ਹੁਣ ਜੀ. ਪੀ. ਐੱਸ. ਤੋਂ ਬਿਨਾਂ ਨਹੀਂ ਦੌੜ ਸਕਣਗੀਆਂ ਸਰਕਾਰੀ ਤੇ ਨਿੱਜੀ ਬੱਸਾਂ

Monday, Jun 18, 2018 - 05:39 AM (IST)

ਹੁਣ ਜੀ. ਪੀ. ਐੱਸ. ਤੋਂ ਬਿਨਾਂ ਨਹੀਂ ਦੌੜ ਸਕਣਗੀਆਂ ਸਰਕਾਰੀ ਤੇ ਨਿੱਜੀ ਬੱਸਾਂ

ਲੁਧਿਆਣਾ  (ਮੋਹਿਨੀ) - ਰਾਜ ਟਰਾਂਸਪੋਰਟ ਦੀਆਂ ਬੱਸਾਂ 'ਚ ਤੇਲ ਚੋਰੀ, ਸਮਾਂ ਬਰਬਾਦੀ ਜਾਂ ਫਿਰ ਸਟਾਫ ਵਲੋਂ ਡਿਊਟੀ ਸਮੇਂ ਮੌਜ-ਮਸਤੀ ਨਹੀਂ ਚੱਲ ਸਕੇਗੀ, ਕਿਉਂਕਿ ਪੰਜਾਬ ਸਰਕਾਰ ਹੁਣ ਕਰਮਚਾਰੀਆਂ ਤੇ ਬੱਸਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਇੰਟਰਨੈੱਟ ਦੀ ਵਰਤੋਂ ਕਰਨ ਜਾ ਰਹੀ ਹੈ। ਇਸ ਲਈ ਜੀ. ਪੀ. ਐੱਸ. ਨੂੰ ਅਪਣਾਇਆ ਜਾ ਰਿਹਾ ਹੈ, ਜਿਸ ਰਾਹੀਂ ਬੱਸਾਂ ਦੀ ਮੂਵਮੈਂਟ ਦੀ ਮਾਨੀਟਰਿੰਗ ਵਿਭਾਗ ਦਾ ਚੰਡੀਗੜ੍ਹ ਦਫਤਰ ਕਰੇਗਾ। ਹਾਲਾਂਕਿ ਇਹ ਯੋਜਨਾ ਪੰਜਾਬ ਵਿਚ ਪਿਛਲੀ ਸਰਕਾਰ ਵੱਲੋਂ ਵੀ ਚਲਾਈ ਗਈ ਸੀ ਪਰ ਇਸ 'ਤੇ ਅਮਲ ਨਹੀਂ ਹੋ ਸਕਿਆ। ਇਸ ਨੂੰ ਅੱਗੇ ਵਧਾਉਣ 'ਤੇ ਘਾਟੇ ਵਿਚ ਜਾ ਰਹੇ ਰੋਡਵੇਜ਼ ਨੂੰ ਫਾਇਦੇ ਵਿਚ ਲਿਆਉਣ ਲਈ ਟਰਾਂਸਪੋਰਟ ਵਿਭਾਗ ਜੀ. ਪੀ. ਐੱਸ. ਨੂੰ ਹਰ ਬੱਸ 'ਚ ਜ਼ਰੂਰੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਖੁਦ ਇਸ ਯੋਜਨਾ ਦੀ ਦੇਖ-ਰੇਖ ਕਰ ਰਹੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਰੋਡਵੇਜ਼ ਵਿਚ ਹੁਣ ਉਹ ਪੁਰਾਣਾ ਜੰਗਲ ਰਾਜ ਨਹੀਂ ਚੱਲੇਗਾ, ਸਰਕਾਰ ਯਾਤਰੀਆਂ ਤੇ ਰੈਵੇਨਿਊ ਦਾ ਪੂਰਾ ਖਿਆਲ ਰੱਖੇਗੀ। ਜੋ ਪਿਛਲੀ ਸਰਕਾਰ ਵਿਚ ਨਿੱਜੀ ਬੱਸਾਂ ਸਰਕਾਰੀ ਬੱਸਾਂ ਦਾ ਵੀ ਟਾਈਮ ਖਾ ਜਾਂਦੀਆਂ ਸਨ, ਉਨ੍ਹਾਂ ਨੂੰ ਆਪਣੀ ਹੱਦ 'ਚ ਰਹਿਣ ਲਈ ਕਿਹਾ ਜਾਵੇਗਾ। ਨਾਲ ਹੀ ਨਿਯਮ ਤੋੜਣ ਵਾਲਿਆਂ 'ਤੇ ਸਖ਼ਤੀ ਵੀ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਹੁਣ ਰੋਡਵੇਜ਼ ਦੇ ਵਿਹੜੇ 600 ਨਵੀਆਂ ਬੱਸਾਂ ਪਾਈਆਂ ਜਾਣਗੀਆਂ, ਜਿਸ ਵਿਚ 300 ਪਨਬੱਸਾਂ, 280 ਰੋਡਵੇਜ਼ 'ਚ ਤੇ 30 ਵੋਲਵੋ-ਏ. ਸੀ. ਬੱਸਾਂ ਵੀ ਸ਼ਾਮਲ ਹੋਣਗੀਆਂ।
ਕੀ ਹੁੰਦਾ ਹੈ ਜੀ. ਪੀ. ਐੱਸ., ਕੀ ਹੋਵੇਗਾ ਫਾਇਦਾ
ਜੀ. ਪੀ. ਐੱਸ. ਕਿਸੇ ਦੀ ਵੀ ਲੋਕੇਸ਼ਨ ਟ੍ਰੈਕ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਜਿਸ ਦਾ ਪੂਰਾ ਨਾਂ ਗਲੋਬਲ ਪੁਜ਼ੀਸ਼ਨਿੰਗ ਸਿਸਟਮ (ਜੀ. ਪੀ. ਐੱਸ.) ਹੈ। ਪੁਰਾਣੇ ਸਿਸਟਮ ਤਹਿਤ ਚੱਲ ਰਹੇ ਪੰਜਾਬ ਦੇ ਰੋਡਵੇਜ਼ ਵਿਭਾਗ ਨੂੰ ਵੀ ਆਉਣ ਵਾਲੇ ਸਮੇਂ ਵਿਚ ਇਸ ਦਾ ਸਹਾਰਾ ਹੋਵੇਗਾ। ਜਿਸ ਤਹਿਤ ਮੰਤਰੀ ਦੇ ਨਿਰਦੇਸ਼ਾਂ 'ਤੇ ਪੰਜਾਬ ਭਰ ਵਿਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ 'ਚ ਜੀ. ਪੀ. ਐੱਸ. ਲੱਗੇਗਾ। ਇਸ ਤੋਂ ਬਾਅਦ ਕਿਹੜੀ ਬੱਸ ਕਿੱਥੇ ਕਿੰਨੇ ਸਮੇਂ ਵਿਚ ਪਹੁੰਚੀ, ਕਿੰਨੀ ਦੇਰ ਪਲੇਟਫਾਰਮ 'ਤੇ ਰੁਕਦੀ ਹੈ ਤੇ ਤੇਲ ਚੋਰੀ ਵਰਗੀਆਂ ਘਟਨਾਵਾਂ 'ਤੇ ਰੋਕ ਲੱਗੇਗੀ। ਇਸ ਤੋਂ ਇਲਾਵਾ ਕਿਹੜੀ ਬੱਸ ਕਿੰਨੇ ਸਮੇਂ ਵਿਚ ਆਪਣੀ ਮੰਜ਼ਿਲ ਤੱਕ ਪਹੁੰਚੀ ਤੇ ਦੇਰੀ ਕਿਉਂ ਹੋਈ, ਵਰਗੀਆਂ ਛੋਟੀਆਂ-ਮੋਟੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਰਸਤਾ ਵੀ ਸਾਫ ਹੋਵੇਗਾ।
ਆਮ ਪਬਲਿਕ ਬਾਰੇ ਨਹੀਂ ਸੋਚ ਰਹੀ ਸਰਕਾਰ
ਐੱਚ. ਵੀ. ਏ. ਸੀ. ਬੱਸਾਂ ਨੂੰ ਬੇੜੇ ਤੋਂ ਬਾਹਰ ਕੱਢਣ ਦਾ ਨੁਕਸਾਨ ਹੁਣ ਆਮ ਯਾਤਰੀ ਨੂੰ ਭੁਗਤਣਾ ਪਵੇਗਾ, ਜਿਨ੍ਹਾਂ ਦੀ ਜਗ੍ਹਾ ਵੋਲਵੋ ਬੱਸਾਂ ਲੈ ਲੈਣਗੀਆਂ। ਇਸ ਵਿਚ ਆਮ ਯਾਤਰੀ ਦਾ ਨੁਕਸਾਨ ਇਹ ਹੈ ਕਿ ਜਿੱਥੇ ਐੱਚ. ਵੀ. ਏ. ਸੀ. ਵਿਚ ਆਮ ਬੱਸ ਤੋਂ 10 ਫੀਸਦੀ ਕਿਰਾਇਆ ਵੱਧ ਦੇ ਕੇ ਆਮ ਵਿਅਕਤੀ ਏ. ਸੀ. ਵਿਚ ਸਫਰ ਕਰ ਲੈਂਦਾ ਸੀ, ਉਹ ਵੋਲਵੋ ਬੱਸਾਂ ਇਸ ਤੋਂ ਵੱਧ ਚਾਰਜ ਕਰਨਗੀਆਂ। ਸਿੱਧੇ ਤੌਰ 'ਤੇ ਲੁਧਿਆਣਾ ਤੋਂ ਚੰਡੀਗੜ੍ਹ ਦਾ ਕਿਰਾਇਆ ਹੁਣ ਵੋਲਵੋ 'ਚ 300 ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਉਥੇ ਆਮ ਬੱਸ 'ਚ ਦਿੱਲੀ ਦਾ ਕਿਰਾਇਆ 325 ਰੁਪਏ ਹੈ, ਜਦੋਂ ਕਿ ਵੋਲਵੋ ਵਿਚ ਇਸ ਲਈ 730 ਰੁਪਏ ਅਦਾ ਕਰਨਾ ਪੈਣਗੇ। ਇਸ ਨਾਲ ਆਮ ਯਾਤਰੀ ਦਾ ਏ. ਸੀ. ਵਿਚ ਸਫਰ ਕਰਨ ਦਾ ਸੁਪਨਾ ਚਕਨਾਚੂਰ ਹੋ ਜਾਵੇਗਾ।


Related News