ਦਿੱਲੀ ''ਚ ''ਆਪ'' ਵਿਧਾਇਕਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ''ਚ ਉਪ ਰਾਜਪਾਲ ਦਾ ਫੂਕਿਆ ਪੁਤਲਾ

02/27/2018 12:42:56 PM

ਹੁਸ਼ਿਆਰਪੁਰ (ਘੁੰਮਣ)— ਦੇਸ਼ ਦੀ ਕੇਂਦਰ ਸਰਕਾਰ ਆਮ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਪਰ ਜੋ ਲੋਕ ਦੇਸ਼ ਵਿਚ ਵੱਡੇ-ਵੱਡੇ ਕਰੋੜਾਂ ਦੇ ਘਪਲੇ ਕਰ ਰਹੇ ਉਨ੍ਹਾਂ ਨੂੰ ਹੱਥ ਤੱਕ ਨਹੀਂ ਪਾ ਰਹੀ। ਕੇਂਦਰ ਸਰਕਾਰ ਦੀ ਸ਼ਹਿ 'ਤੇ ਹੀ ਦਿੱਲੀ 'ਚ ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਭਾਜਪਾ ਦੀ ਸ਼ਹਿ ਉੱਤੇ ਹੀ ਪੁਲਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 'ਚ ਛਾਪੇ ਮਾਰ ਰਹੀ ਹੈ। ਇਸ ਦੇ ਵਿਰੋਧ ਵਿਚ ਸੋਮਵਾਰ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਜਨਰਲ ਸਕੱਤਰ ਪੰਜਾਬ ਜਸਵੀਰ ਸਿੰਘ ਰਾਜਾ ਅਤੇ ਡਾ. ਰਵਜੋਤ ਦੀ ਅਗਵਾਈ 'ਚ ਪਾਰਟੀ ਦਫਤਰ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਸਦਰ ਥਾਣਾ ਚੌਕ, ਮਾਹਿਲਪੁਰ ਅੱਡਾ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੇ ਹੋਏ ਡੀ. ਸੀ. ਦਫਤਰ ਦੇ ਬਾਹਰ ਪੁੱਜਾ, ਜਿੱਥੇ ਸਾਰੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਂਜਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤਮਈ ਢੰਗ ਨਾਲ ਰੋਸ ਜਤਾਇਆ ।
ਇਸ ਮੌਕੇ ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਡਾ. ਰਵਜੋਤ ਅਤੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਜਿਸ ਤਰ੍ਹਾਂ ਨੀਰਵ ਮੋਦੀ ਬੈਂਕ ਨਾਲ 11 ਹਜ਼ਾਰ 330 ਕਰੋੜ ਦਾ ਘਪਲਾ ਕਰਕੇ ਵਿਦੇਸ਼ਾਂ ਵਿਚ ਭਜ ਗਿਆ, ਉਸਦੇ ਖਿਲਾਫ ਕੇਂਦਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਹਰ ਬੈਂਕ ਆਮ ਲੋਕਾਂ ਨੂੰ ਲੋਨ ਦੇਣ ਲਈ ਜਗ੍ਹਾ-ਜਗ੍ਹਾ 'ਤੇ ਸਾਈਨ ਕਰਵਾਉਂਦੀ ਹੈ ਅਤੇ ਗਰੰਟੀ ਲੈਂਦੀ ਹੈ ਪਰ ਐਨੇ ਵੱਡੇ ਘਪਲੇ ਵਿਚ ਬੈਂਕ ਨੇ ਕੋਈ ਗਰੰਟੀ ਤੱਕ ਨਹੀਂ ਲਈ, ਜਿਸ ਤੋਂ ਸਾਫ ਹੈ ਕਿ ਇਹ ਸਭ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਸਚਦੇਵਾ ਨੇ ਕਿਹਾ ਕਿ ਦਿੱਲੀ ਵਿਚ ਭਾਜਪਾ ਹੁਣ ਤੱਕ ਆਪਣੀ ਹਾਰ ਨੂੰ ਨਹੀਂ ਭੁਲਾ ਸਕੀ ਹੈ, ਉਨ੍ਹਾਂ ਨੇ ਕਿਹਾ ਕਿ ਦਿੱਲੀ  ਦੇ 2 ਵਿਧਾਇਕਾਂ ਨੂੰ ਗ੍ਰਿਫਤਾਰ ਕਰਨਾ ਅਤੇ ਮੁੱਖ ਮੰਤਰੀ ਦੇ ਘਰ 'ਚ ਛਾਪੇ ਮਾਰਨਾ ਵੀ ਇਸੇ ਕੜੀ ਦਾ ਹਿੱਸਾ ਹੈ। 
ਇਸ ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਸਿਟੀ ਪ੍ਰਧਾਨ ਮਦਨ ਲਾਲ ਸੂਦ, ਰੂਰਲ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਵਾਈਸ ਪ੍ਰਧਾਨ ਦੋਆਬਾ ਜ਼ੋਨ ਗੁਰਵਿੰਦਰ ਸਿੰਘ ਅਨੰਦ, ਵਾਈਸ ਪ੍ਰਧਾਨ ਦੋਆਬਾ ਜ਼ੋਨ ਗੁਰਧਿਆਨ ਸਿੰਘ ਮੁਲਤਾਨੀ, ਸਿਟੀ ਵਾਈਸ ਪ੍ਰਧਾਨ ਕਸ਼ਮੀਰ ਸਿੰਘ, ਜਨਰਲ ਸਕੱਤਰ ਦੋਆਬਾ ਜ਼ੋਨ ਪ੍ਰੋ. ਹਰਬੰਸ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ 'ਆਪ' ਦੇ ਆਗੂ ਅਤੇ ਵਰਕਰ ਮੌਜੂਦ ਸਨ।


Related News