ਇਟਲੀ 'ਚ ਵਿਅਕਤੀ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੀਤੀ ਵਾਇਰਲ

Sunday, May 28, 2023 - 03:10 PM (IST)

ਇਟਲੀ 'ਚ ਵਿਅਕਤੀ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੀਤੀ ਵਾਇਰਲ

ਅੰਮ੍ਰਿਤਸਰ (ਛੀਨਾ)- ਇਟਲੀ ’ਚ ਇਕ ਸ਼ਰਾਰਤੀ ਅਨਸਰ ਵਲੋਂ ਸਿੱਖ ਧਰਮ ਦੇ ਬਾਰੇ ਮੰਦੇ ਸ਼ਬਦ ਬੋਲਦਿਆਂ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜੇ ਜਾਣ ਦੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਇੰਡੀਅਨ ਸਿੱਖ ਕਮਿਉਨਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਆਪਣੀ ਟੀਮ ਨਾਲ ਉਕਤ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਡੀਅਨ ਸਿੱਖ ਕਮਿਉਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਇਟਲੀ ਤੋਂ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਇਟਲੀ ’ਚ ਸਿੱਖ ਧਰਮ ਦੇ ਬਾਰੇ ’ਚ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜਨ ਵਾਲੇ ਵਿਅਕਤੀ ਦੇ ਬਾਰੇ ’ਚ ਸਾਰੀ ਘੋਖ ਕਰ ਲਈ ਹੈ, ਉਸ ਦਾ ਨਾਮ ਹਰਮਿੰਦਰ ਸਿੰਘ ਹੈ ਤੇ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਨਾਲ ਸਬੰਧਤ ਹੈ। 

ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਪਤੀ ਨੂੰ ਜਾਨੋਂ ਮਾਰਨ ਦੀ ਸਾਜਿਸ਼ ’ਚ ਪਤਨੀ ਨਿਕਲੀ ਮਾਸਟਰ ਮਾਈਂਡ, ਜਾਣੋ ਪੂਰਾ ਮਾਮਲਾ

ਕੰਗ ਨੇ ਕਿਹਾ ਕਿ ਇੰਡੀਅਨ ਸਿੱਖ ਕਮਿਉਨਿਟੀ ਦੀ ਸਖ਼ਤ ਕਾਰਵਾਈ ਤੋਂ ਘਬਰਾਇਆ ਹੋਇਆ ਉਕਤ ਸ਼ਰਾਰਤੀ ਅਨਸਰ ਇਟਲੀ ਤੋਂ ਪੰਜਾਬ ਭੱਜ ਆਇਆ ਹੈ, ਜਿਸ ਦੀ ਭਾਲ ਵਾਸਤੇ ਫਤਿਹਗੜ ਸਾਹਿਬ ਦੇ ਸਬੰਧਤ ਪੁਲਸ ਥਾਣੇ ’ਚ ਵੀ ਸੂਚਨਾ ਦੇ ਦਿੱਤੀ ਗਈ ਹੈ। ਕੰਗ ਨੇ ਕਿਹਾ ਕਿ ਇਹ ਸਾਰਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ ’ਚ ਲਿਆਂਦਾ ਗਿਆ ਹੈ ਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਿਅਕਤੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ, ਤੁਰੰਤ ਹੋਵੇਗੀ ‘ਐੱਫ਼. ਆਈ. ਆਰ.’

ਕੰਗ ਨੇ ਇਟਲੀ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ, ਐੱਸ.ਜੀ.ਪੀ.ਸੀ. ਇਟਲੀ, ਦਮਦਮੀ ਟਕਸਾਲ ਇਟਲੀ ਤੇ ਸਤਿਕਾਰ ਕਮੇਟੀਆਂ ਨੂੰ ਹਿਲੂਣਾ ਦਿੰਦਿਆਂ ਕਿਹਾ ਕਿ ਉਹ ਗੂੜੀ ਨੀਂਦ ਤੋਂ ਜਾਗਣ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ, ਕਿਉਂਕਿ ਬੇਅਦਬੀਆਂ ਦਾ ਸੇਕ ਪੰਜਾਬ ਤੋਂ ਬਾਅਦ ਹੁਣ ਯੂਰਪ ਤੱਕ ਪਹੁੰਚ ਗਿਆ ਹੈ। ਕੰਗ ਨੇ ਅਖੀਰ ’ਚ ਆਖਿਆ ਕਿ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਉਕਤ ਦੋਸ਼ੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਜਿਸ ਦੀ ਭਾਲ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News