PGI ਫਿਰ ਚਮਕਿਆ, ਦੇਸ਼ ਦਾ ਦੂਜਾ ਸਭ ਤੋਂ ਵਧੀਆ ਮੈਡੀਕਲ ਸੰਸਥਾਨ
Friday, Sep 05, 2025 - 01:34 PM (IST)

ਚੰਡੀਗੜ੍ਹ (ਪਾਲ) : ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੱਕ ਵਾਰ ਫਿਰ ਦੇਸ਼ ਦੀਆਂ ਮੋਹਰੀ ਸਿਹਤ ਸੰਸਥਾਵਾਂ ’ਚ ਸ਼ਾਮਲ ਹੋ ਗਿਆ ਹੈ। ਸਿੱਖਿਆ ਮੰਤਰਾਲੇ ਦੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਨਿਰਫ) 2025 ’ਚ ਪੀ. ਜੀ. ਆਈ. ਨੂੰ ਮੈਡੀਕਲ ਕੈਟੇਗਰੀ ’ਚ ਦੇਸ਼ ਦਾ ਦੂਜਾ ਸਭ ਤੋਂ ਵਧੀਆ ਹਸਪਤਾਲ ਦਾ ਸਥਾਨ ਮਿਲਿਆ ਹੈ। ਇਹ ਪ੍ਰਾਪਤੀ ਪੀ. ਜੀ. ਆਈ. ਦੇ ਨਾਂ ਲਗਾਤਾਰ 8ਵੀਂ ਵਾਰ ਦਰਜ ਹੋਈ ਹੈ, ਜੋ ਇਸਦੀ ਮੈਡੀਕਲ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਸੇਵਾ ਦੇ ਖੇਤਰ ਵਿਚ ਇਸਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਉਂਦੀ ਹੈ। ਨਵੀਂ ਦਿੱਲੀ ’ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਰੈਂਕਿੰਗ ਦਾ ਐਲਾਨ ਕੀਤਾ। ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਇਹ ਰੈਂਕਿੰਗ ਸਿਰਫ਼ ਸਨਮਾਨ ਨਹੀਂ, ਸਗੋਂ ਸਾਡੀ ਸੰਸਥਾ ਦੀ ਮਰੀਜ਼ਾਂ ਦੀ ਦੇਖਭਾਲ, ਮੈਡੀਕਲ ਸਿੱਖਿਆ ਅਤੇ ਖੋਜ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਇਹ ਪ੍ਰਾਪਤੀ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ, ਜਿਨ੍ਹਾਂ ਨੇ ਲਗਾਤਾਰ ਪੀ. ਜੀ. ਆਈ. ਨੂੰ ਦੇਸ਼ ਦੀਆਂ ਸਭ ਤੋਂ ਵਧੀਆ ਸੰਸਥਾਵਾਂ ’ਚ ਬਰਕਰਾਰ ਰੱਖਿਆ ਹੈ। ਇਹ ਸਨਮਾਨ ਪੀ. ਜੀ. ਆਈ. ਦੇ ਡੀਨ ਅਕਾਦਮਿਕ ਪ੍ਰੋਫੈਸਰ ਆਰ. ਕੇ. ਰਾਠੌਰ ਨੇ ਪ੍ਰਾਪਤ ਕੀਤਾ।
ਅੱਠ ਸਾਲਾਂ ਤੋਂ ਦੂਜਾ ਸਥਾਨ ਬਰਕਰਾਰ
ਸਾਲ 2018 ਤੋਂ 2025 ਤੱਕ ਲਗਾਤਾਰ ਦੂਜਾ ਸਥਾਨ ਪ੍ਰਾਪਤ ਕਰਕੇ ਪੀ. ਜੀ. ਆਈ. ਨੇ ਸਥਾਈ ਗੁਣਵੱਤਾ ਅਤੇ ਮਜਬੂਤੀ ਨੂੰ ਸਾਬਤ ਕੀਤਾ ਹੈ। ਇਹ ਨਾ ਸਿਰਫ ਸ਼ਾਨਦਾਰ ਅਕਾਦਮਿਕ ਅਤੇ ਕਲੀਨਿਕਲ ਸੇਵਾਵਾਂ ਦਾ ਨਤੀਜਾ ਹੈ, ਸਗੋਂ ਸੰਸਥਾ ਦੀ ਸਖ਼ਤ ਮਿਹਨਤ ਅਤੇ ਅਗਵਾਈ ਦਾ ਵੀ ਸਬੂਤ ਹੈ। ਪੀ. ਜੀ. ਆਈ. ਦਾ ਇਹ ਸ਼ਾਨਦਾਰ ਸਫ਼ਰ ਦੇਸ਼ ਭਰ ਦੀਆਂ ਮੈਡੀਕਲ ਸੰਸਥਾਵਾਂ ਲਈ ਪ੍ਰੇਰਨਾ ਸਰੋਤ ਹੈ।