ਦੀਵਾਲੀ ਦੇ ਮੱਦੇਨਜ਼ਰ PGI ਨੇ ਵਧਾਈਆਂ ਐਮਰਜੈਂਸੀ ਸੇਵਾਵਾਂ, ਜਾਰੀ ਕੀਤੀ ਐਡਵਾਈਜ਼ਰੀ
Saturday, Oct 22, 2022 - 08:55 AM (IST)
ਚੰਡੀਗੜ੍ਹ (ਪਾਲ) : ਦੀਵਾਲੀ ਦੇ ਮੱਦੇਨਜ਼ਰ ਪੀ. ਜੀ. ਆਈ. ਐਡਵਾਂਸ ਆਈ ਸੈਂਟਰ 'ਚ ਸਾਰੀਆਂ ਐਮਰਜੈਂਸੀ ਸੇਵਾਵਾਂ ਵਧਾ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸੂਰਤ 'ਚ ਮਰੀਜ਼ਾਂ ਦੇ ਇਲਾਜ 'ਚ ਕੋਈ ਦੇਰੀ ਨਾ ਹੋਵੇ। ਇਸ ਲਈ ਵਿਭਾਗ ਵਲੋਂ ਡਾਕਟਰਾਂ ਦੀ ਵਿਸ਼ੇਸ਼ ਐਮਰਜੈਂਸੀ ਡਿਊਟੀ ਵਧਾ ਦਿੱਤੀ ਗਈ ਹੈ, ਜੋ 24 ਘੰਟੇ ਕੰਮ ਕਰਨਗੇ। ਪੀ. ਜੀ. ਆਈ. ਵਲੋਂ ਕਿਹਾ ਗਿਆ ਹੈ ਕਿ ਐਮਰਜੈਂਸੀ 'ਚ ਮਰੀਜ਼ ਕਿਸੇ ਵੀ ਸਮੇਂ ਐਡਵਾਂਸ ਆਈ ਸੈਂਟਰ 'ਚ ਆ ਸਕਦਾ ਹੈ ਅਤੇ 0172-2756117 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਮੇਨ ਐਮਰਜੈਂਸੀ ਅਤੇ ਟਰਾਮਾ ਦੀਆਂ ਸੇਵਾਵਾਂ ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਮਾਮਲਾ: ਰਾਜਪਾਲ ਨੇ ਪ੍ਰੈੱਸ ਕਾਨਫਰੰਸ ਕਰ ਪੰਜਾਬ ਸਰਕਾਰ ਨੂੰ ਦਿੱਤੀ ਇਹ ਸਲਾਹ
ਪੀ. ਜੀ. ਆਈ. ਨੇ ਜਾਰੀ ਕੀਤੀ ਐਡਵਾਈਜ਼ਰੀ, ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ
ਦੀਵੇ, ਮੋਮਬੱਤੀਆਂ ਜਾਂ ਪਟਾਕੇ ਚਲਾਉਂਦੇ ਸਮੇਂ ਸਿੰਥੈਟਿਕ ਅਤੇ ਢਿੱਲੇ ਕੱਪੜੇ ਪਾਉਣ ਤੋਂ ਪਰਹੇਜ਼ ਕਰੋ।
ਪਟਾਕੇ ਅਤੇ ਦੀਵੇ ਚਲਾਉਂਦੇ ਸਮੇਂ ਹਮੇਸ਼ਾ ਹੱਥ ਦੀ ਦੂਰੀ ’ਤੇ ਖੜ੍ਹੇ ਰਹੋ।
ਪਟਾਕੇ ਚਲਾਉਣ ਨਾਲ ਹਵਾ ਅਤੇ ਸ਼ੋਰ ਦੋਵੇਂ ਪ੍ਰਦੂਸ਼ਣ ਹੁੰਦੇ ਹਨ। ਦੀਵਾਲੀ ਇਸ ਤਰੀਕੇ ਨਾਲ ਮਨਾਓ, ਜਿਸ ਨਾਲ ਦੂਜਿਆਂ ਨੂੰ ਅਸੁਵਿਧਾ ਜਾਂ ਨੁਕਸਾਨ ਨਾ ਹੋਵੇ।
ਪੈਰਾਂ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਪਟਾਕੇ ਨੂੰ ਰੇਤ ਜਾਂ ਪਾਣੀ ਦੀ ਇਕ ਬਾਲਟੀ 'ਚ ਸੁੱਟਣਾ ਯਾਦ ਰੱਖੋ।
ਪਟਾਕੇ ਚਲਾਉਂਦੇ ਸਮੇਂ ਜੁੱਤੀਆਂ ਪਾਓ। ਕਦੇ ਵੀ ਅਜਿਹੇ ਪਟਾਕੇ ਨਾ ਚੁੱਕੋ ਜੋ ਫਟਣ ਵਿਚ ਦੇਰੀ ਕਰਦੇ ਹਨ, ਇਸ ਨਾਲ ਹੱਥ ਨੂੰ ਗੰਭੀਰ ਸੱਟ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਕੱਚੇ ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਪੱਕੇ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਖੋਲ੍ਹਿਆ ਪੋਰਟਲ
ਮਾਮੂਲੀ ਜਲਣ ਦੀ ਸਥਿਤੀ 'ਚ ਜਲਣ ਵਾਲੀ ਥਾਂ ’ਤੇ ਕਾਫੀ ਮਾਤਰਾ 'ਚ ਪਾਣੀ ਪਾਓ, ਜਦੋਂ ਤੱਕ ਕਿ ਜਲਣ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦੀ। ਸੜਨ ’ਤੇ ਕਦੇ ਵੀ ਟੁੱਥਪੇਸਟ ਜਾਂ ਨੀਲੀ ਸਿਆਹੀ ਨਾ ਲਗਾਓ। ਕਿਸੇ ਵੀ ਕੱਸਣ ਵਾਲੀ ਸਮੱਗਰੀ ਜਿਵੇਂ ਕਿ ਮੁੰਦਰੀਆਂ ਜਾਂ ਚੂੜੀਆਂ ਨੂੰ ਤੁਰੰਤ ਹਟਾਓ, ਕਿਉਂਕਿ ਬਾਅਦ 'ਚ ਸੋਜ ਆ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਕੱਪੜਿਆਂ 'ਚ ਅੱਗ ਲੱਗਣ ਦੀ ਸਥਿਤੀ 'ਚ ਸਟਾਪ, ਡਰਾਪ ਅਤੇ ਰੋਲ ਕਰੋ। ਤੁਸੀਂ ਜਿੱਥੇ ਵੀ ਹੋ, ਅੱਗ ਨੂੰ ਆਪਣੇ ਚਿਹਰੇ ਤੱਕ ਫੈਲਣ ਤੋਂ ਰੋਕਣ ਲਈ ਡਿੱਗ ਜਾਓ ਜਾਂ ਲੇਟ ਜਾਓ। ਆਕਸੀਜਨ ਦੀ ਸਪਲਾਈ ਨੂੰ ਸੀਮਤ ਕਰਨ ਲਈ ਜ਼ਮੀਨ ’ਤੇ ਰੋਲ ਕਰੋ। ਜ਼ਿਆਦਾਤਰ ਮਾਮਲਿਆਂ 'ਚ ਇਹ ਅੱਗ ਨੂੰ ਕਾਬੂ 'ਚ ਲਿਆਏਗਾ। ਅਸੀਂ ਹਵਾ ਨੂੰ ਕੱਟਣ ਲਈ ਇੱਕ ਮੋਟੇ ਗਲੀਚੇ ਦੀ ਵਰਤੋਂ ਵੀ ਕਰ ਸਕਦੇ ਹਾਂ, ਇਸ ਤਰ੍ਹਾਂ ਅੱਗ ਬੁਝਾਈ ਜਾ ਸਕਦੀ ਹੈ।
ਮੋਮਬੱਤੀਆਂ ਜਗਾਉਂਦੇ ਸਮੇਂ ਅਤੇ ਪਟਾਕੇ ਚਲਾਉਂਦੇ ਸਮੇਂ ਆਲੇ-ਦੁਆਲੇ ਪਾਣੀ ਨਾਲ ਭਰੀ ਬਾਲਟੀ ਜਾਂ ਅੱਗ ਬੁਝਾਊ ਯੰਤਰ ਰੱਖਣਾ ਚੰਗਾ ਅਭਿਆਸ ਹੈ।
ਜੇਕਰ ਅੱਖ ਵਿਚ ਕੋਈ ਸੱਟ ਲੱਗ ਜਾਵੇ ਤਾਂ ਅੱਖ ਨਾ ਰਗੜੋ, ਸਗੋਂ ਸਾਫ਼ ਪਾਣੀ ਨਾਲ ਅੱਖਾਂ ਨੂੰ ਧੋਵੋ ਅਤੇ ਅੱਖਾਂ ਦੇ ਡਾਕਟਰ ਦੀ ਸਲਾਹ ਲਓ। ਦੀਵਾਲੀ ਨਾਲ ਸਬੰਧਿਤ ਸੱਟਾਂ ਨਾਲ ਨਜਿੱਠਣ ਲਈ ਐਡਵਾਂਸ ਆਈ ਸੈਂਟਰ ਐਮਰਜੈਂਸੀ 24 ਘੰਟੇ ਖੁੱਲ੍ਹੀ ਰਹਿੰਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ