ਟ੍ਰੈਫਿਕ ਜਾਮ ਕਰਕੇ ਸਰਪੰਚ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Tuesday, Mar 13, 2018 - 04:39 PM (IST)

ਟਾਂਡਾ(ਮੋਮੀ, ਪੰਡਿਤ)— ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਪਿੰਡ ਹੰਬੜਾ ਨੇੜੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਖਿਲਾਫ ਜਾਮ ਲਗਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਕਰੀਬ 2 ਵਜੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਮੁੰਦਰੀ ਰਾਮ ਖਿਲਾਫ ਟਾਂਡਾ ਹੁਸ਼ਿਆਰਪੁਰ ਮਾਰਗ 'ਤੇ ਟ੍ਰੈਫਿਕ ਜਾਮ ਕਰਦੇ ਹੋਏ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਪੰਚ ਮੁੰਦਰੀ ਰਾਮ ਵੱਲੋਂ ਸਰਕਾਰੀ ਗ੍ਰਾਂਟਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਪਿੰਡ 'ਚ ਪਿਛਲੇ ਲੰਬੇ ਸਮੇਂ ਤੋਂ ਕੋਈ ਵਿਕਾਸ ਨਹੀਂ ਹੋਇਆ। ਇਸ ਦੇ ਕਰਕੇ ਪਿੰਡ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਹੈ। ਪਿੰਡ ਵਾਸੀਆਂ 'ਚ ਸ਼ਾਮਲ ਨੰਬਰਦਾਰ ਹਰਬੰਸ ਸਿੰਘ, ਗਿਆਨ ਸਿੰਘ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ, ਗਿਆਨੋ ਦੇਵੀ, ਸੋਨੂੰ ਹੰਬੜਾ ਆਦਿ ਨੇ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਟਾਂਡਾ ਦੇ ਪ੍ਰਦੀਪ ਕੁਮਾਰ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਸਰਕਾਰ ਵੱਲੋਂ ਜਾਰੀ ਗ੍ਰਾਂਟਾਂ ਸਬੰਧੀ ਜਾਂਚ ਕਰਕੇ ਸਰਪੰਚ ਮੁੰਦਰੀ ਰਾਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਥਾਣਾ ਮੁਖੀ ਵੱਲੋਂ ਜਦੋਂ ਇਹ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਸ਼ਿਕਾਇਤ ਸਬੰਧਤ ਵਿਭਾਗ ਤੱਕ ਪਹੁੰਚਾ ਦਿੱਤੀ ਜਾਵੇਗੀ ਤਾਂ ਫਿਰ ਪਿੰਡ ਵਾਸੀਆਂ ਵੱਲੋਂ ਰੋਸ ਧਰਨਾ ਖਤਮ ਕੀਤਾ ਗਿਆ।
ਕੀ ਕਹਿੰਦੇ ਹਨ ਸਰਪੰਚ?
ਜਦੋਂ ਸਰਪੰਚ ਮੁੰਦਰੀ ਰਾਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਉਨ੍ਹਾਂ ਖਿਲਾਫ ਲਗਾਏ ਗਏ ਰੋਸ ਬੇਬੁਨਿਆਦ ਹਨ ਅਤੇ ਇਹ ਸਭ ਕੁਝ ਉਨ੍ਹਾਂ ਖਿਲਾਫ ਸਿਆਸੀ ਰੰਜਿਸ਼ ਤਹਿਤ ਕੀਤਾ ਜਾ ਰਿਹਾ ਹੈ।