮਲ ਰੂਪ 'ਚ ਸਫਲ ਕਰਾਰ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਕੈਪਟਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਵਿਦਿਆਰਥੀਆਂ ਅਤੇ ਕੰਪਨੀਆਂ ਨੂੰ ਸਾਂਝਾ ਪਲੇਟਪਾਰਮ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰੇਸ਼ਨ ਲਈ ਸ਼ੁਰੂ ਕੀਤੇ ਗਏ ਆਨਲਾਈਨ ਪੋਰਟਲ 'ਤੇ ਹੁਣ ਤੱਕ 4.75 ਲੱਖ ਵਿਦਿਆਰਥੀਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ। ਇਨ੍ਹਾਂ ਮੇਲਿਆਂ ਦੌਰਾਨ 1700 ਕੰਪਨੀਆਂ ਵੱਲੋਂ 46,344 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।