ਹੋਲਾ-ਮਹੱਲਾ ਮੌਕੇ ਸਰਕਾਰ ਤੇ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਰਹੀ ਬੇਹੱਦ ਨਿਰਾਸ਼ਾਜਨਕ- ਸ਼੍ਰੋਮਣੀ ਕਮੇਟੀ

03/09/2023 5:33:54 PM

ਅੰਮ੍ਰਿਤਸਰ/ਸ੍ਰੀ ਅਨੰਦਪੁਰ ਸਾਹਿਬ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਲਾ-ਮਹੱਲਾ ਦੌਰਾਨ ਢਿੱਲੇ ਸਰਕਾਰੀ ਪ੍ਰਬੰਧਾਂ ਦੀ ਕਰੜੀ ਆਲੋਚਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੋਲਾ-ਮਹੱਲਾ ਮੌਕੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਇਥੇ ਪੁੱਜੇ ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਰ ਅਤੇ ਹਰਜੀਤ ਸਿੰਘ ਲਾਲੂਘੁੰਮਣ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਵੱਡੇ ਜੋੜ ਮੇਲੇ ਦੌਰਾਨ ਪੁਲਸ ਅਤੇ ਪ੍ਰਸਾਸ਼ਨ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਸਾਲ ਹੁਣ ਤੱਕ ਦਾ ਸਭ ਤੋਂ ਘਟੀਆ ਪ੍ਰਬੰਧ ਦੇਖਣ ’ਚ ਸਾਹਮਣੇ ਆਇਆ ਹੈ। ਇੱਕ ਸਾਂਝੇ ਬਿਆਨ ’ਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਅਤੇ ਪ੍ਰਸਾਸ਼ਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਹੋਲੇ-ਮਹੱਲੇ ਜਿਹੇ ਵੱਡੇ ਜੋੜ ਮੇਲੇ ਦੌਰਾਨ ਸੰਗਤ ਅਤੇ ਲੋਕਾਂ ਦੀ ਸੁਰੱਖਿਆ, ਆਵਾਜਾਈ, ਟ੍ਰੈਫਿਕ ਵਿਵਸਥਾ ਦੇ ਵਿਸ਼ੇਸ਼ ਪ੍ਰਬੰਧ ਕਰਨ ਪਰ ਇਸ ਵਿੱਚ ਸਰਕਾਰੀ ਤੰਤਰ ਪੂਰੀ ਤਰ੍ਹਾਂ ਨਾਕਾਮਯਾਬ ਨਜ਼ਰ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਅਜਿਹੀ ਢਿੱਲੀ ਵਿਵਸਥਾ ਨਾਲ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੋਂ ਲੈ ਕੇ ਖਾਲਿਸਤਾਨ ਵਰਗੇ ਮੁੱਦਿਆਂ ’ਤੇ ਖੁੱਲ੍ਹ ਕੇ ਬੋਲੇ ਮਨਿੰਦਰਜੀਤ ਸਿੰਘ ਬਿੱਟਾ

ਉਨ੍ਹਾਂ ਆਖਿਆ ਕਿ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਰਧਾ ਨਾਲ ਪੁੱਜਦੀ ਹੈ, ਜਿਸ ਲਈ ਸੰਜੀਦਗੀ ਨਾਲ ਉਚੇਚੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਨੌਜਵਾਨ ਸਿੱਖ ਦੇ ਕਤਲ ਦੀ ਘਟਨਾ ਸਾਹਮਣੇ ਆਉਂਦੀ ਹੈ ਜੋ ਬਹੁਤ ਹੀ ਮੰਦਭਾਗੀ ਹੈ। ਇਹ ਪ੍ਰਸ਼ਾਸ਼ਨ ਅਤੇ ਪੁਲਸ ਦੀ ਲਾਪਰਵਾਹੀ ਦਾ ਹੀ ਨਤੀਜਾ ਹੈ। ਸ਼੍ਰੋਮਣੀ ਕਮੇਟੀ ਇਸ ਘਟਨਾ ਦੀ ਕਰੜੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਸ਼ਾਸ਼ਨਿਕ ਲਾਪਰਵਾਹੀ ਦਾ ਸੰਗਤ ਅੰਦਰ ਵੀ ਭਾਰੀ ਰੋਸ ਨਜ਼ਰ ਆ ਰਿਹਾ ਹੈ। ਕਿਉਂਕਿ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਜਿੱਥੇ ਪ੍ਰਬੰਧ ਲੋੜੀਂਦੇ ਸਨ ਉੱਥੇ ਕੀਤੇ ਨਹੀਂ ਗਏ, ਜਦਕਿ  ਸੰਗਤ ਨੂੰ ਖ਼ਵਾਰ ਕਰਨ ਲਈ ਬੇਤਰਤੀਬੀ ਵਿਉਂਤਬੰਦੀ ਸਗੋਂ ਹੀ ਸੰਗਤਾਂ ਲਈ ਮੁਸ਼ਕਿਲਾਂ ਪੈਦਾ ਕਰਦੀ  ਰਹੀ।

ਇਹ ਵੀ ਪੜ੍ਹੋ : ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੀਮੋ, ਹਾਈ ਕੋਰਟ ਦੇ ਜੱਜ ਤੋਂ ਸ਼ਰਾਬ ਨੀਤੀ ਦੀ ਜਾਂਚ ਕਰਵਾਉਣ ਦਾ ਕੀਤੀ ਬੇਨਤੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News