ਪੰਜਾਬ ਸਰਕਾਰ ਦਾ ਤੋਹਫਾ, ਪੈਟਰੋਲ 5 ਤੇ ਡੀਜ਼ਲ 1 ਰੁਪਏ ਹੋਵੇਗਾ ਸਸਤਾ

Monday, Feb 18, 2019 - 04:36 PM (IST)

ਪੰਜਾਬ ਸਰਕਾਰ ਦਾ ਤੋਹਫਾ, ਪੈਟਰੋਲ 5 ਤੇ ਡੀਜ਼ਲ 1 ਰੁਪਏ ਹੋਵੇਗਾ ਸਸਤਾ

ਚੰਡੀਗੜ੍ਹ— ਪੰਜਾਬ ਸਰਕਾਰ ਨੇ 2019-20 ਦੇ ਬਜਟ 'ਚ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਪੈਟਰੋਲ ਅੱਜ ਅੱਧੀ ਰਾਤ ਤੋਂ 5 ਰੁਪਏ ਅਤੇ ਡੀਜ਼ਲ 1 ਰੁਪਏ ਸਸਤਾ ਹੋ ਜਾਵੇਗਾ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ 'ਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੁਆਂਢੀ ਸੂਬਿਆਂ ਦੀਆਂ ਦਰਾਂ ਦੇ ਬਰਾਬਰ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਨੂੰ ਤਰਕਸੰਗਤ ਬਣਾਉਣ ਦਾ ਫੈਸਲਾ ਕੀਤਾ ਹੈ।

ਕੈਪਟਨ ਸਰਕਾਰ ਦੇ ਇਸ ਫੈਸਲੇ ਨਾਲ ਮੰਗਲਵਾਰ ਨੂੰ ਪੰਜਾਬ 'ਚ ਪੈਟਰੋਲ ਦੀ ਕੀਮਤ ਤਕਰੀਬਨ 70 ਰੁਪਏ ਹੋ ਸਕਦੀ ਹੈ। ਉੱਥੇ ਹੀ ਜੇਕਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਕੀਮਤਾਂ 'ਚ ਵਾਧਾ ਨਾ ਕੀਤਾ ਤਾਂ ਡੀਜ਼ਲ ਦੀ ਕੀਮਤ ਵੀ ਕਰੀਬ 65 ਰੁਪਏ ਹੋ ਜਾਵੇਗੀ। ਸੋਮਵਾਰ ਨੂੰ ਜਲੰਧਰ 'ਚ ਪੈਟਰੋਲ ਦੀ ਕੀਮਤ 75.95 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ 66.05 ਰੁਪਏ ਲਿਟਰ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਹੁਣ ਤਕ ਪੰਜਾਬ ਦੇ ਲੋਕਾਂ ਨੂੰ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਮੁਕਾਬਲੇ ਪ੍ਰਤੀ ਲਿਟਰ ਪੈਟਰੋਲ ਪਿੱਛੇ ਸਭ ਤੋਂ ਵੱਧ ਟੈਕਸ ਚੁਕਾਉਣਾ ਪੈ ਰਿਹਾ ਸੀ। ਪਿਛਲੇ ਸਾਲ 4 ਅਕਤੂਬਰ ਨੂੰ ਜਦੋਂ ਪੈਟਰੋਲ-ਡੀਜ਼ਲ ਕੀਮਤਾਂ ਰਿਕਾਰਡ ਉਚਾਈ 'ਤੇ ਚਲੀਆਂ ਗਈਆਂ ਸਨ, ਤਾਂ ਭਾਜਪਾ ਸ਼ਾਸਤ ਸੂਬਿਆਂ ਨੇ ਵੈਟ 'ਚ ਕਟੌਤੀ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਮਾਲੀ ਹਾਲਤ ਦਾ ਹਵਾਲਾ ਦਿੰਦੇ ਹੋਏ ਸਥਾਨਕ ਟੈਕਸ 'ਚ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉੱਥੇ ਹੀ ਪੈਟਰੋਲ ਪੰਪ ਡੀਲਰਾਂ ਵੱਲੋਂ ਵੀ ਵੈਟ 'ਚ ਕਟੌਤੀ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਹਰਿਆਣਾ, ਚੰਡੀਗੜ੍ਹ 'ਚ ਪੈਟਰੋਲ ਸਸਤਾ ਹੋਣ ਕਾਰਨ ਪੰਜਾਬ ਦੇ ਪੰਪਾਂ 'ਤੇ ਵਿਕਰੀ ਘੱਟ ਰਹੀ ਸੀ।


Related News