ਪੈਟਰੋਲ ਪੰਪ ਬੰਦ ਰੱਖਣ ਦੇ ਸੱਦੇ ਨੂੰ ਨਾਭਾ ''ਚ ਭਰਵਾਂ ਹੁੰਗਾਰਾ

07/29/2020 12:56:44 PM

ਨਾਭਾ (ਰਾਹੁਲ) : ਸੂਬੇ ਭਰ 'ਚ ਪੈਟਰੋਲ ਪੰਪ ਡੀਲਰਾਂ ਵੱਲੋਂ ਅੱਜ ਜਿੱਥੇ ਸਾਰੇ ਹੀ ਪੈਟਰੋਲ ਪੰਪਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ, ਉੱਥੇ ਹੀ ਨਾਭਾ ਵਿਖੇ ਵੀ ਇਸ ਦਾ ਅਸਰ ਸਾਫ਼ ਵੇਖਣ ਨੂੰ ਮਿਲਿਆ। ਨਾਭਾ ਵਿਖੇ ਪੈਟਰੋਲ ਪੰਪ ਡੀਲਰਾਂ ਵੱਲੋਂ ਪੈਟਰੋਲ ਪੰਪਾਂ ਨੂੰ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ 'ਤੇ ਨਾਭਾ ਦੇ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਜੁਨੇਜਾ ਨੇ ਕਿਹਾ ਕਿ ਇੱਕ ਪਾਸੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਿੱਥੇ ਲਗਾਤਾਰ ਵੱਧ ਰਹੀਆਂ ਹਨ ਪਰ ਸਾਡੀ ਕਮਿਸ਼ਨ ਬਿਲਕੁੱਲ ਹੀ ਘੱਟ ਹੈ, ਜਿਸ ਕਾਰਨ ਅਸੀਂ ਚਿੰਤਤ ਹਾਂ।

ਉਨ੍ਹਾਂ ਕਿਹਾ ਕਿ ਜਿੱਥੇ ਕੋਰੋਨਾ ਮਹਾਮਾਰੀ ਕਰਕੇ ਸਾਰੇ ਹੀ ਕਾਰੋਬਾਰਾਂ 'ਤੇ ਮਾੜਾ ਅਸਰ ਪਿਆ ਹੈ, ਉੱਥੇ ਹੀ ਪੈਟਰੋਲ ਪੰਪਾਂ 'ਤੇ ਵੀ ਵਿਕਰੀ ਬਹੁਤ ਘਟੀ ਹੈ। ਦੱਸਣਯੋਗ ਹੈ ਕਿ ਸੂਬੇ ਭਰ ਦੇ ਸਾਰੇ ਪੈਟਰੋਲ ਪੰਪ ਅੱਜ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਬੀਤੇ ਦਿਨੀਂ ਪੈਟਰੋਲ ਪੰਪ ਡੀਲਰ ਗੁਰਕਿਰਪਾਲ ਸਿੰਘ ਚਾਵਲਾ ਨੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ।

ਚਾਵਲਾ ਵੱਲੋਂ ਵੈਟ ਦੀ ਦਰ ਵੱਧਣ ਅਤੇ ਜੀ. ਐੱਸ. ਟੀ. ਨੂੰ ਦਾਇਰੇ 'ਚ ਨਾ ਲਏ ਜਾਣ 'ਤੇ ਉਨ੍ਹਾਂ ਨੇ ਖੌਫ਼ਨਾਕ ਕਦਮ ਚੁੱਕਿਆ ਕਿਉਂਕਿ ਪੰਜਾਬ 'ਚ ਜੀ. ਐੱਸ. ਟੀ. ਲਾਗੂ ਨਾ ਹੋਣ ਕਾਰਨ ਬਾਕੀ ਸੂਬਿਆਂ 'ਚ ਜੀ. ਐੱਸ. ਟੀ. ਲਾਗੂ ਹੈ, ਜਿਸ ਕਰਕੇ 5 ਤੋਂ 6 ਰੁਪਏ ਤੱਕ ਪੈਟਰੋਲ-ਡੀਜ਼ਲ ਦਾ ਫ਼ਰਕ ਹੈ, ਜਿਸ ਕਰਕੇ ਸਾਡੇ ਪੰਜਾਬ 'ਚ ਵਿਕਰੀ ਬਹੁਤ ਘੱਟ ਹੈ ਅਤੇ ਦਿਨੋ-ਦਿਨ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਵੀ ਸਾਡੇ ਕੰਮ 'ਤੇ ਅਸਰ ਪਿਆ ਹੈ, ਜਿਸ ਕਰਕੇ ਨਾਭਾ ਹਲਕੇ 'ਚ ਪੂਰਨ ਤੌਰ 'ਤੇ ਅੱਜ ਪੈਟਰੋਲ ਪੰਪ ਬੰਦ ਹਨ। ਪੈਟਰੋਲ ਪੰਪਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਆਪਣੇ ਵਾਹਨਾਂ 'ਚ ਤੇਲ ਭਰਵਾਉਣ ਵਾਲਿਆਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ। 


Babita

Content Editor

Related News