ਦੁੱਖ ਦੀ ਗੱਲ : ਬੌਬੀ ਦੇ ਸਸਕਾਰ ''ਚ ਨਾਨੀ ਤੇ ਹੋਰ ਰਿਸ਼ਤੇਦਾਰਾਂ ਨੂੰ ਅੰਤਿਮ ਦਰਸ਼ਨ ਕਰਨ ਦਾ ਨਾ ਮਿਲਿਆ ਮੌਕਾ

04/30/2018 7:41:22 AM

ਜਲੰਧਰ (ਜ. ਬ.) - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਫਗਵਾੜਾ ਦੇ ਜਸਵੰਤ ਉਰਫ਼ ਬੌਬੀ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਤੇ ਸਾਕ-ਸਬੰਧੀਆਂ ਦੇ ਦੁੱਖ ਵਿਚ ਸ਼ਰੀਕ ਹੋਣ ਦਾ ਇਜ਼ਹਾਰ ਕੀਤਾ ਹੈ। ਜਥੇਬੰਦੀਆਂ ਨੇ ਇਸ ਕਤਲ ਲਈ ਸ਼ਿਵ ਸੈਨਾ, ਜ਼ਿਲਾ ਤੇ ਪੁਲਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਦੇ ਹੋਏ ਦਰਜ ਕੇਸ 'ਚ ਧਾਰਾ 302 ਤੇ ਐੱਸ. ਸੀ./ ਐੱਸ. ਟੀ. ਐਕਟ ਦੀ ਧਾਰਾ 3/4 ਦਾ ਵਾਧਾ ਕਰਨ ਅਤੇ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਕੈਪਟਨ ਸਰਕਾਰ ਅਧੀਨ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਦੀ ਅਣਗਹਿਲੀ ਤੇ ਲਾਪ੍ਰਵਾਹੀ ਦੇ ਕਾਰਨ ਸ਼ਿਵ ਸੈਨਾ ਤੇ ਉਸ ਦੀਆਂ ਹਮਾਇਤੀ ਜਥੇਬੰਦੀਆਂ ਦੇ ਆਗੂ ਫਗਵਾੜਾ 'ਚ ਧਾਰਾ 144 ਲੱਗੀ ਹੋਣ ਦੇ ਬਾਵਜੂਦ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਜਾਨੋਂ ਮਾਰਨ ਦੇਣ ਦੀ ਨੀਅਤ ਨਾਲ ਕੀਤੇ ਹਮਲੇ 'ਚ ਲੱਗੀ ਗੋਲੀ ਕਾਰਨ ਹੀ ਬੌਬੀ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ 2 ਅਪ੍ਰੈਲ ਨੂੰ ਭਾਰਤ ਬੰਦ 'ਚ ਸ਼ਾਮਲ ਹੋਣ ਵਾਲੇ ਆਗੂਆਂ ਤੇ ਹਜ਼ਾਰਾਂ ਦਲਿਤਾਂ 'ਤੇ ਪੰਜਾਬ ਭਰ ਦੇ ਥਾਣਿਆਂ 'ਚ ਪਰਚੇ ਦਰਜ ਕਰਨ ਤੋਂ ਬਾਅਦ ਅੱਜ ਮ੍ਰਿਤਕ ਨੌਜਵਾਨ ਜਸਵੰਤ ਬੌਬੀ ਦੇ ਸਸਕਾਰ 'ਚ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਸਾਰੇ ਪਾਸੇ ਪੁਲਸ ਰੋਕਾਂ ਲਾ ਕੇ ਅਤੇ ਮੌਤ ਦੀ ਖਬਰ ਸਮੇਂ ਸਿਰ ਕਿਸੇ ਨੂੰ ਨਾ ਲੱਗੇ, ਲਈ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਦਲਿਤਾਂ ਤੇ ਸਾਕ-ਸਬੰਧੀਆਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਆਮ ਲੋਕਾਂ ਤੇ ਬੌਬੀ ਦੇ ਨਾਨਕਿਆਂ ਨੂੰ ਨਾਕਿਆਂ 'ਤੇ ਥਾਂ-ਥਾਂ ਰੋਕਿਆ ਗਿਆ। ਉਸ ਦੀ ਨਾਨੀ ਤੇ ਨਾਨਕਿਆਂ ਨੇ ਭੁੱਬਾਂ ਮਾਰਦੇ ਦੱਸਿਆ ਕਿ ਉਨ੍ਹਾਂ ਨੂੰ ਅੰਤਿਮ ਦਰਸ਼ਨ ਵੀ ਨਹੀਂ ਕਰਨ ਦਿੱਤੇ ਗਏ ਅਤੇ ਕਫਨ ਵੀ ਨਹੀਂ ਪਾਉਣ ਦਿੱਤਾ ਗਿਆ।
ਦੋਵੇਂ ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਬੌਬੀ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਗੋਲੀ ਦਾ ਸ਼ਿਕਾਰ ਬਾਕੀ ਪੀੜਤ ਦਲਿਤ ਨੌਜਵਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਸੰਵਿਧਾਨ ਚੌਕ ਦੇ ਨਾਲ-ਨਾਲ ਸ਼ਹੀਦ ਬੌਬੀ ਦੀ ਢੁੱਕਵੀਂ ਯਾਦਗਾਰ ਬਣਾਈ ਜਾਵੇ। ਪੁਲਸ ਰੋਕਾਂ ਦੇ ਬਾਵਜੂਦ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਹੰਸ ਰਾਜ ਪੱਬਵਾਂ, ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਸਾਥੀਆਂ ਸਮੇਤ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ।


Related News