ਵਿਦੇਸ਼ 'ਚ ਕਪੂਰਥਲਾ ਦੇ ਵਿਅਕਤੀ ਦੀ ਮੌਤ, ਲਾਸ਼ ਵਾਪਸ ਕਰਨ ਲਈ ਮਾਲਕ ਮੰਗ ਰਿਹੈ ਘਰ

Monday, Aug 26, 2024 - 06:30 PM (IST)

ਵਿਦੇਸ਼ 'ਚ ਕਪੂਰਥਲਾ ਦੇ ਵਿਅਕਤੀ ਦੀ ਮੌਤ, ਲਾਸ਼ ਵਾਪਸ ਕਰਨ ਲਈ ਮਾਲਕ ਮੰਗ ਰਿਹੈ ਘਰ

ਲੋਹੀਆਂ ਖਾਸ (ਸੁਖਪਾਲ ਸਿੰਘ ਰਾਜਪੂਤ) : ਕਪੂਰਥਲਾ ਜ਼ਿਲ਼੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇਕ ਵਿਅਕਤੀ ਦੀ ਮਨੀਲਾ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਕੁਲਦੀਪ ਲਾਲ ਦੀ ਵਿਧਵਾ ਪਤਨੀ ਭਜਨ ਕੌਰ ਨੇ ਦੱਸਿਆ ਕਿ 19 ਮਹੀਨੇ ਪਹਿਲਾਂ ਹੀ ਉਸ ਦਾ ਪਤੀ ਮਨੀਲਾ ਗਿਆ ਸੀ। ਉਹ ਉੱਥੇ ਪਿੰਡ ਦੇ ਹੀ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵੱਲੋਂ ਖੋਹਲੇ ਰੈਸਟੋਰੈਂਟ 'ਚ ਕੰਮ ਕਰਦਾ ਸੀ। ਭਜਨ ਕੌਰ ਦਾ ਕਹਿਣਾ ਸੀ ਕਿ ਉਸ ਦਾ ਪਤੀ ਹਲਵਾਈ ਦੇ ਕੰਮ 'ਚ ਮਾਹਿਰ ਸੀ, ਇਸੇ ਕਰਕੇ ਹੀ ਬਲਦੇਵ ਸਿੰਘ ਨੇ ਉਸ ਨੂੰ ਫਿਲਪਾਇਨ ਨਾਲ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ। ਇੰਗਲੈਂਡ ਜਾਣ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰ ਦੀ ਮੰਗ 'ਤੇ ਕਾਰਵਾਈ ਕਰਦਿਆਂ ਇਸ ਬਾਬਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ : ਮੌਤ ਤੋਂ ਕੁਝ ਪਲ ਪਹਿਲਾਂ 23 ਸਾਲਾ ਕੁੜੀ ਦੀ ਵੀਡੀਓ, ਨਹੀਂ ਦੇਖ ਹੁੰਦਾ ਹਾਲ

ਭਜਨ ਕੌਰ ਨੇ ਦੱਸਿਆ ਕਿ ਉਹ ਬਹੁਤ ਸਦਮੇ 'ਚ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੇ ਪਤੀ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਕੁਲਦੀਪ ਲਾਲ ਦਾ ਅੰਤਿਮ ਸੰਸਕਾਰ ਕਰਨ ਨੂੰ ਵੀ ਤਰਸ ਰਿਹਾ ਹੈ। ਭਜਨ ਕੌਰ ਦੀ ਧੀ ਕੁਲਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮਨੀਲਾ 'ਚ 15 ਅਗਸਤ 2024 ਮੌਤ ਹੋ ਗਈ ਸੀ। ਜਿਸ ਦੀ ਲਾਸ਼ ਵਾਪਸ ਭੇਜਣ ਦੇ ਬਦਲੇ ਬਲਦੇਵ ਸਿੰਘ ਉਨ੍ਹਾਂ ਕੋਲੋਂ ਪਿੰਡ ਵਿਚਲਾ 2 ਮਰਲੇ ਦਾ ਘਰ ਆਪਣੇ ਨਾਂਅ ਕਰਨ ਲਈ ਦਬਾਅ ਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਕੀਮਤ ਮਹਿਜ਼ ਤਿੰਨ ਲੱਖ ਤੋਂ ਵੱਧ ਨਹੀਂ ਪਰ ਫਿਰ ਵੀ ਉਨ੍ਹਾਂ ਕੋਲੋਂ ਸਿਰ ਢੱਕਣ ਦਾ ਆਖਰੀ ਸਹਾਰਾ ਵੀ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਲਾਲ ਦਸੰਬਰ 2022 ਵਿਚ ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਲਦੇਵ ਸਿੰਘ ਰਾਹੀ ਵਿਦੇਸ਼ ਗਿਆ ਸੀ। ਆਪਣੇ ਸਾਥੀ ਪਿੰਡ ਵਾਸੀ ਦੇ ਕਹਿਣ 'ਤੇ ਜੋ ਉੱਥੇ ਇਕ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਸੀ। ਬਲਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਚੰਗੀ ਤਨਖਾਹ ਅਤੇ ਉੱਜਵਲ ਭਵਿੱਖ ਦਾ ਵਾਅਦਾ ਕਰਦੇ ਹੋਏ ਕੁਲਦੀਪ ਲਾਲ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਮਨਾ ਲਿਆ ਪਰ ਜਦੋਂ ਉਹ ਵਿਦੇਸ਼ ਪਹੁੰਚਿਆ ਤਾਂ ਹਾਲਾਤ ਬਦ ਤੋਂ ਬਦਤਰ ਹੋ ਗਏ।

ਇਹ ਵੀ ਪੜ੍ਹੋ : ਅਕਾਲੀ ਦਲ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦਾ ਡਿੰਪੀ ਢਿੱਲੋਂ ਨੂੰ ਵੱਡਾ ਆਫਰ

ਭਜਨ ਕੌਰ ਅਨੁਸਾਰ, ਮਾਲਕ ਨੇ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਪਤੀ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੰਦਾ ਸੀ, ਜਿਸ ਕਾਰਨ ਉਹਨਾਂ ਦਾ ਕੁਲਦੀਪ ਲਾਲ ਨਾਲ ਸੰਪਰਕ ਟੁੱਟ ਗਿਆ। ਵਿਧਵਾ ਭਜਨ ਕੌਰ ਨੇ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਕੋਲ ਆਪਣੇ ਪਤੀ ਦੀ ਲਾਸ਼ ਵਾਪਸ ਮੰਗਵਾਉਣ ਦੀ ਮੰਗ ਕੀਤੀ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਲਿਖਤੀ ਪੱਤਰ ਵਿਦੇਸ਼ ਮੰਤਰਾਲੇ ਨੂੰ ਭੇਜਿਆ। ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲੇ ਨੇ ਇਸ 'ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਸੰਤ ਸੀਚੇਵਾਲ ਨੇ ਕੁਲਦੀਪ ਲਾਲ ਦੀ ਲਾਸ਼ ਭੇਜਣ ਦੇ ਬਦਲੇ ਘਰ ਆਪਣੇ ਨਾਂਅ ਕਰਵਾਉਣ ਦੀ ਘਟਨਾ ਨੂੰ ਇਕ ਅਣਮਨੁੱਖੀ ਵਤੀਰਾ ਦੱਸਿਆ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰਾ ਨੇ ਦੱਸਿਆ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਬਲਦੇਵ ਸਿੰਘ ਨੇ ਕੁਲਦੀਪ ਲਾਲ ਨੂੰ ਝਾਂਸੇ ਵਿਚ ਲੈ ਕੇ ਫਿਲਪਾਇਨ ਸੱਦ ਲਿਆ ਸੀ ਪਰ ਉਸਨੂੰ ਬਣਦਾ ਮਿਹਨਤਾਨਾ ਦੇਣ ਦੀ ਥਾਂ ਬੰਦੀ ਬਣਾ ਕਿ ਰੱਖਿਆ, ਜਿਸਦਾ ਨਤੀਜਾ ਉਸਦੀ ਮੌਤ ਨਾਲ ਨਿਕਲਿਆ। ਹੁਣ ਵੀ ਉਹ ਉਸਦੀ ਮ੍ਰਿਤਕ ਦੇਹ ਵਾਪਿਸ ਭੇਜਣ ਲਈ ਪਰਿਵਾਰ ਦਾ ਸ਼ੋਸ਼ਣ ਕਰ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਵਿਧਵਾ ਭਜਨ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਪਿਛਲੇ 19 ਮਹੀਨਿਆਂ ਵਿਚ ਕੁਲਦੀਪ ਲਾਲ ਨੇ ਉਨ੍ਹਾਂ ਨੂੰ ਸਿਰਫ 40,000 ਰੁਪਏ ਦੀ ਮਾਮੂਲੀ ਰਕਮ ਭੇਜੀ ਗਈ, ਜੋ ਕਿ ਵਾਅਦਾ ਕੀਤੀ ਕਮਾਈ ਤੋਂ ਬਹੁਤ ਦੂਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਮਾਲਕ ਉਸ ਦੇ ਪਤੀ ਦੀ ਕੁੱਟਮਾਰ ਕਰਦਾ ਸੀ। ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਦੇ ਉੱਥੇ ਰਹਿਣ ਦੌਰਾਨ ਸੰਭਵ ਤੌਰ 'ਤੇ ਤਸੀਹੇ ਦਿੱਤੇ ਗਏ ਸਨ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਸੁਰੱਖਿਆ ਦੇ ਡਰੋਂ ਚੁੱਪ ਰਹੀ ਕਿਉਂਕਿ ਉਹ ਆਪਣੇ ਪਤੀ ਦੀ ਘਰ ਵਾਪਸੀ ਨੂੰ ਤਰਜੀਹ ਦੇ ਰਹੀ ਸੀ ਪਰ ਮੌਤ ਦੀ ਖਬਰ ਨੇ ਉਨ੍ਹਾਂ ਦਾ ਸਭ ਕੁੱਝ ਖੋਹ ਲਿਆ।

ਇਹ ਵੀ ਪੜ੍ਹੋ : 12 ਸਾਲ ਪਹਿਲਾਂ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ’ਚ ਪੁਲਸ ਅਧਿਕਾਰੀ 'ਕੇ ਡਿੱਗੀ ਗਾਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News