ਢਾਬੇ ਦੀ ਆੜ ''ਚ ਪੈਟਰੋਲ/ਡੀਜ਼ਲ ਵੇਚਣ ਦੇ ਗੋਰਖਧੰਦੇ ਦਾ ਪਰਦਾਫਾਸ਼

Wednesday, May 15, 2019 - 06:20 PM (IST)

ਭਵਾਨੀਗੜ੍ਹ (ਵਿਕਾਸ) : ਭਵਾਨੀਗੜ੍ਹ ਪੁਲਸ ਨੇ ਇੱਥੇ ਸੁਨਾਮ ਰੋਡ 'ਤੇ ਸਥਿਤ ਇਕ ਢਾਬੇ 'ਤੇ ਛਾਪਾਮਾਰੀ ਕਰਕੇ ਪੈਟਰੋਲੀਅਮ ਕੰਪਨੀਆਂ ਨੂੰ ਕਥਿਤ ਰੂਪ ਵਿਚ ਮੋਟਾ ਚੂਨਾ ਲਗਾ ਕੇ ਨਾਜਾਇਜ਼ ਰੂਪ 'ਚ ਵੇਚੇ ਜਾ ਰਹੇ ਤੇਲ ਦੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੂੰ ਇਸ ਕਾਰਵਾਈ ਦੌਰਾਨ ਢਾਬੇ ਤੋਂ ਵੱਡੀ ਮਾਤਰਾ ਵਿਚ ਡੀਜ਼ਲ ਵੀ ਬਰਾਮਦ ਹੋਇਆ। ਇਸ ਸਬੰਧੀ ਪੁਲਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਵਾਨੀਗੜ੍ਹ-ਸੁਨਾਮ ਰੋਡ 'ਤੇ ਸਥਿਤ ਇਕ ਢਾਬਾ ਜਿਸ ਨੂੰ ਦੋ ਪ੍ਰਵਾਸੀ ਵਿਅਕਤੀ ਠੇਕੇ 'ਤੇ ਲੈ ਕੇ ਚਲਾ ਰਹੇ ਹਨ ਅਤੇ ਢਾਬੇ ਦੀ ਆੜ ਹੇਠ ਉਕਤ ਵਿਅਕਤੀ ਤੇਲ ਟੈਂਕਰਾਂ 'ਚੋਂ ਸਸਤੇ ਭਾਅ ਪੈਟਰੋਲ, ਡੀਜ਼ਲ ਲੈ ਕੇ ਅੱਗੇ ਲੋਕਾਂ ਨੂੰ ਵੇਚਦੇ ਹਨ। ਸੂਚਨਾ ਭਰੋਸੇਯੋਗ ਹੋਣ 'ਤੇ ਪੁਲਸ ਨੇ ਢਾਬੇ 'ਤੇ ਰੇਡ ਕਰਕੇ ਉੱਥੋਂ 990 ਲਿਟਰ ਡੀਜ਼ਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਮਾਮਲੇ ਵਿਚ ਦੋਸ਼ੀ ਵਿਅਕਤੀਆਂ ਮੁਹੰਮਦ ਨੌਸ਼ਾਦ ਉਰਫ ਸੋਨੂੰ ਵਾਸੀ (ਬਿਹਾਰ) ਹਾਲ ਆਬਾਦ ਬਹਿਲ ਢਾਬਾ ਫੱਗੂਵਾਲਾ ਕੈਂਚੀਆਂ-ਭਵਾਨੀਗੜ੍ਹ ਅਤੇ ਮੁਹੰਮਦ ਥਿਆਜ ਉਰਫ ਹੈਪੀ ਵਾਸੀ ਗੋਗਰ (ਬਿਹਾਰ) ਹਾਲ ਆਬਾਦ ਬਹਿਲ ਢਾਬਾ ਫੱਗੂਵਾਲਾ ਕੈਂਚੀਆਂ ਭਵਾਨੀਗੜ੍ਹ ਨੂੰ ਗ੍ਰਿਫਤਾਰ ਕਰਕੇ ਦੋਵਾਂ ਖਿਲਾਫ ਮਾਮਲਾ ਥਾਣਾ ਭਵਾਨੀਗੜ੍ਹ ਵਿਖੇ ਦਰਜ ਕੀਤਾ।


Gurminder Singh

Content Editor

Related News