ਆਮ ਆਦਮੀ ਨੂੰ ਰਾਹਤ : ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ''ਤੇ ਬ੍ਰੇਕ
Monday, Oct 02, 2017 - 08:40 AM (IST)

ਜਲੰਧਰ (ਜ. ਬ.)¸ਤੁਹਾਡੀ ਆਵਾਜ਼ 'ਜਗ ਬਾਣੀ' ਦੀ ਰਿਪੋਰਟ ਨੇ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇੰਡੀਅਨ ਆਇਲ ਨੇ ਜਹਾਜ਼ 'ਚ ਵਰਤੇ ਜਾਣ ਵਾਲੇ ਈਂਧਨ ਏਅਰ ਟਰਬਾਈਨਲ ਫਿਊਲ (ਏ. ਟੀ. ਐੱਫ.) ਦੀਆਂ ਕੀਮਤਾਂ ਵਿਚ 3025 ਰੁਪਏ ਪ੍ਰਤੀ ਕਿਲੋ ਲਿਟਰ ਤਕ ਦਾ ਵਾਧਾ ਕੀਤਾ ਹੈ। ਏ. ਟੀ. ਐੱਫ. ਦੀਆਂ ਕੀਮਤਾਂ 'ਚ ਇਹ ਜਨਵਰੀ 2017 ਤੋਂ ਬਾਅਦ ਹੁਣ ਤਕ ਦਾ ਸਭ ਤੋਂ ਵੱਡਾ ਵਾਧਾ ਹੈ। ਇਸ ਤੋਂ ਪਹਿਲਾਂ ਜਨਵਰੀ 2017 'ਚ 4162 ਰੁਪਏ ਪ੍ਰਤੀ ਕਿਲੋ ਲਿਟਰ ਦਾ ਵਾਧਾ ਕੀਤਾ ਗਿਆ ਸੀ। 'ਜਗ ਬਾਣੀ' ਨੇ 15 ਸਤੰਬਰ ਦੇ ਆਪਣੇ ਅੰਕ 'ਚ ਲਿਖਿਆ ਸੀ ਕਿ ਤੇਲ ਮਾਰਕੀਟਿੰਗ ਕੰਪਨੀਆਂ ਲੋਕਾਂ ਨੂੰ ਲੁੱਟ ਕੇ ਆਪਣਾ ਫਾਇਦਾ ਏਅਰਲਾਈਨਜ਼ ਕੰਪਨੀਆਂ ਨੂੰ ਪਹੁੰਚਾ ਰਹੀਆਂ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੁੜਨ ਤੋਂ ਬਾਅਦ ਲੋਕਾਂ ਦੀ ਵਰਤੋਂ 'ਚ ਆਉਣ ਵਾਲੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ ਪਰ ਏਅਰਲਾਈਨਜ਼ ਕੰਪਨੀਆਂ 'ਤੇ ਮਿਹਰਬਾਨੀ ਦਿਖਾਈ ਜਾ ਰਹੀ ਹੈ। 'ਜਗ ਬਾਣੀ' ਦੀ ਇਸ ਰਿਪੋਰਟ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਨੁਕਸਾਨ ਦੇ ਬਾਵਜੂਦ ਤੇਲ ਕੰਪਨੀਆਂ ਨੇ ਪਿਛਲੇ 15 ਦਿਨਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਨਾਮਾਤਰ ਵਾਧਾ ਕੀਤਾ ਹੈ। ਦਿੱਲੀ ਵਿਚ 15 ਸਤੰਬਰ ਨੂੰ ਪੈਟਰੋਲ ਦੀ ਕੀਮਤ 70.43 ਰੁਪਏ ਪ੍ਰਤੀ ਲਿਟਰ ਸੀ, ਜੋ ਹੁਣ 33 ਪੈਸੇ ਪ੍ਰਤੀ ਲਿਟਰ ਵਧ ਕੇ 70.76 ਰੁਪਏ ਪ੍ਰਤੀ ਲਿਟਰ ਹੈ, ਜਦਕਿ ਏ. ਟੀ. ਐੱਫ. ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਪਿਛਲੇ ਇਕ ਮਹੀਨੇ 'ਚ ਪੈਟਰੋਲ ਦੀਆਂ ਕੀਮਤਾਂ 1.50 ਰੁਪਏ ਵਧੀਆਂ ਹਨ। ਇਨ੍ਹਾਂ 'ਚ 1.17 ਰੁਪਏ ਪ੍ਰਤੀ ਲਿਟਰ ਦਾ ਵਾਧਾ 15 ਸਤੰਬਰ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ।
ਕੀ ਸੀ 'ਜਗ ਬਾਣੀ' ਦੀ 15 ਸਤੰਬਰ ਦੀ ਰਿਪੋਰਟ 'ਚ
ਸਾਲ ਪਹਿਲਾਂ ਭਾਵ 15 ਸਤੰਬਰ 2014 ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 96.74 ਪ੍ਰਤੀ ਬੈਰਲ ਸਨ, ਜੋ ਅੱਜ 53.83 ਡਾਲਰ ਪ੍ਰਤੀ ਬੈਰਲ ਹਨ। ਭਾਵ 2014 ਤੋਂ ਲਗਾਤਾਰ 43 ਡਾਲਰ ਪ੍ਰਤੀ ਬੈਰਲ ਘੱਟ ਹੈ। ਇਸ ਦੌਰਾਨ ਪੈਟਰੋਲ ਦੀ ਕੀਮਤ 68.51 ਰੁਪਏ ਪ੍ਰਤੀ ਲਿਟਰ ਸੀ ਜਦਕਿ ਡੀਜ਼ਲ ਦੀ ਕੀਮਤ 58.97 ਰੁਪਏ ਪ੍ਰਤੀ ਲਿਟਰ ਸੀ। ਅੱਜ ਪੈਟਰੋਲ ਦੀ ਕੀਮਤ 70.39 ਅਤੇ ਡੀਜ਼ਲ ਦੀ ਕੀਮਤ 58.74 ਰੁਪਏ ਪ੍ਰਤੀ ਲਿਟਰ ਹੈ। ਭਾਵ ਕੀਮਤਾਂ ਉਸੇ ਤਰ੍ਹਾਂ ਹਨ ਅਤੇ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਅੰਕੜਾ ਏ. ਟੀ. ਐੱਫ. ਦਾ ਹੈ। ਅੱਜ ਦਿੱਲੀ ਦੇ ਏ. ਟੀ. ਐੱਫ. ਦੀ ਕੀਮਤ 50,020 ਰੁਪਏ ਪ੍ਰਤੀ ਕਿਲੋ ਲਿਟਰ ਹੈ ਜਦ ਕਿ ਸਤੰਬਰ 2014 ਵਿਚ ਇਹ 69,603.25 ਰੁਪਏ ਪ੍ਰਤੀ ਕਿਲੋ ਲਿਟਰ ਸੀ। ਇਕ ਕਿਲੋ ਲਿਟਰ ਵਿਚ ਹਜ਼ਾਰ ਲਿਟਰ ਹੁੰਦੇ ਹਨ। ਇਸ ਹਿਸਾਬ ਨਾਲ ਏਅਰ ਟਰਬਾਈਨਲ ਫਿਊਲ ਦੀ ਕੀਮਤ ਵਿਚ ਲਗਭਗ 19 ਰੁਪਏ ਪ੍ਰਤੀ ਲਿਟਰ ਦੀ ਕਮੀ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਫਿਲਹਾਲ ਏ. ਟੀ. ਐੱਫ. ਦੀਆਂ ਕੀਮਤਾਂ ਵਿਚ 3 ਰੁਪਏ ਲਿਟਰ ਦਾ ਵਾਧਾ ਕੀਤਾ ਹੈ ਅਤੇ ਅਜੇ ਵੀ ਪੈਟਰੋਲ ਦੀ ਤੁਲਨਾ ਵਿਚ 3 ਸਾਲ ਪਹਿਲਾਂ ਦੀਆਂ ਕੀਮਤਾਂ ਦੇ ਮੁਕਾਬਲੇ ਏ. ਟੀ. ਐੱਫ. 16 ਰੁਪਏ ਪ੍ਰਤੀ ਲਿਟਰ ਸਸਤਾ ਹੈ। ਜੇਕਰ ਕੱਚੇ ਤੇਲ ਦੀ ਕੀਮਤ ਵਿਚ ਜ਼ਿਆਦਾ ਤੇਜ਼ੀ ਆਉਂਦੀ ਹੈ ਤਾਂ ਤੇਲ ਮਾਰਕੀਟਿੰਗ ਕੰਪਨੀਆਂ ਏ. ਟੀ. ਐੱਫ. ਦੀਆਂ ਕੀਮਤਾਂ ਵਧਾ ਕੇ ਉਸ ਨੂੰ ਪੂਰਾ ਕਰਨ ਦਾ ਰਸਤਾ ਅਪਣਾ ਸਕਦੀਆਂ ਹਨ ਪਰ ਇਸ ਦਾ ਬੋਝ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੀ ਜੇਬ 'ਤੇ ਵੀ ਪੈਣ ਦੇ ਆਸਾਰ ਹਨ।
ਪੈਟਰੋਲ 'ਤੇ ਘੱਟ ਕਰਨੀ ਹੋਵੇਗੀ ਉਤਪਾਦਨ ਫੀਸ
ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਡਿਗਦੀਆਂ ਕੀਮਤਾਂ ਨੂੰ ਆਧਾਰ ਬਣਾ ਕੇ ਵਿੱਤ ਮੰਤਰਾਲਾ ਨੇ 2015 ਵਿਚ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਉਤਪਾਦਨ ਫੀਸ ਵਧਾ ਦਿੱਤੀ ਸੀ। 2014 ਵਿਚ ਕੱਚੇ ਤੇਲ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਸਨ ਅਤੇ ਇਨ੍ਹਾਂ ਦੇ 30 ਡਾਲਰ ਤਕ ਡਿਗਣ ਨਾਲ ਸਰਕਾਰ ਦੀ ਇੰਪੋਰਟ ਡਿਊਟੀ ਤੋਂ ਆਉਣ ਵਾਲਾ ਮਾਲੀਆ ਇਕ-ਚੌਥਾਈ ਰਹਿ ਗਿਆ ਸੀ। ਲਿਹਾਜ਼ਾ ਸਰਕਾਰ ਨੇ ਪੈਟਰੋਲ 'ਤੇ 14 ਫੀਸਦੀ ਉਤਪਾਦਨ ਫੀਸ ਦੇ ਨਾਲ-ਨਾਲ 15 ਰੁਪਏ ਪ੍ਰਤੀ ਲਿਟਰ ਦਾ ਟੈਕਸ ਲਾ ਦਿੱਤਾ ਜਦ ਕਿ ਡੀਜ਼ਲ 'ਤੇ ਇਹ ਟੈਕਸ 14 ਫੀਸਦੀ ਉਤਪਾਦਨ ਫੀਸ ਦੇ ਇਲਾਵਾ 5 ਰੁਪਏ ਪ੍ਰਤੀ ਲਿਟਰ ਹੈ। ਹਾਈ ਸਪੀਡ ਡੀਜ਼ਲ 'ਤੇ ਵੀ ਪੈਟਰੋਲ ਦੇ ਬਰਾਬਰ 15 ਰੁਪਏ ਪ੍ਰਤੀ ਲਿਟਰ ਵਾਧੂ ਫੀਸ ਹੈ ਜਦ ਕਿ ਏ. ਟੀ. ਐੱਫ. 'ਤੇ ਸਿਰਫ 14 ਫੀਸਦੀ ਉਤਪਾਦਨ ਫੀਸ ਹੈ ਅਤੇ ਇਸ 'ਤੇ ਕੋਈ ਵਾਧੂ ਟੈਕਸ ਨਹੀਂ ਲਗਾਇਆ ਗਿਆ ਪਰ ਹੁਣ ਕੱਚਾ ਤੇਲ 60 ਰੁਪਏ ਡਾਲਰ ਦੇ ਲਗਭਗ ਹੈ ਤਾਂ ਅਜਿਹੇ ਵਿਚ ਉਸ ਮਾਲੀਏ 'ਚ 50 ਫੀਸਦੀ ਦਾ ਹੀ ਘਾਟਾ ਬਚਿਆ ਹੈ। ਯੂ. ਪੀ. ਏ. ਦੀ ਸਰਕਾਰ ਵੇਲੇ ਪੈਟਰੋਲ ਦੀਆਂ ਕੀਮਤਾਂ 'ਤੇ 9.48 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 3.56 ਰੁਪਏ ਪ੍ਰਤੀ ਲਿਟਰ ਟੈਕਸ ਸੀ। ਹੁਣ ਕੱਚੇ ਤੇਲ ਦੀਆਂ ਕੀਮਤਾਂ ਆਪਣੇ ਘੱਟੋ-ਘੱਟ ਪੱਧਰ 'ਤੇ 60 ਫੀਸਦੀ ਤਕ ਉਛਲ ਚੁੱਕੀਆਂ ਹਨ। ਲਿਹਾਜ਼ਾ ਸਰਕਾਰ ਨੂੰ ਕੱਚੇ ਤੇਲ ਦੀ ਇੰਪੋਰਟ ਡਿਊਟੀ ਵਿਚ ਵੀ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਅਜੇ ਤਕ ਪੈਟਰੋਲ ਅਤੇ ਡੀਜ਼ਲ 'ਤੇ ਲਾਈ ਗਈ ਵਾਧੂ ਫੀਸ ਵਿਚ ਰਾਹਤ ਨਹੀਂ ਦਿੱਤੀ ਗਈ। ਜੇਕਰ ਅਸੀਂ 2014 ਦੇ ਮੁਕਾਬਲੇ ਕੱਚੇ ਤੇਲ ਤੋਂ ਹੋਣ ਵਾਲੇ ਮਾਲੀਏ ਵਿਚ 60 ਫੀਸਦੀ ਦੀ ਕਮੀ ਵੀ ਮੰਨੀਏ ਤਾਂ ਵੀ ਵਿੱਤ ਮੰਤਰਾਲਾ ਕੋਲ ਹੁਣ ਵੀ ਘੱਟ ਤੋਂ ਘੱਟ 6 ਰੁਪਏ ਪ੍ਰਤੀ ਲਿਟਰ ਤਕ ਦੀ ਛੋਟ ਦੇਣ ਦਾ ਰਸਤਾ ਖੁੱਲ੍ਹਾ ਹੈ।