ਢਾਬੇ ਦੀ ਆੜ੍ਹ ''ਚ ਚਲ ਰਿਹੈ ਸੀ ਪੈਟਰੋਲ ਡੀਜ਼ਲ ਵੇਚਣ ਦਾ ਗੋਰਖਧੰਦਾ, ਪਰਦਾਫਾਸ਼

05/15/2019 12:07:20 PM

ਭਵਾਨੀਗੜ੍ਹ (ਵਿਕਾਸ) - ਭਵਾਨੀਗੜ੍ਹ ਦੀ ਪੁਲਸ ਨੇ ਸੁਨਾਮ ਰੋਡ 'ਤੇ ਸਥਿਤ ਇਕ ਢਾਬੇ 'ਤੇ ਛਾਪਾਮਾਰੀ ਕਰਕੇ ਪੈਟਰੋਲੀਅਮ ਕੰਪਨੀਆਂ ਨੂੰ ਕਥਿਤ ਰੂਪ 'ਚ ਮੋਟਾ ਚੂਨਾ ਲਗਾ ਕੇ ਨਾਜਾਇਜ਼ ਰੂਪ 'ਚ ਵੇਚੇ ਜਾ ਰਹੇ ਤੇਲ ਦੇ ਗੋਰਖਧੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ । ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਕਰਦਿਆਂ ਢਾਬੇ ਤੋਂ ਵੱਡੀ ਮਾਤਰਾ 'ਚ ਡੀਜ਼ਲ ਬਰਾਮਦ ਕੀਤਾ ਅਤੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਭਵਾਨੀਗੜ੍ਹ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਵਾਨੀਗੜ੍ਹ-ਸੁਨਾਮ ਰੋਡ 'ਤੇ ਸਥਿਤ ਇਕ ਢਾਬਾ ਜਿਸ ਨੂੰ ਦੋ ਪ੍ਰਵਾਸੀ ਵਿਅਕਤੀ ਠੇਕੇ 'ਤੇ ਲੈ ਕੇ ਚਲਾ ਰਹੇ ਹਨ, 'ਤੇ ਪੈਟਰੋਲ ਡੀਜ਼ਲ ਵੇਚਣ ਦਾ ਗੋਰਖਧੰਦਾ ਚੱਲ ਰਿਹਾ ਹੈ। ਢਾਬੇ ਦੀ ਆੜ੍ਹ ਹੇਠ ਉਕਤ ਵਿਅਕਤੀ ਤੇਲ ਟੈਂਕਰਾਂ 'ਚੋਂ ਸਸਤੇ ਭਾਅ ਪੈਟਰੋਲ, ਡੀਜ਼ਲ ਲੈ ਕੇ ਲੋਕਾਂ ਨੂੰ ਵੇਚਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਢਾਬੇ 'ਤੇ ਛਾਪੇਮਾਰੀ ਕਰਦਿਆਂ 990 ਲੀਟਰ ਡੀਜ਼ਲ ਬਰਾਮਦ ਕਰ ਲਿਆ ਅਤੇ ਮੁਲਜ਼ਮ ਮੁਹੰਮਦ ਨੌਸ਼ਾਦ ਉਰਫ ਸੋਨੂੰ ਤੇ ਮੁਹੰਮਦ ਥਿਆਜ ਉਰਫ ਹੈਪੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ ਥਾਣਾ ਭਵਾਨੀਗੜ੍ਹ 'ਚ ਮਾਮਲਾ ਦਰਜ ਕਰ ਦਿੱਤਾ।

 


rajwinder kaur

Content Editor

Related News