ਫੇਕ ਮੈਸੇਜਾਂ ਨੇ ਪੰਜਾਬ 'ਚ ਛੁੱਟੀ ਦਾ ਭੰਬਲਭੂਸਾ ਪਾਈ ਰੱਖਿਆ

08/13/2019 9:45:35 AM

ਸੰਗਰੂਰ( ਯਾਦਵਿੰਦਰ)— ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹੁਣ ਦੇ ਵਿਰੋਧ ਵਿੱਚ ਵੱਖ-ਵੱਖ ਧਾਰਮਿਕ ਅਤੇ ਰਾਜਨੀਤਕ ਸੰਗਠਨਾਂ ਵੱਲੋਂ ਮੰਗਲਵਾਰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਵੇਖਦਿਆਂ ਸੂਬੇ ਦੇ ਤਿੰਨ ਚਾਰ ਜ਼ਿਲਿਆਂ ਅੰਦਰ ਪ੍ਰਸ਼ਾਸਨ ਵੱਲੋਂ ਸਰੁੱਖਿਆ ਨੂੰ ਧਿਆਨ 'ਚ ਰੱਖਦਿਆਂ ਵਿੱਦਿਅਕ ਸੰਸਥਾਵਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਪਰ ਸੋਸ਼ਲ ਮੀਡੀਆ ਉਪਰ ਪੰਜਾਬ ਦੇ ਬਾਕੀ ਹੋਰਨਾਂ ਜ਼ਿਲਿਆਂ ਅੰਦਰ ਵੀ ਛੁੱਟੀ ਕੀਤੇ ਜਾਣ ਦੇ ਵਾਇਰਲ ਹੋਏ ਫੇਕ ਮੈਸੇਜਾਂ ਨੇ ਲੋਕਾਂ ਨੂੰ ਭੁਬਲਭੂਸੇ 'ਚ ਪਾਈ ਰੱਖਿਆ। ਸੋਸ਼ਲ ਮੀਡੀਆ (ਵਟਸਐਪ ਤੇ ਫੇਸਬੁੱਕ) 'ਤੇ ਸੋਮਵਾਰ ਸ਼ਾਮ ਨੂੰ ਹੀ ਅਜਿਹੇ ਮੈਸੇਜ ਵਾਇਰਲ ਹੋਣ ਲੱਗ ਪਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੇ ਸਾਰੇ ਜ਼ਿਲਿਆਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ, ਪੰਜਾਬ ਦੇ ਸਿੱਖਿਆ ਮੰਤਰੀ ਨੇ ਸੂਬੇ ਦੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਹੈ ਅਤੇ ਜ਼ਿਲਾ ਸੰਗਰੂਰ ਦੇ ਪ੍ਰਸ਼ਾਸਨ ਅਧਿਕਾਰੀ ਦਾ ਵੀ ਇਕ ਫੇਕ ਛੁੱਟੀ ਦੇ ਨੋਟੀਫਿਕੇਸ਼ਨ ਵਾਲਾ ਮੈਸੇਜ ਸੋਸ਼ਲ ਮੀਡੀਆ 'ਤੇ ਘੁੰਮਦਾ ਰਿਹਾ। 

ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਿੱਜੀ ਸਹਾਇਕ ਨੇ ਕਿਹਾ ਕਿ ਮੰਤਰੀ ਜੀ ਵੱਲੋਂ ਸਕੂਲਾਂ 'ਚ ਛੁੱਟੀ ਸਬੰਧੀ ਕੋਈ ਮੈਸੇਜ ਨਹੀਂ ਪਾਇਆ ਗਿਆ। ਸਿਖਿਆ ਵਿਭਾਗ ਵੱਲੋਂ ਸਿਰਫ 13 ਅਗਸਤ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕੀਤਾ ਗਿਆ ਹੈ। ਦੱਸਣਯੋਗ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਛੁੱਟੀ ਦਾ ਵਾਇਰਲ ਹੋਇਆ ਫੇਕ ਮੈਸੇਜ ਵੀ ਪੁਰਾਣਾ ਹੈ ਅਤੇ ਇਸ ਨੂੰ ਤੋੜ ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ।


shivani attri

Content Editor

Related News