ਫਗਵਾੜਾ ਹਿੰਸਾ : ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਦੋਵੇਂ ਧਿਰਾਂ ਆਈਆਂ ਇਕ ਮੰਚ ''ਤੇ
Saturday, Apr 28, 2018 - 03:08 AM (IST)

ਫਗਵਾੜਾ, (ਰੁਪਿੰਦਰ ਕੌਰ, ਹਰਜੋਤ, ਜਲੋਟਾ)- ਫਗਵਾੜਾ 'ਚ ਅਮਨ-ਸ਼ਾਂਤੀ ਬਰਕਰਾਰ ਰੱਖਣ ਦੇ ਮਕਸਦ ਨਾਲ ਕਮਿਸ਼ਨਰ ਜਲੰਧਰ ਡਵੀਜ਼ਨ ਰਾਜ ਕਮਲ ਚੌਧਰੀ ਤੇ ਆਈ. ਜੀ. ਪੀ. ਜਲੰਧਰ ਨੌਨਿਹਾਲ ਸਿੰਘ ਨੇ ਅੱਜ ਨਗਰ ਨਿਗਮ ਫਗਵਾੜਾ ਦੇ ਕਾਨਫਰੰਸ ਹਾਲ 'ਚ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਨਾਲ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਮੁਹੰਮਦ ਤਇਅਬ, ਐੱਸ. ਐੱਸ. ਪੀ. ਸੰਦੀਪ ਸ਼ਰਮਾ, ਜੋਗਿੰਦਰ ਸਿੰਘ ਮਾਨ ਤੇ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦੀ ਹਾਜ਼ਰੀ 'ਚ ਹੋਈ ਇਸ ਮੀਟਿੰਗ 'ਚ ਫਗਵਾੜਾ 'ਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਵਿਚਾਰਾਂ ਹੋਈਆਂ। ਇਸ ਦੌਰਾਨ ਹਾਜ਼ਰ ਸ਼ਖਸੀਅਤਾਂ ਵੱਲੋਂ ਸ਼ਹਿਰ 'ਚ ਸੁੱਖ-ਸ਼ਾਂਤੀ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ ਗਏ। ਇਸ ਮੌਕੇ ਦੋਵਾਂ ਉੱਚ ਅਧਿਕਾਰੀਆਂ ਨੇ ਸਭਨਾਂ ਨੂੰ ਸ਼ਹਿਰ 'ਚ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਰਲ-ਮਿਲ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਤੇ ਸ਼ਹਿਰ ਵਾਸੀਆਂ ਨੂੰ ਇਸ ਕੰਮ 'ਚ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ੇਰੇ ਇਲਾਜ ਨੌਜਵਾਨ ਦੀ ਸਿਹਤਯਾਬੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਗਲ਼ਤ ਅਫ਼ਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ ਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਿਹਾ ਜਾਵੇ। ਇਸ ਦੌਰਾਨ ਹਾਜ਼ਰ ਪਤਵੰਤਿਆਂ ਨੇ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਦੇ ਸਹਿਯੋਗ ਦਾ ਪੂਰਾ ਭਰੋਸਾ ਦਿਵਾਇਆ ਤੇ ਸਭਨਾਂ ਨੇ 'ਸਦਭਾਵਨਾ ਦੇ ਸੁਨੇਹੇ' 'ਤੇ ਦਸਤਖ਼ਤ ਕਰ ਕੇ ਦਿੱਤੇ। ਇਸ ਮੌਕੇ ਵੱਖ-ਵੱਖ ਅਧਿਕਾਰੀ ਤੇ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨਰ ਰਾਜਕਮਲ ਚੌਧਰੀ ਤੇ ਆਈ. ਜੀ. ਜ਼ੋਨਲ ਨੌਨਿਹਾਲ ਸਿੰਘ ਨੇ ਕਿਹਾ ਕਿ ਫਗਵਾੜਾ 'ਚ ਅੱਜ ਸੰਪੰਨ ਹੋਈ ਉਕਤ ਬੈਠਕ ਹਰ ਲਿਹਾਜ਼ ਨਾਲ ਸਫਲ ਰਹੀ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਦੋਵੇਂ ਪੱਖਾਂ ਦੇ ਨੇਤਾਵਾਂ ਨੇ ਆਪਸੀ ਗਿਲੇ-ਸ਼ਿਕਵੇ ਖਤਮ ਕਰ ਕੇ ਭਾਈਚਾਰੇ ਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨਰ ਚੌਧਰੀ ਨੇ ਕਿਹਾ ਕਿ ਫਗਵਾੜਾ 'ਚ ਅਮਨ-ਸ਼ਾਂਤੀ ਦੀ ਸਥਾਪਨਾ ਲਈ ਪੁਲਸ ਫੋਰਸ ਦੇ ਦਸਤੇ ਸਾਵਧਾਨੀ ਦੇ ਤੌਰ 'ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੇ ਗਏ ਹਨ। ਪੁਲਸ ਤੇ ਪ੍ਰਸ਼ਾਸ਼ਨ ਸ਼ਹਿਰ 'ਚ ਹਰ ਕੀਮਤ 'ਤੇ ਅਮਨ-ਸ਼ਾਂਤੀ ਸਥਾਪਤ ਕਰਨ ਪ੍ਰਤੀ ਵਚਨਬੱਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ ਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਿਹਾ ਜਾਵੇ।