PGI ''ਚ ਫਰਜ਼ੀ ਬਲੱਡ ਰਿਪੋਰਟ ਤਿਆਰ ਕਰਨ ਵਾਲੇ 2 ਮੁਲਜ਼ਮ ਗ੍ਰਿਫਤਾਰ

06/11/2022 1:38:06 PM

ਚੰਡੀਗੜ੍ਹ (ਸੰਦੀਪ) : ਪੀ. ਜੀ. ਆਈ. 'ਚ ਮਰੀਜ਼ਾਂ ਤੋਂ ਬਲੱਡ ਸੈਂਪਲ ਲੈ ਕੇ ਜ਼ਿਆਦਾ ਪੈਸਿਆਂ 'ਚ ਜਲਦੀ ਰਿਪੋਰਟ ਤਿਆਰ ਕਰ ਕੇ ਦੇਣ ਅਤੇ ਬਾਅਦ 'ਚ ਖ਼ੁਦ ਵੱਲੋਂ ਹੀ ਪੂਰੀ ਤਰ੍ਹਾਂ ਫਰਜ਼ੀ ਰਿਪੋਰਟ ਬਣਾ ਕੇ ਦੇਣ ਦੇ ਦੋਸ਼ ਵਿਚ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਮੁੱਲਾਂਪੁਰ ਨਿਵਾਸੀ ਨੇਮੀ ਚੰਦ ਉਰਫ਼ ਰਾਹੁਲ (32) ਅਤੇ ਨਵਾਂਗਾਓਂ ਦੇ ਰਹਿਣ ਵਾਲੇ ਸੁਨੀਲ ਕੁਮਾਰ (40) ਵੱਜੋਂ ਹੋਈ ਹੈ। ਮੁਲਜ਼ਮਾਂ ਵਲੋਂ ਪੁਲਸ ਨੂੰ ਖੁੱਡਾ ਲਾਹੌਰਾ ਦੇ ਪਤੇ ਵਾਲੀਆਂ 2 ਨਿੱਜੀ ਲੈਬ ਦੀਆਂ ਮੋਹਰਾਂ ਵੀ ਬਰਾਮਦ ਹੋਈਆਂ ਹਨ। ਮੁਲਜ਼ਮਾਂ ਖ਼ਿਲਾਫ਼ ਸੈਕਟਰ-11 ਥਾਣਾ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

ਪੁਲਸ ਮੁਤਾਬਕ 9 ਜੂਨ ਨੂੰ ਪੁਲਸ ਮੁਲਾਜ਼ਮ ਪੀ. ਜੀ. ਆਈ. ਗੇਟ ਨੰਬਰ-1 ਕੋਲ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪੀ. ਜੀ. ਆਈ. ਦੇ ਭਾਰਗਵ ਆਡੀਟੋਰੀਅਮ ਕੋਲ ਇਕ ਕਾਰ ਵਿਚ ਦੋ ਵਿਅਕਤੀ ਮੌਜੂਦ ਹਨ, ਜੋ ਪੀ. ਜੀ. ਆਈ. ਵਿਚ ਬਾਹਰੋਂ ਆਏ ਮਰੀਜ਼ਾਂ ਨੂੰ ਜ਼ਿਆਦਾ ਪੈਸਿਆਂ ਵਿਚ ਬਲੱਡ ਸੈਂਪਲ ਲੈ ਕੇ ਜਲਦੀ ਰਿਪੋਰਟ ਦੇਣ ਦਾ ਵਾਅਦਾ ਕਰ ਕੇ ਫਰਜ਼ੀ ਰਿਪੋਰਟ ਦੇ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਕਾਂਸਟੇਬਲ ਦੀਪ ਕੁਮਾਰ ਨੂੰ ਫਰਜ਼ੀ ਗਾਹਕ ਬਣਾ ਕੇ ਭੇਜਿਆ ਤਾਂ ਸਾਹਮਣੇ ਆਇਆ ਕਿ ਦੋਵੇਂ ਹੀ ਫਰਜ਼ੀ ਰਿਪੋਰਟ ਤਿਆਰ ਕਰ ਰਹੇ ਸਨ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਸੀਨੀਅਰ ਅਫ਼ਸਰਾਂ ਨੂੰ ਸੂਚਨਾ ਦਿੱਤੀ ਅਤੇ ਫਿਰ ਦੋਵਾਂ ਨੂੰ ਕਾਰ ਸਮੇਤ ਉੱਥੋਂ ਹੀ ਦਬੋਚ ਲਿਆ ਗਿਆ।

ਪੁਲਸ ਨੂੰ ਦੋਵਾਂ ਕੋਲੋਂ ਖੁੱਡਾ ਲਾਹੌਰਾ ਸਥਿਤ ਇਕ ਨਿੱਜੀ ਲੈਬ ਦੇ ਪਤੇ ਦੀਆਂ 2 ਮੋਹਰਾਂ ਵੀ ਬਰਾਮਦ ਹੋਈਆਂ ਹਨ। ਪੁਲਸ ਦੋਵਾਂ ਮੁਲਜ਼ਮਾਂ ਤੋਂ ਪਤਾ ਲਾ ਰਹੀ ਹੈ ਕਿ ਇਸ ਤਰ੍ਹਾਂ ਦੇ ਗੋਰਖਧੰਦੇ ਵਿਚ ਉਨ੍ਹਾਂ ਨਾਲ ਹੋਰ ਕਿਹੜੇ ਲੋਕ ਸ਼ਾਮਲ ਹਨ। ਹਾਲਾਂਕਿ ਹੁਣ ਤੱਕ ਦੀ ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਕਿਸੇ ਵੀ ਲੈਬ ਵਿਚ ਕੰਮ ਨਹੀਂ ਕਰਦੇ। ਸਾਰੀ ਰਿਪੋਰਟ ਉਹ ਖ਼ੁਦ ਹੀ ਫਰਜ਼ੀ ਤਰੀਕੇ ਨਾਲ ਤਿਆਰ ਕਰ ਰਹੇ ਸਨ। ਬਾਕੀ ਮੁਲਜ਼ਮਾਂ ਕੋਲੋਂ ਬਰਾਮਦ ਹੋਈਆਂ ਮੋਹਰਾਂ ਦੀ ਵੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Babita

Content Editor

Related News