ਹੁਣ ਤੱਕ ਫਾਇਰ ਕੰਸਲਟੈਂਟ ਨਿਯੁਕਤ ਨਹੀਂ ਕਰ ਸਕਿਆ PGI

Thursday, Jul 11, 2024 - 12:59 PM (IST)

ਚੰਡੀਗੜ੍ਹ (ਪਾਲ) :  ਪੀ. ਜੀ. ਆਈ. ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਸਿਹਤ ਮੰਤਰਾਲਾ ਖ਼ੁਦ ਹੀ ਚੀਜ਼ਾਂ ਦੀ ਜਾਂਚ ਕਰ ਰਿਹਾ ਹੈ, ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਪੀ. ਜੀ. ਆਈ. ਦੇ ਮੌਜੂਦਾ ਕੈਂਪਸ ’ਚ 17 ਇਮਾਰਤਾਂ ਹਨ, ਜਿਨ੍ਹਾਂ ’ਚੋਂ ਸਿਰਫ਼ ਨਹਿਰੂ ਹਸਪਤਾਲ ਐਕਸਟੈਂਸ਼ਨ ਕੋਲ ਫਾਇਰ ਐੱਨ. ਓ. ਸੀ. ਹੈ। ਪੀ. ਜੀ. ਆਈ. ਲੰਬੇ ਸਮੇਂ ਤੋਂ ਫਾਇਰ ਐੱਨ. ਓ. ਸੀ. ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਆਈ. ਆਈ. ਟੀ. ਰੁੜਕੀ ਦੀ ਟੀਮ ਨੇ ਪੀ. ਜੀ. ਆਈ. ਦਾ ਦੌਰਾ ਵੀ ਕੀਤਾ ਸੀ, ਜਿਸ ਤੋਂ ਬਾਅਦ ਕਈ ਕਮੀਆਂ ਸਾਹਮਣੇ ਆਈਆਂ ਸਨ।

ਸਾਰੀਆਂ ਇਮਾਰਤਾਂ ਬਹੁਤ ਪੁਰਾਣੀਆਂ ਹਨ, ਇਸ ਲਈ ਨੈਸ਼ਨਲ ਬਿਲਡਿੰਗ ਕੋਡ ਦੇ ਨਵੇਂ ਨਿਯਮਾਂ ਅਨੁਸਾਰ ਕਈ ਕਮੀਆਂ ਸਾਹਮਣੇ ਆਈਆਂ ਹਨ। ਇਸ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਪੀ. ਜੀ. ਆਈ. ਨੂੰ ਫਾਇਰ ਕੰਸਲਟੈਂਟ ਨਿਯੁਕਤ ਕਰਨ ਦੇ ਹੁਕਮ ਦਿੱਤੇ ਹੋਏ ਹਨ, ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਕਮੀਆਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾ ਸਕੇ। ਹੁਕਮਾਂ ਦੇ ਬਾਵਜੂਦ ਹਾਲੇ ਤੱਕ ਕੰਸਲਟੈਂਟ ਦੀ ਨਿਯੁਕਤੀ ਨਹੀਂ ਕੀਤੀ ਗਈ।

ਪਿਛਲੇ ਮਹੀਨੇ ਹਸਪਤਾਲ ਦੇ ਡਿਪਟੀ ਡਾਇਰੈਕਟਰ, ਵਿੱਤੀ ਸਲਾਹਕਾਰ ਅਤੇ ਹਸਪਤਾਲ ਇੰਜਨੀਅਰਿੰਗ ਵਿਭਾਗ ਨਾਲ ਐੱਸ. ਐੱਚ. ਈ. ਦੀ ਦੇਖ-ਰੇਖ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ। ਹੁਣ ਤੱਕ ਕਮੇਟੀ ਦੀ ਸਿਰਫ਼ ਇਕ ਮੀਟਿੰਗ ਹੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਪੀ. ਜੀ. ਆਈ. ਨੂੰ ਪੰਜ ਕੰਸਲਟੈਂਟ ਨਿਯੁਕਤ ਕਰਨ ਹਨ ਜੋ ਕਿ ਹੁਣ ਤੱਕ ਹੋ ਜਾਣੇ ਚਾਹੀਦੇ ਸਨ। ਹਾਲੇ ਤੱਕ ਇਸ ਸਬੰਧੀ ਬਹੁਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ, ਜਦਕਿ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨਿਯੁਕਤ ਕਰਨ ਲਈ ਕਿਹਾ ਗਿਆ ਸੀ।
 


Babita

Content Editor

Related News