ਭਾਰਤੀਆਂ ਦੀ ਬੋਨ ਡੈਨਸਿਟੀ ਦੀ ਜਾਂਚ ਲਈ ਪੀ. ਜੀ. ਆਈ. ਤਿਆਰ ਕਰ ਰਿਹੈ ਡਾਟਾ
Monday, Nov 13, 2017 - 01:50 PM (IST)
ਚੰਡੀਗੜ੍ਹ ((ਰਵੀਪਾਲ) : ਜੇਕਰ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਅਗਲੇ ਸਾਲ ਤਕ ਪੀ. ਜੀ. ਆਈ. ਨਾਰਥ ਦੀ ਪਹਿਲੀ ਇਹੋ ਜਿਹੀ ਸੰਸਥਾ ਹੋਵੇਗੀ, ਜਿਥੇ ਬੋਨ ਡੈਨਸਿਟੀ (ਬੀ. ਐੱਮ. ਡੀ.) ਨੂੰ ਜਾਣਨ ਲਈ ਉਸਦੇ ਕੋਲ ਆਪਣਾ ਇੰਡੀਅਨ ਡਾਟਾ ਹੋਵੇਗੀ। ਅਜੇ ਤਕ ਡਾਕਟਰ ਭਾਰਤੀ ਲੋਕਾਂ ਦੀ ਬੋਨ ਡੈਨਸਿਟੀ ਦੀ ਸਕੈਨਿੰਗ ਕਰਨ ਦੇ ਬਾਅਦ ਉਸ ਦੀ ਤੁਲਨਾ ਵਿਦੇਸ਼ੀ ਡਾਟਾ ਨਾਲ ਕਰਦੇ ਆ ਰਹੇ ਹਨ। ਡਾਕਟਰਾਂ ਦੀ ਮੰਨੀਏ ਤਾਂ ਪੂਰੇ ਦੇਸ਼ ਵਿਚ ਇਸੇ ਤਰ੍ਹਾਂ ਇਥੋਂ ਦੇ ਲੋਕਾਂ ਦੀਆਂ ਹੱਡੀਆਂ ਦੀ ਸਮਰਥਾ ਨੂੰ ਮਾਪਿਆ ਜਾ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ। ਪੀ. ਜੀ. ਆਈ. ਐਂਡੋਕ੍ਰਾਈਨਾਲੋਜੀ ਵਿਭਾਗ ਵਲੋਂ ਚੰਡੀਗੜ੍ਹ ਅਰਬਨ ਬੋਨ ਐਂਡ ਐਪੀਡਿਮੋਲੋਜੀਕਲ (ਕਿਊਬਸ) ਨਾਂ ਦੀ ਸਟੱਡੀ ਕੀਤੀ ਜਾ ਰਹੀ ਹੈ। ਰਿਸਰਚਰ ਡਾ. ਅੰਸ਼ਿਤਾ ਦੀ ਮੰਨੀਏ ਤਾਂ ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ, ਜੋ ਕਿ ਹੱਡੀਆਂ ਦੀ ਸਭ ਤੋਂ ਆਮ ਅਤੇ ਖਤਰਨਾਕ ਬੀਮਾਰੀ ਆਸਟੀਓਪੋਰੋਸਿਸ ਦਾ ਕਾਰਨ ਬਣਦੀ ਹੈ। ਕੈਂਸਰ ਨਾਲ ਭਾਰਤ ਦੇ ਨਾਲ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ ਪਰ ਆਸਟੀਓਪੋਰੋਸਿਸ ਇਕ ਅਜਿਹੀ ਬੀਮਾਰੀ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਕੈਂਸਰ ਨਾਲੋਂ ਕਿਤੇ ਜ਼ਿਆਦਾ ਹੈ। ਇਸ ਨਾਲ ਹੱਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਿ ਫਰੈਕਚਰ ਦਾ ਰਿਸਕ ਵਧ ਜਾਂਦਾ ਹੈ, ਜਿਸ ਕਾਰਨ ਇਨਫੈਕਸ਼ਨ, ਅਲਸਰ ਮੈਂਟਰ ਟਰਾਮਾ ਦਾ ਕਾਰਨ ਇਹ ਬੀਮਾਰੀ ਬਣਦੀ ਹੈ, ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੌਤ ਦਾ ਕਾਰਨ ਬਣਦੀ ਹੈ।
ਪੀ. ਜੀ. ਆਈ. ਕਰ ਰਿਹੈ ਇਕ ਹਜ਼ਾਰ ਲੋਕਾਂ 'ਤੇ ਸਰਵੇ
ਪੂਰੀ ਦੁਨੀਆ ਵਿਚ ਆਸਟੀਓਪੋਰੋਸਿਸ ਦਾ ਪਤਾ ਲਾਉਣ ਲਈ ਡੈਕਸਾ ਨਾਂ ਦੀ ਸਕੈਨਿੰਗ ਕੀਤੀ ਜਾਂਦੀ ਹੈ, ਜੋ ਕਿ ਬੋਨ ਡੈਨਸਿਟੀ ਅਤੇ ਬੀ. ਐੱਨ. ਡੀ. ਬਾਰੇ ਦੱਸਦੀ ਹੈ। ਇਸ ਸਕੈਨਿੰਗ ਤੋਂ ਬਾਅਦ ਇਹ ਮਸ਼ੀਨ ਹੱਡੀਆਂ ਦਾ ਇਕ ਸਕੋਰ ਦੱਸਦੀ ਹੈ, ਜਿਸ ਨੂੰ ਟੀ/ਸਕੋਰ ਅਤੇ ਜ਼ੈੱਡ/ਸਕੋਰ ਕਹਿੰਦੇ ਹਨ। ਡੈਕਸਾ ਸਕੈਨ ਦੇ ਬਾਅਦ ਜੋ ਸਕੋਰ ਆਉਂਦਾ ਹੈ, ਉਸ ਨੂੰ ਕੱਢਣ ਲਈ ਮਸ਼ੀਨ ਵਿਚ ਪਹਿਲਾਂ ਤੋਂ ਹੀ ਮੌਜੂਦ ਨਾਰਮਲ ਲੋਕਾਂ ਦੇ ਡਾਟੇ ਨਾਲ ਉਸ ਦਾ ਮਿਲਾਨ ਕੀਤਾ ਜਾਂਦਾ ਹੈ ਜੇਕਰ ਮਰੀਜ਼ ਦਾ ਸਕੋਰ ਮਾਈਨਸ ਇਕ ਤੋਂ ਚੰਗਾ ਹੈ ਤਾਂ ਉਹ ਨਾਰਮਲ ਮੰਨਿਆ ਜਾਂਦਾ ਹੈ ਪਰ ਜੇਕਰ ਇਹ ਸਕੋਰ ਮਾਈਨਸ ਇਕ ਤੋਂ ਘੱਟ ਹੈ ਤਾਂ ਮਰੀਜ਼ ਨੂੰ ਆਸਟੀਓਪੋਰੋਸਿਸ ਦੀ ਪਹਿਲੀ ਸਟੇਜ ਯਾਨਿ ਆਸਟੋਪੀਨੀਆ ਹੋ ਜਾਂਦਾ ਹੈ। ਉਥੇ ਹੀ ਜੇਕਰ ਇਹ ਸਕੋਰ ਮਾਈਨਸ ਦੋ ਪੁਆਇੰਟ ਤੋਂ ਵੱਧ ਖਰਾਬ ਹੈ ਤਾਂ ਉਸ ਨੂੰ ਆਸਟੀਓਪੋਰੋਸਿਸ ਕਨਫਰਮ ਕੀਤਾ ਜਾਂਦਾ ਹੈ। ਡਾ. ਅੰਸ਼ਿਤਾ ਦੀ ਮੰਨੀਏ ਤਾਂ ਪਿਛਲੇ 20 ਸਾਲਾਂ ਤੋਂ ਭਾਰਤ ਵਿਚ ਇਹ ਤਕਨੀਕ ਅਪਣਾਈ ਜਾ ਰਹੀ ਹੈ ਪਰ ਇਸ ਦੀ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਇਸ ਮਸ਼ੀਨ ਵਿਚ ਜੋ ਨਾਰਮਲ ਲੋਕਾਂ ਦਾ ਡਾਟਾ ਪਹਿਲਾਂ ਤੋਂ ਮੌਜੂਦ ਹੈ, ਉਹ ਭਾਰਤੀਆਂ ਦਾ ਨਹੀਂ ਹੈ। ਵਿਦੇਸ਼ੀ ਲੋਕਾਂ ਦਾ ਸਰੀਰਕ ਢਾਂਚਾ, ਉਨ੍ਹਾਂ ਦੀ ਖੁਰਾਕ ਅਤੇ ਜੀਨਸ ਭਾਰਤੀ ਲੋਕਾਂ ਨਾਲੋਂ ਬਿਲਕੁਲ ਵੱਖਰੇ ਹਨ। ਅਜਿਹੇ ਵਿਚ ਭਾਰਤੀ ਲੋਕਾਂ ਦੀ ਬੋਨ ਡੈਨਸਿਟੀ ਨੂੰ ਉਨ੍ਹਾਂ ਦੇ ਨਾਲ ਕੰਪੇਅਰ ਕਰਨਾ ਸਹੀ ਨਹੀਂ ਹੈ। ਡਾਕਟਰਾਂ ਦੀ ਮੰਨੀਏ ਤਾਂ ਇਕ ਸਿਹਤਮੰਦ ਭਾਰਤੀ ਦੀ ਤੁਲਨਾ ਜੇਕਰ ਵਿਦੇਸ਼ੀ ਵਿਅਕਤੀ ਨਾਲ ਕਰੀਏ ਤਾਂ ਉਸ ਦੀ ਬੋਨ ਡੈਨਸਿਟੀ ਵਿਚ ਫਰਕ ਹੋਵੇਗਾ। ਬੋਨ ਡੈਨਸਿਟੀ ਵਿਚ ਵਿਅਕਤੀ ਦੀ ਹਾਈਟ ਅਤੇ ਫਿਟਨੈੱਸ ਦਾ ਬਹੁਤ ਵੱਡਾ ਫਰਕ ਪੈਂਦਾ ਹੈ। ਵਿਦੇਸ਼ੀ ਲੋਕਾਂ ਦਾ ਸਟਰਕਚਰ ਆਮ ਤੌਰ 'ਤੇ ਕਾਫੀ ਵੱਡਾ ਹੁੰਦਾ ਹੈ, ਜਦਕਿ ਭਾਰਤੀਆਂ ਦਾ ਸਟਰਕਚਰ ਇੰਨਾ ਵੱਡਾ ਨਹੀਂ ਹੈ। ਇਸ ਤਰ੍ਹਾਂ ਸਕੈਨਿੰਗ ਵਿਚ ਬੋਨ ਡੈਨਸਿਟੀ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਫਿਲਹਾਲ ਚਾਰ ਸੈਕਟਰਾਂ ਨੂੰ ਚੁਣਿਆ ਸਰਵੇ ਲਈ
ਪੀ. ਜੀ. ਆਈ. ਐਂਡੋਕ੍ਰਾਈਨਾਲੋਜੀ ਵਿਭਾਗ ਦੇ ਪ੍ਰੋ. ਸੰਜੇ ਬਡਾਡਾ ਦੀ ਅਗਵਾਈ ਵਿਚ ਸਰਵੇ ਚੱਲ ਰਿਹਾ ਹੈ। ਫਿਲਹਾਲ ਸੈਕਟਰ-15, 38, 52 ਅਤੇ ਇੰਦਰਾ ਕਾਲੋਨੀ ਦੇ ਘਰ-ਘਰ ਜਾ ਕੇ ਲੋਕਾਂ ਦਾ ਸੈਂਪਲ ਲਿਆ ਜਾ ਰਿਹਾ ਹੈ। ਡਾ. ਅੰਸ਼ਿਤਾ ਨੇ ਦੱਸਿਆ ਕਿ ਘਰਾਂ ਵਿਚ ਜਾ ਕੇ ਲੋਕਾਂ ਦੀ ਮੈਡੀਕਲ ਹਿਸਟਰੀ ਜਾਣ ਕੇ ਉਨ੍ਹਾਂ ਲੋਕਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਕੋਈ ਬੀਮਾਰੀ ਨਹੀਂ ਹੈ। ਉਨ੍ਹਾਂ ਦੇ ਖੁਰਾਕ, ਕੈਲਸ਼ੀਅਮ, ਸਰੀਰਕ ਫਿਟਨੈੱਸ ਅਤੇ ਬਲੱਡ ਸੈਂਪਲਾਂ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਦੇ ਬਾਅਦ ਉਨ੍ਹਾਂ ਨੂੰ ਪੀ. ਜੀ. ਆਈ. ਡੈਕਸਾ ਸਕੈਨ ਲਈ ਸੱਦਿਆ ਜਾਂਦਾ ਹੈ। ਪਿਛਲੇ ਸਾਲ ਇਹ ਸਟੱਡੀ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤਕ 400 ਲੋਕਾਂ ਦੀ ਡੈਕਸਾ ਸਕੈਨ ਕੀਤੀ ਜਾ ਚੁੱਕਾ ਹੈ, ਜਦਕਿ 700 ਲੋਕਾਂ ਦੀ ਬਲੱਡ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਪੀ. ਜੀ. ਆਈ. ਆਪਣਾ ਖੁਦ ਦਾ ਡਾਟਾਬੇਸ ਬਣਾ ਰਿਹਾ ਹੈ, ਜਿਸ ਨਾਲ ਅਸੀਂ ਖੁਦ ਦੇ ਲੋਕਾਂ ਦੀ ਬੋਨ ਡੈਨਸਿਟੀ ਦੀ ਤੁਲਨਾ ਭਾਰਤੀਆਂ ਨਾਲ ਹੀ ਕਰ ਸਕਾਂਗੇ।
ਓਵਰ ਟ੍ਰੀਟਮੈਂਟ ਤੇ ਗੌਰਮਿੰਟ ਪਾਲਿਸੀ ਬਣਾਉਣ 'ਚ ਮਿਲੇਗੀ ਮਦਦ
ਡੈਕਸਾ ਸਕੈਨ ਵਿਚ ਵਿਦੇਸ਼ੀ ਡਾਟਾ ਹੋਣ ਕਾਰਨ ਕਈ ਵਾਰ ਤੰਦਰੁਸਤ ਵਿਅਕਤੀ ਦੀ ਬੋਨ ਡੈਨਸਿਟੀ ਵੀ ਖਰਾਬ ਆ ਜਾਂਦੀ ਹੈ। ਅਜਿਹੇ ਵਿਚ ਮਰੀਜ਼ ਨੂੰ ਬੀਮਾਰੀ ਨਹੀਂ ਹੁੰਦੀ ਪਰ ਰਿਪੋਰਟ ਦੇ ਆਧਾਰ 'ਤੇ ਉਸ ਦਾ ਟ੍ਰੀਟਮੈਂਟ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿਚ ਜੇਕਰ ਪੀ. ਜੀ. ਆਈ. ਖੁਦ ਦਾ ਡਾਟਾ ਤਿਆਰ ਕਰਦਾ ਹੈ ਤਾਂ ਮਰੀਜ਼ਾਂ ਨੂੰ ਓਵਰ ਟ੍ਰੀਟਮੈਂਟ ਤੋਂ ਬਚਾਇਆ ਜਾ ਸਕਦਾ ਹੈ। ਪੀ. ਜੀ. ਆਈ. ਦੇ ਨਾਲ ਹੀ ਸਾਊਥ ਦੇ ਕੁਝ ਹਸਪਤਾਲਾਂ ਵਿਚ ਵੀ ਸਟੱਡੀ ਕੀਤੀ ਜਾ ਰਹੀ ਹੈ। ਡਾ. ਅੰਸ਼ਿਤਾ ਦੀ ਮੰਨੀਏ ਤਾਂ ਜ਼ਿਆਦਾ ਉਮਰ ਦੇ ਨਾਲ ਲੋਕਾਂ ਵਿਚ ਵਿਟਾਮਿਨ-ਡੀ ਤੇ ਕੈਲਸ਼ੀਅਮ ਦੀ ਘਾਟ ਦੀ ਸਮੱਸਿਆ ਹੋ ਜਾਂਦੀ ਹੈ ਪਰ ਹੁਣ ਤਕ ਹੋਈ ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਸਰਵੇ ਦੌਰਾਨ ਜਿਨ੍ਹਾਂ ਲੋਕਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿਚ 70 ਫੀਸਦੀ ਤੋਂ ਵੱਧ ਵਿਚ ਵਿਟਾਮਿਨ-ਡੀ ਦੀ ਕਮੀ ਹੈ, ਜਦਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਜ਼ੁਰਗਾਂ ਦੀ ਬਜਾਏ ਘੱਟ ਉਮਰ ਦੇ ਲੋਕ ਇਸ ਦੇ ਜ਼ਿਆਦਾ ਸ਼ਿਕਾਰ ਹਨ, ਜਿਨ੍ਹਾਂ ਲੋਕਾਂ ਵਿਚ ਜਾਂਚ ਦੇ ਸਮੇਂ ਕੁਝ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਸਰਵੇ ਤੋਂ ਡ੍ਰਾਪ ਕਰ ਦਿੱਤਾ ਗਿਆ ਹੈ ਪਰ ਸਰਕਾਰ ਨੂੰ ਉਨ੍ਹਾਂ ਦਾ ਡਾਟਾ ਦਿਖਾਉਣ 'ਤੇ ਉਹ ਯੋਜਨਾ ਬਣਾ ਰਹੇ ਹਾਂ, ਤਾਂ ਕਿ ਆਇਓਡੀਨ ਦੀ ਤਰ੍ਹਾਂ ਇਸ ਵੱਲ ਵੀ ਧਿਆਨ ਦਿੱਤਾ ਜਾਵੇ।
