ਫਗਵਾੜਾ ਜ਼ਿਮਨੀ ਚੋਣ: ਭਾਜਪਾ 'ਚ ਫੈਲੀ ਆਪਸੀ ਧੜੇਬੰਦੀ ਕਰ ਸਕਦੀ ਹੈ ਪਾਰਟੀ ਦਾ ਨੁਕਸਾਨ

10/06/2019 2:11:13 PM

ਫਗਵਾੜਾ (ਜਲੋਟਾ)— 21 ਅਕਤੂਬਰ ਨੂੰ ਫਗਵਾੜਾ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਫੈਲੀ ਆਪਸੀ ਧੜੇਬੰਦੀ ਭਾਜਪਾ ਲਈ ਦਿਨ-ਬ-ਦਿਨ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਇਸ ਕੜੀ 'ਚ ਇਕ ਪਾਸੇ ਜਿੱਥੇ ਇਕ ਸਾਬਕਾ ਕੇਂਦਰੀ ਰਾਜ ਮੰਤਰੀ ਦਾ ਫਗਵਾੜਾ ਭਾਜਪਾ 'ਚ ਮੌਜੂਦ ਧੜਾ ਪੂਰੀ ਤਰ੍ਹਾਂ ਖਿੰਡਿਆ ਹੋਇਆ ਹੈ, ਉਥੇ ਹੀ ਉਹ ਧੜੇ ਦੇ ਇਕ ਤੋਂ ਬਾਅਦ ਇਕ ਕਰਕੇ 4 ਭਾਜਪਾ ਕੌਂਸਲਰਾਂ ਵੱਲੋਂ ਜ਼ਿਮਨੀ ਚੋਣ ਤੋਂ ਅਹਿਮ ਪਹਿਲਾਂ ਜਿਸ ਅੰਦਾਜ਼ 'ਚ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ ਗਿਆ ਹੈ, ਉਸ ਨਾਲ ਭਾਜਪਾ ਅੰਦਰ ਬਣੀ ਹੋਈ ਭੈੜੀ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਜੇਕਰ ਉਪਰੋਕਤ ਭਾਜਪਾ ਕੌਂਸਲਰਾਂ ਨੂੰ ਲੈ ਕੇ ਭਾਜਪਾ ਦੇ ਕੁਝ ਵੱਡੇ ਆਗੂ ਲਗਾਤਾਰ ਇਹੋ ਦਾਅਵਾ ਕਰ ਰਹੇ ਹਨ ਕਿ ਇਹ ਰਾਜਸੀ ਆਗੂ ਸਿਰਫ ਨਾਂ ਤੱਕ ਹੀ ਭਾਜਪਾ ਨਾਲ ਜੁੜੇ ਹੋਏ ਸਨ। ਇਨ੍ਹਾਂ ਦੇ ਨਾਲ ਜਾਣ ਵਾਲੇ ਭਾਜਪਾ ਨੂੰ ਕਿਸੇ ਵੀ ਪੱਧਰ 'ਤੇ ਕੋਈ ਫਰਕ ਪੈਣ ਵਾਲਾ ਨਹੀਂ ਹੈ ਪਰ ਜਾਣਕਾਰਾਂ ਦੀ ਰਾਏ 'ਚ ਜ਼ਿਮਨੀ ਚੋਣ 'ਤੇ ਧਿਆਨ ਕੇਂਦਰਿਤ ਕਰਕੇ ਇਸ ਨਾਲ ਰਾਜਸੀ ਸਮੀਕਰਨ ਜ਼ਰੂਰ ਬਦਲਣ ਵਾਲੇ ਹਨ ਕਿਉਂਕਿ ਉਪਰੋਕਤ ਰਾਜਸੀ ਆਗੂਆਂ ਦਾ ਆਪਣੇ ਵਾਰਡਾਂ 'ਚ ਆਮ ਜਨਤਾ 'ਤੇ ਚੋਖਾ ਅਸਰ ਰਸੂਖ ਹੈ।

ਦੂਜੇ ਪਾਸੇ ਰਾਜਸੀ ਮਾਹਿਰਾਂ ਦੀ ਦਲੀਲ ਹੈ ਕਿ ਜੇਕਰ ਫਗਵਾੜਾ ਜ਼ਿਮਨੀ ਚੋਣ 'ਚ ਮੋਦੀ ਸਰਕਾਰ ਦੇ ਮੰਤਰੀ ਕੈਂਥ ਦਾ ਧੜਾ ਆਪਣੇ ਪੱਧਰ 'ਤੇ ਦਿਲੋਂ ਚੋਣ ਮੈਦਾਨ ਵਿਚ ਡਟ ਕੇ ਉਤਰ ਆਉਂਦਾ ਹੈ ਤਾਂ ਭਾਜਪਾ ਨੂੰ ਚੋਣ ਮੈਦਾਨ ਵਿਚ ਵੰਗਾਰਨਾ ਬੇਹੱਦ ਔਖਾ ਹੋਵੇਗਾ। ਇਸੇ ਪਰਿਪੇਖ 'ਚ ਜੇਕਰ ਫਗਵਾੜਾ ਦੇ ਚੋਣ ਇਤਿਹਾਸ 'ਤੇ ਤੇਜ਼ੀ ਨਾਲ ਨਜ਼ਰਸਾਨੀ ਕੀਤੀ ਜਾਵੇ ਤਾਂ ਕੈਂਥ ਦਾ ਫਗਵਾੜਾ 'ਚ ਅਜਿਹਾ ਦਬਦਬਾ ਹੈ ਕਿ ਉਹ ਪਿਛਲੇ 7 ਸਾਲਾਂ ਤੋਂ ਚੋਣਾਂ ਹਰ ਹਾਲਤ 'ਚ ਜਿੱਤਦੇ ਰਹੇ ਹਨ। ਇਸ ਦੀ ਭਖਵੀਂ ਮਿਸਾਲ 2012 ਵਿਚ ਕੈਂਥ ਨੂੰ ਫਗਵਾੜਾ ਵਿਧਾਨ ਸਭਾ ਚੋਣਾਂ 'ਚ ਮਿਲੀ ਇਤਿਹਾਸਕ ਜਿੱਤ, 2017 'ਚ ਮਿਲੀ ਵੱਡੀ ਜਿੱਤ ਅਤੇ ਹੁਣੇ-ਹੁਣੇ ਹੋਏ ਲੋਕ ਸਭਾ ਚੋਣਾਂ 'ਚ ਹੁਸ਼ਿਆਰਪੁਰ ਆਉਂਦੇ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਮਿਲੀ ਵੱਡੀ ਜਿੱਤ ਸ਼ਾਮਲ ਹੈ।

ਗੌਰਤਲਬ ਹੈ ਕਿ 2017 ਅਤੇ 2019 'ਚ ਸੋਮ ਪ੍ਰਕਾਸ਼ ਕੈਂਥ ਨੇ ਉਦੋਂ ਵੱਡੀ ਜਿੱਤ ਹਾਸਲ ਕੀਤੀ ਸੀ ਜਦੋਂ ਭਾਜਪਾ ਅੰਦਰਲਾ ਇਕ ਵੱਡਾ ਧੜਾ ਉਸ ਦਾ ਵਿਰੋਧ ਕਰ ਰਿਹਾ ਸੀ। ਇਹ ਉਹੀ ਧੜਾ ਹੈ ਜਿਹੜਾ ਵਰਤਮਾਨ 'ਚ ਇਕ ਸਾਬਕਾ ਕੇਂਦਰੀ ਰਾਜ ਮੰਤਰੀ ਦਾ ਖਾਸਮਖਾਸ ਹੈ ਅਤੇ ਵਰਤਮਾਨ 'ਚ ਇਕ ਵਾਰ ਫਿਰ ਭਾਜਪਾ ਹਾਈ ਕਮਾਨ ਲਈ ਧੜੇਬੰਦੀ ਦਾ ਸਬੱਬ ਬਣਿਆ ਹੋਇਆ ਹੈ ਜਦੋਂ ਕਿ ਦੂਜੇ ਪਾਸੇ ਫਗਵਾੜਾ 'ਚ ਇਕਜੁੱਟ ਹੁੰਦੀ ਦਿਸ ਰਹੀ ਕਾਂਗਰਸ ਪਾਰਟੀ ਇਸ ਵਾਰ ਜ਼ਿਮਨੀ ਚੋਣ ਵਿਚ ਭਾਵੇਂ ਖਾਸੀ ਮਜ਼ਬੂਤ ਪਿੱਚ 'ਤੇ ਖੇਡ ਰਹੀ ਹੈ ਪਰ ਇਤਿਹਾਸ ਗਵਾਹ ਹੈ ਕਿ ਕਾਂਗਰਸ ਪਾਰਟੀ ਨੂੰ ਪਿਛਲੇ 12 ਸਾਲਾਂ 'ਚ ਜਿੱਥੇ ਫਗਵਾੜਾ ਵਿਧਾਨ ਸਭਾ ਵਿਚ ਜਿੱਤ ਨਸੀਬ ਨਹੀਂ ਹੋਈ ਹੈ, ਉਥੇ ਕਾਂਗਰਸ ਪਾਰਟੀ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਫਗਵਾੜਾ ਵਿਧਾਨ ਸਭਾ ਸੀਟ 'ਤੇ ਕਰੀਬ 5 ਹਜ਼ਾਰ ਵੋਟਾਂ ਦੀ ਲੀਡ ਨਾਲ ਭਾਜਪਾ ਦੇ ਮੁਕਾਬਲੇ ਹਾਰੀ ਹੈ।

ਫਗਵਾੜਾ ਜ਼ਿਮਨੀ ਚੋਣ ਨੂੰ ਲੈ ਕੇ ਹਾਲਾਤ ਇਹ ਵੀ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ, ਜਿਨ੍ਹਾਂ 'ਚ ਯੂਥ ਇਕਾਈ ਦੇ ਆਗੂ ਵੀ ਸ਼ਾਮਲ ਹਨ, ਇਸ ਵਾਰ ਉਸ ਜੋਸ਼ੀਲੇ ਅੰਦਾਜ਼ ਵਿਚ ਕੰਮ ਨਹੀਂ ਕਰ ਰਹੇ ਜਿਹੜੇ ਪਿਛਲੀਆਂ ਚੋਣਾਂ ਦੌਰਾਨ ਦੇਖਣ ਨੂੰ ਮਿਲਦਾ ਰਿਹਾ ਹੈ। ਇਸ ਦੀ ਭਖਵੀਂ ਮਿਸਾਲ ਇਕ ਸੀਨੀਅਰ ਅਕਾਲੀ ਆਗੂ, ਜੋ ਖੁਦ ਅਕਾਲੀ ਦਲ ਬਾਦਲ ਦਾ ਕੌਂਸਲਰ ਵੀ ਹੈ, ਵੱਲੋਂ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਖੁਦ ਚੋਣ ਮੈਦਾਨ 'ਚ ਉਤਰਨ ਦਾ ਐਲਾਨ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਉਸ 'ਤੇ ਬਣਾਏ ਗਏ ਰਾਜਸੀ ਦਬਾਅ ਕਾਰਨ ਆਪਣੇ ਨਾਮਜ਼ਦਗੀ ਦੇ ਕਾਗਜ਼ ਵਾਪਸ ਲੈਣਾ ਬਣਿਆ ਹੈ। ਦਿਲਚਸਪ ਤੱਥ ਇਹ ਵੀ ਬਣਿਆ ਹੈ ਕਿ ਫਗਵਾੜਾ ਜ਼ਿਮਨੀ ਚੋਣ ਲਈ ਇਸ ਵਾਰ ਕਾਂਗਰਸ ਪਾਰਟੀ ਨੇ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ ਨੂੰ ਚੋਣ ਮੈਦਾਨ 'ਚ ਉਤਾਰ ਕੇ ਉਹ ਚੋਣ ਦਾਅ ਖੇਡ ਦਿੱਤਾ ਹੈ, ਜਿਹੜਾ ਸਾਲਾਂ ਪਹਿਲਾਂ ਭਾਜਪਾ ਹਾਈ ਕਮਾਨ ਨੇ ਖੇਡਿਆ ਸੀ ਅਤੇ ਜਿਸ 'ਚ ਭਾਜਪਾ ਕਾਮਯਾਬ ਹੋਈ ਸੀ।


shivani attri

Content Editor

Related News