ਕਿਤੇ ''ਹੋਲੀ'' ਦੇ ਰੰਗ ਤੁਹਾਡੇ ਪਾਲਤੂ ਜਾਨਵਰਾਂ ''ਤੇ ਭਾਰੀ ਨਾ ਪੈ ਜਾਣ!
Wednesday, Mar 20, 2019 - 02:17 PM (IST)

ਲੁਧਿਆਣਾ (ਸਲੂਜਾ) : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਨੇ ਹੋਲੀ ਮੌਕੇ ਇਸ ਗੱਲ ਲਈ ਸਾਵਧਾਨ ਕੀਤਾ ਹੈ ਕਿ ਹੋਲੀ ਦੇ ਰੰਗਾਂ ਨੂੰ ਸੋਚ-ਸਮਝ ਕੇ ਵਰਤਿਆ ਜਾਵੇ, ਕਿਤੇ ਇਹ ਰੰਗ ਤੁਹਾਡੇ ਪਾਲਤੂ ਜਾਨਵਰਾਂ 'ਤੇ ਭਾਰੀ ਨਾ ਪੈ ਜਾਣ। ਵੈਟਰਨਰੀ ਮੈਡੀਸਨ ਵਿਭਾਗ ਦੇ ਪ੍ਰੋੋਫੈਸਰ ਡਾ. ਕੀਰਤੀ ਦੁਆ ਨੇ ਕਿਹਾ ਕਿ ਹੋਲੀ ਰੰਗਾਂ ਦਾ ਬਹੁਤ ਹੀ ਖੂਬਸੂਰਤ ਤਿਉਹਾਰ ਹੈ ਪਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੁਹਾਡੇ ਪਾਲਤੂ ਜਾਨਵਰਾਂ ਦੀ ਸਿਹਤ ਸਬੰਧੀ ਸਮੱਸਿਆ ਪੈਦਾ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਕਿ ਸੁੱਕੇ ਰੰਗ ਕੁੱਤਿਆਂ ਜਾਂ ਪਾਲਤੂ ਜਾਨਵਰਾਂ ਲਈ ਨੁਕਸਾਨ ਰਹਿਤ ਹੁੰਦੇ ਹਨ ਪਰ ਕਈ ਵਾਰ ਇਨ੍ਹਾਂ ਰੰਗਾਂ 'ਚ ਬਹੁਤ ਮਾਰੂ ਰਸਾਇਣ ਪਾਏ ਜਾਂਦੇ ਹਨ। ਇਹ ਸਾਰੇ ਰੰਗ ਜ਼ਹਿਰੀਲੇ ਹੁੰਦੇ ਹਨ, ਜਿਨ੍ਹਾਂ ਤੋਂ ਚਮੜੀ, ਅੱਖਾਂ ਦੇ ਸਾਹ ਪ੍ਰਬੰਧ ਅਤੇ ਕਈ ਹੋਰ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਲਤੂ ਜਾਨਵਰਾਂ 'ਤੇ ਪਾਏ ਜਾਣ ਵਾਲੇ ਇਹ ਰੰਗ ਕਈ ਵਾਰ ਉਹ ਚੱਟ ਲੈਂਦੇ ਹਨ, ਜਿਸ ਨਾਲ ਇਹ ਹੋਰ ਵੀ ਮਾਰੂ ਸਾਬਤ ਹੁੰਦੇ ਹਨ। ਪਾਣੀ ਵਾਲੇ ਗੁਬਾਰੇ ਵੀ ਉਨ੍ਹਾਂ ਦੇ ਸਰੀਰਕ ਜਾਂ ਅੱਖਾਂ ਨੂੰ ਸੱਟ ਮਾਰਦੇ ਹਨ। ਡਾ. ਦੁਆ ਨੇ ਕਿਹਾ ਕਿ ਅਜਿਹੇ ਤਿਉਹਾਰਾਂ ਮੌਕੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਆਪਣੇ ਜਾਨਵਰ ਨੂੰ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਜੇਕਰ ਕੋਈ ਉਸ 'ਤੇ ਰੰਗ ਜਾਂ ਗੁਬਾਰਾ ਮਾਰਦਾ ਹੈ ਤਾਂ ਉਸ ਨੂੰ ਸਾਫ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਜਾਨਵਰ ਦੀ ਲਗਾਤਾਰ ਨਿਗਰਾਨੀ ਕਰਦੇ ਰਹਿਣਾ ਚਾਹੀਦਾ ਹੈ।