ਸਾਹ ਨਲੀ ''ਚ ਬਦਾਮ ਫਸਣ ਨਾਲ ਹੋਈ ਬੱਚੇ ਦੀ ਮੌਤ, ਜਾਂਚ ਲਈ ਬਣੀ ਕਮੇਟੀ
Thursday, Apr 11, 2019 - 11:06 AM (IST)
ਚੰਡੀਗੜ੍ਹ (ਪਾਲ) : ਸਾਹ ਦੀ ਨਲੀ 'ਚ ਬਾਦਾਮ ਫਸਣ ਕਾਰਨ 11 ਮਹੀਨਿਆਂ ਦੇ ਬੱਚੇ ਰਿਵਾਂਸ਼ ਦੀ ਮੌਤ ਮਾਮਲੇ 'ਚ ਪੀ. ਜੀ. ਆਈ. ਵਲੋਂ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 7 ਦਿਨਾਂ ਦੇ ਅੰਦਰ ਮਾਮਲੇ ਦੀ ਜਾਂਚ ਕਰਕੇ ਇਸ ਦੀ ਰਿਪੋਰਟ ਸੌਂਪੇਗੀ। ਬੁੱਧਵਾਰ ਨੂੰ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਡਾਇਰੈਕਟਰ ਨੂੰ ਇਸ ਦੀ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਕਮੇਟੀ ਗਠਿਤ ਕੀਤੀ ਗਈ। ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕਿ ਟੀਮ ਬੱਚੇ ਦਾ ਇਲਾਜ ਕਰਨ ਵਾਲੇ ਸਾਰੇ ਡਾਕਟਰਾਂ ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਡਾਕਟਰ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੀੜਤ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਅਤੇ ਪੀ. ਐੱਮ. ਓ. ਦਫਤਰ ਨੂੰ ਵੀ ਸ਼ਿਕਾਇਤ ਭੇਜੀ ਸੀ। ਪੀੜਤ ਪਰਿਵਾਰ ਨੇ ਪੀ. ਜੀ. ਆਈ. ਦੇ ਡਾਕਟਰਾਂ ਦੀ ਲਾਪਰਵਾਹੀ ਨੂੰ ਬੱਚੇ ਦੀ ਮੌਤ ਦਾ ਕਾਰਨ ਦੱਸਿਆ ਸੀ। ਬੱਚੇ ਦੀ ਮੌਤ ਪਿਛਲੀ 3 ਅਪ੍ਰੈਲ ਨੂੰ ਹੋਈ ਸੀ। ਇਸ ਮਾਮਲੇ 'ਚ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਸ਼ਿਕਾਇਤ ਮਿਲਣ 'ਤੇ ਪਬਲਿਕ ਗ੍ਰੀਵਾਂਸ ਕਮੇਟੀ ਤੋਂ ਜਾਂਚ ਕਰਾਉਣ ਦੀ ਗੱਲ ਕਹੀ ਸੀ।