ਫਗਵਾੜਾ 'ਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਮਾਪਤ

10/21/2019 5:37:48 PM

ਫਗਵਾੜਾ,(ਹਰਜੋਤ) : ਅੱਜ ਇਥੇ ਹੋਈ ਵਿਧਾਨ ਸਭਾ ਦੀ ਜ਼ਿਮਨੀ ਚੋਣ ਦਾ ਕੰਮ ਲਗਭਗ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ 220 ਪੋਲਿੰਗ ਬੂਥਾਂ 'ਤੇ ਕੁਲ 55.97 ਫ਼ੀਸਦੀ ਵੋਟਾਂ ਪੋਲ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਹਰਕਰਮ ਸਿੰਘ ਨੇ ਦੱਸਿਆ ਕਿ ਫਗਵਾੜਾ ਵਿਧਾਨ ਸਭਾ ਦੀ ਚੋਣ ਲਈ ਕੁਲ 220 ਬੂਥ ਬਣਾਏ ਗਏ ਸਨ ਅਤੇ ਇਨ੍ਹਾਂ 'ਤੇ ਸ਼ਾਂਤਮਈ ਢੰਗ ਨਾਲ ਵੋਟਾਂ ਦਾ ਕੰਮ ਨੇਪਰੇ ਚੜ੍ਹਿਆ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਆਪ ਉਮੀਦਵਾਰ ਸੰਤੋਸ਼ ਕੁਮਾਰ ਗੋਗੀ, ਜਰਨੈਲ ਨੰਗਲ, ਬਲਵਿੰਦਰ ਸਿੰਘ ਧਾਲੀਵਾਲ ਸਮੇਤ ਹੋਰ ਉਮੀਦਵਾਰਾਂ ਨੇ ਅੱਜ ਬੂਥ 'ਤੇ ਪੁੱਜ ਕੇ ਆਪਣੀਆਂ ਵੋਟਾਂ ਪਾਈਆਂ।

ਵਿਧਾਨ ਸਭਾ ਹਲਕਾ 29-ਫਗਵਾੜਾ ਦੀ ਜ਼ਿਮਨੀ ਚੋਣ ਲਈ ਮਤਦਾਨ ਦਾ ਕੰਮ ਅੱਜ ਅਮਨ-ਅਮਾਨ ਤੇ ਨਿਰਵਿਘਨਤਾ ਨਾਲ ਨੇਪਰੇ ਚੜ੍ਹ ਗਿਆ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ. ਪੀ. ਐੱਸ. ਖਰਬੰਦਾ ਨੇ ਚੋਣ ਅਮਲ ਦੌਰਾਨ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਾ ਮੁੱਖ ਮੰਤਵ ਚੋਣ ਦੌਰਾਨ ਭਾਈਚਾਰਕ ਸਾਂਝ ਅਤੇ ਅਮਨ-ਕਾਨੂੰਨ ਬਹਾਲ ਰੱਖਣਾ ਸੀ, ਜਿਸ ਵਿਚ ਪੂਰਨ ਕਾਮਯਾਬੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਜੋ ਕਿ ਸ਼ਾਮ 6 ਵਜੇ ਤਕ ਚੱਲਿਆ। ਉਨ੍ਹਾਂ ਦੱਸਿਆ ਕਿ ਜਿਥੇ ਹਲਕੇ ਦੇ ਸਾਰੇ 220 ਬੂਥਾਂ ਵਿਚ ਵੋਟਰਾਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਡਿਪਟੀ ਕਮਿਸ਼ਨਰ ਨੇ ਚੋਣ ਅਮਲ ਨੂੰ ਨਿਰਵਿਘਨ ਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਸਮੇਤ ਚੋਣ ਅਮਲੇ 'ਚ ਸ਼ਾਮਲ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ, ਪੋਲਿੰਗ ਅਫ਼ਸਰਾਂ, ਮਾਈਕਰੋ ਆਬਜ਼ਰਵਰਾਂ, ਵੱਖ-ਵੱਖ ਟੀਮਾਂ, ਵੋਟਰਾਂ ਦੀ ਸਹਾਇਤਾ ਲਈ ਤਾਇਨਾਤ ਕੀਤੇ ਵਲੰਟੀਅਰਾਂ, ਸੁਰੱਖਿਆ ਦੇ ਇੰਤਜ਼ਾਮਾਂ 'ਚ ਤਾਇਨਾਤ ਪੁਲਸ ਅਧਿਕਾਰੀਆਂ, ਕਰਮਚਾਰੀਆਂ ਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਉਚੇਚੇ ਤੌਰ 'ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਹੀ ਚੋਣ ਅਮਲ ਨੂੰ ਸਮੇਂ ਸਿਰ ਸ਼ਾਂਤਮਈ ਢੰਗ ਨਾਲ ਨਿਪਟਾਉਣ 'ਚ ਕਾਮਯਾਬੀ ਮਿਲੀ ਹੈ।

PunjabKesari

ਬੂਥ ਨੰ. 136 'ਤੇ 16 ਮਿੰਟ ਦੇਰੀ ਨਾਲ ਸ਼ੁਰੂ ਹੋਈ ਪੋਲਿੰਗ
ਬੂਥ ਨੰਬਰ 136 'ਚ ਕਰੀਬ 16 ਮਿੰਟ ਦੇਰੀ ਨਾਲ ਪੋਲਿੰਗ ਦਾ ਕੰਮ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਈ. ਵੀ. ਐੱਮ. ਮਸ਼ੀਨ 'ਚ ਤਕਨੀਕੀ ਖਰਾਬੀ ਆਉਣ ਕਰਕੇ ਥੋੜ੍ਹੀ ਦੇਰ ਨਾਲ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ। ਇੰਚਾਰਜ ਤਰਨਜੀਤ ਸਿੰਘ ਦੀ ਹਾਜ਼ਰੀ 'ਚ ਈ. ਵੀ. ਐੱਮ. ਨੂੰ ਠੀਕ ਕੀਤਾ ਗਿਆ ਅਤੇ ਬਾਅਦ 'ਚ ਵੋਟਿੰਗ ਦਾ ਕੰਮ ਸ਼ੁਰੂ ਹੋਇਆ।

PunjabKesariਪਾਬੰਦੀ ਦੇ ਬਾਵਜੂਦ ਮੋਬਾਇਲ ਲੈ ਕੇ ਪੋਲਿੰਗ ਬੂਥਾਂ ਅੰਦਰ ਪੁੱਜੇ ਲੋਕ
ਵਿਧਾਨ ਸਭਾ ਦੀ ਹੋਈ ਚੋਣ ਦੌਰਾਨ ਵੋਟਿੰਗ ਦੌਰਾਨ ਲੋਕ ਪਾਬੰਦੀ ਦੇ ਬਾਵਜੂਦ ਆਪਣੇ ਮੋਬਾਇਲ ਪੋਲਿੰਗ ਬੂਥਾਂ ਦੇ ਅੰਦਰ ਲੈ ਕੇ ਜਾ ਰਹੇ ਸਨ ਅਤੇ ਅੰਦਰੋਂ ਈ. ਵੀ. ਐੱਮ. ਮਸ਼ੀਨਾਂ ਦੀ ਵੀਡੀਓਗ੍ਰਾਫ਼ੀ ਕਰ ਕੇ ਸੋਸ਼ਲ ਮੀਡੀਆਂ 'ਤੇ ਵਾਇਰਲ ਕਰ ਰਹੇ ਸਨ। ਜਦਕਿ ਵੋਟਿੰਗ ਦੌਰਾਨ ਮੋਬਾਇਲ ਲੈ ਕੇ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਸੀ। ਫ਼ਿਰ ਵੀ ਲੋਕ ਪੋਲਿੰਗ ਬੂਥਾਂ 'ਤੇ ਧੜੱਲੇ ਨਾਲ ਮੋਬਾਇਲ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਸਨ। ਜਦੋਂ ਇਹ ਗੱਲ ਪੁੱਜੀ ਅਧਿਕਾਰੀਆਂ ਕੋਲ ਪਹੁੰਚੀ ਤਾਂ ਤੁਰੰਤ ਬੂਥਾਂ 'ਤੇ ਫ਼ੋਨ ਦੀ ਸਖਤੀ ਕੀਤੀ ਗਈ
 

PunjabKesariਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ 'ਚ ਲੋਕ ਸਭਾ ਚੋਣਾਂ ਦੌਰਾਨ ਵੀ ਦੇਖਣ ਨੂੰ ਮਿਲਿਆ ਸੀ। ਫ਼ਿਲਹਾਲ ਇਸ ਬਾਰੇ ਅਜੇ ਚੋਣ ਕਮਿਸ਼ਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ।


shivani attri

Content Editor

Related News