ਪੰਜਾਬ ਦੇ ਸੀਨੀਅਰ ਅਧਿਕਾਰੀ ਦੇ ਪਾਲਤੂ ਕੁੱਤੇ ਦੀ ਮੌਤ ਨੇ ਫੜ੍ਹਿਆ ਤੂਲ, ਵੈਟਰਨਰੀ ਡਾਕਟਰ ਖ਼ਿਲਾਫ਼ ਪਰਚਾ ਦਰਜ
Friday, May 21, 2021 - 10:12 AM (IST)
ਲੁਧਿਆਣਾ (ਸਲੂਜਾ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ’ਚ ਪੰਜਾਬ ਦੇ ਇਕ ਸੀਨੀਅਰ ਅਧਿਕਾਰੀ ਦੇ ਪਾਲਤੂ ਕੁੱਤੇ ਦੀ ਇਲਾਜ ਦੌਰਾਨ ਮੌਤ ਦਾ ਕੇਸ ਉਸ ਸਮੇਂ ਗਰਮਾ ਗਿਆ, ਜਦੋਂ ਪਾਲਤੂ ਜਾਨਵਰ ਦੇ ਮਾਲਕ ਵੱਲੋਂ ਵੈਟਰਨਰੀ ਡਾਕਟਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਗਈ, ਜਿਸ ’ਤੇ ਵੈਟਰਨਰੀ ਡਾਕਟਰ ਭੜਕ ਉੱਠੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਗਾ 'ਚ ਇੰਡੀਅਨ ਏਅਰਫੋਰਸ ਦਾ ਜਹਾਜ਼ ਕਰੈਸ਼, ਪਾਇਲਟ ਦੀ ਮੌਤ
ਜਾਣੋ ਕੀ ਹੈ ਕੇਸ
ਵੈਟਰਨਰੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਮੁਤਾਬਕ ਇਹ ਕੁੱਤਾ ਪੰਜਾਬ ਦੇ ਇਕ ਸੀਨੀਅਰ ਅਧਿਕਾਰੀ ਦਾ ਹੈ, ਜਿਸ ਨੂੰ ਇਲਾਜ ਲਈ ਇਸ ਅਧਿਕਾਰੀ ਦੇ ਸੁਰੱਖਿਆ ਮੁਲਾਜ਼ਮ ਹਸਪਤਾਲ ਲੈ ਕੇ ਆਏ ਸਨ। ਇਸ ਕੁੱਤੇ ਦੀਆਂ ਅੱਖਾਂ ਵਿੱਚੋਂ ਪਾਣੀ ਵਗਣ ਅਤੇ ਛਾਤੀ ’ਚ ਗੰਢਾਂ ਦੀ ਸਮੱਸਿਆ ਸੀ। ਪੋਸਟਮਾਰਟਮ ਦੀ ਰਿਪੋਰਟ ਵਿਚ ਵੀ ਇਸ ਕੁੱਤੇ ਦੇ ਸਰੀਰ ਵਿਚ ਵੱਡਾ ਫੋੜਾ ਪਾਇਆ ਗਿਆ, ਜੋ ਜਿਗਰ ਦੇ ਕੈਂਸਰ ਦੀ ਸੰਭਾਵਨਾ ਬਾਰੇ ਦੱਸਦਾ ਹੈ। ਪੂਰੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਹ ਮੁਲਾਜ਼ਮ ਕੁੱਤੇ ਨੂੰ ਸੰਭਾਲਣ ਅਤੇ ਕਾਬੂ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ। ਐਸੋਸੀਏਸ਼ਨ ਨੇ ਕੁੱਤੇ ਦਾ ਮੂੰਹ ਬੋਰੀ ਨਾਲ ਬੰਦ ਕਰਨ ਸਬੰਧੀ ਲਾਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ। ਜਦੋਂ ਕਿ ਸੱਚ ਇਹ ਹੈ ਕਿ ਕੁੱਤੇ ਨੂੰ ਡਾਕਟਰੀ ਨਿਯਮਾਂ ਮੁਤਾਬਕ ਹੀ ਸੰਭਾਲਿਆ ਜਾ ਰਿਹਾ ਸੀ। ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਕਿ ਇਸ ਕੁੱਤੇ ਦੇ ਕੇਸ ਨੂੰ ਬਹੁਤ ਸੀਨੀਅਰ, ਤਜ਼ਰਬੇਕਾਰ ਅਤੇ ਦਿਆਲੂ ਡਾਕਟਰ ਨੇ ਲਿਆ ਸੀ। ਐੱਫ. ਆਈ. ਆਰ. ਵਿਚ ਲਗਾਏ ਇਨ੍ਹਾਂ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਕਿ ਇਸ ਹਸਪਤਾਲ ਵਿਚ ਜ਼ਿਆਦਾਤਰ ਕੇਸਾਂ ’ਚ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ 'ਬਲੈਕ ਫੰਗਸ' ਨੂੰ ਐਲਾਨਿਆ 'ਮਹਾਮਾਰੀ', ਜਾਰੀ ਕੀਤੀ ਨੋਟੀਫਿਕੇਸ਼ਨ
30 ਹਜ਼ਾਰ ਤੋਂ ਜ਼ਿਆਦਾ ਪਸ਼ੂਆਂ ਅਤੇ ਜਾਨਵਰਾਂ ਦਾ ਕੀਤਾ ਜਾਂਦਾ ਇਲਾਜ
ਵੈਟਰਨਰੀ ਐਸੋ. ਨੇ ਇਹ ਵੀ ਦਾਅਵਾ ਕੀਤਾ ਕਿ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਚ ਇਕ ਸਾਲ ਦੌਰਾਨ 30 ਹਜ਼ਾਰ ਤੋਂ ਜ਼ਿਆਦਾ ਪਸ਼ੂਆਂ ਅਤੇ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ ਹੈ। ਇਹ ਜਾਨਵਰ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਤੋਂ ਇੱਥੇ ਆਉਂਦੇ ਹਨ ਅਤੇ ਡਾਕਟਰ ਆਪਣੀ ਪੂਰੀ ਤਨਦੇਹੀ ਨਾਲ ਇਨ੍ਹਾਂ ਦਾ ਬਿਹਤਰ ਇਲਾਜ ਕਰਦੇ ਹਨ। ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਦੌਰਾਨ ਵੀ ਇਹ ਸੇਵਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਰੋਨਾ' ਦੇ ਵਿਗੜੇ ਹਾਲਾਤ ਦੌਰਾਨ ਪੰਜਾਬ ਦੇ 'ਕਾਲਜਾਂ' ਨੂੰ ਜਾਰੀ ਹੋਏ ਖ਼ਾਸ ਨਿਰਦੇਸ਼
ਜੇਕਰ ਐੱਫ. ਆਈ. ਆਰ. ਰੱਦ ਨਾ ਕੀਤੀ ਤਾਂ ਛੇੜਨਗੇ ਅੰਦੋਲਨ
ਵੈਟਰਨਰੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਐੱਫ. ਆਈ. ਆਰ. ਖ਼ਿਲਾਫ਼ ਰੋਸ ਜਤਾਉਣ ਲਈ 21 ਮਈ ਨੂੰ ਵੈਟਰਨਰੀ ਯੂਨੀਵਰਸਿਟੀ ਹਸਪਤਾਲ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਐੱਫ. ਆਈ. ਆਰ. ਰੱਦ ਨਾ ਕਰਨ ’ਤੇ ਉਨ੍ਹਾਂ ਨੇ ਸੂਬਾ ਪੱਧਰੀ ਸੰਘਰਸ਼ ਛੇੜਨ ਦੀ ਚਿਤਾਵਨੀ ਦਿੱਤੀ। ਇਸ ਸਬੰਧੀ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰ ਅਤੇ ਸਬੰਧਿਤ ਵਿਭਾਗ ਹੀ ਜ਼ਿੰਮੇਵਾਰ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ