ਸਦਨ ’ਚ ਬੋਲੇ ਮੁੱਖ ਮੰਤਰੀ ਮਾਨ, ਫਰਜ਼ ਤੋਂ ਭੱਜੀ ਕਾਂਗਰਸ, ਚੋਣਾਂ ’ਚ ਜਨਤਾ ਸਿਖਾਏਗੀ ਸਬਕ

03/06/2024 6:45:08 PM

ਚੰਡੀਗੜ੍ਹ : ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਸੀ ਉਹ ਕਰਕੇ ਵਿਖਾਇਆ ਹੈ। ਬਜਟ ਮੁੱਖ ਤੌਰ ’ਤੇ ਸਿਹਤ ਅਤੇ ਸਿੱਖਿਆ ਖੇਤਰਾਂ ’ਤੇ ਕੇਂਦਰਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ 40 ਹਜ਼ਾਰ 437 ਨੌਕਰੀਆਂ ਦੇ ਚੁੱਕੀ ਹੈ। ਸਦਨ ਵਿਚ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜੇ ਕੋਈ ਪਾਰਟੀ 100 ਦਿਨਾਂ ਵਿਚ ਕੋਈ ਵਾਅਦਾ ਨਿਭਾਉਣ ਦੀ ਗੱਲ ਕਰਦੀ ਹੈ ਤਾਂ ਜੇ ਉਹ ਵਾਅਦਾ 100 ਦਿਨਾਂ ਵਿਚ ਪੂਰਾ ਨਹੀਂ ਕੀਤਾ ਜਾਂਦਾ ਤਾਂ 101ਵੇਂ ਦਿਨ ਉਸ ਪਾਰਟੀ ’ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਹਿਲਾਂ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਦੇਖ ਕੇ ਮੈਨੀਫੈਸਟੋ ਬਣਦੇ ਸਨ। ਮੈਂ ਪਾਰਲੀਮੈਂਟ ਵਿਚ ਕਿਹਾ ਸੀ ਕਿ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ, ਜਦੋਂ ਕੋਈ ਪਾਰਟੀ ਜਿੱਤ ਜਾਵੇ ਅਤੇ ਸਰਕਾਰ ਬਣ ਜਾਵੇ ਤਾਂ ਸਰਕਾਰ ਇਕ ਬਾਡੀ ਬਣਾਵੇ, ਜੋ ਮੈਨੀਫੈਸਟੋ ਨੂੰ ਦੇਖੇ, ਟਾਈਮ ਬਾਊਂਡ ਵਾਅਦੇ ਦੇਖੇ ਜਾਣ ਜੇ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਉਸ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ। 

ਇਹ ਵੀ ਪੜ੍ਹੋ : ਪੰਜਾਬ ਦਾ ਬਜਟ ਪਹਿਲੀ ਵਾਰ 2 ਲੱਖ ਕਰੋੜ ਤੋਂ ਵੱਧ, ਵਿੱਤ ਮੰਤਰੀ ਨੇ ਸੂਬੇ ਦੇ ਸਕੂਲਾਂ ਲਈ ਕੀਤੇ ਵੱਡੇ ਐਲਾਨ

ਭਾਜਪਾ ਨੇ ਪਹਿਲਾਂ 15 ਲੱਖ ਰੁਪਏ ਅਤੇ 1 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਜੋ ਅੱਜ ਤਕ ਪੂਰਾ ਨਹੀਂ ਕੀਤਾ ਗਿਆ। 2019 ਵਿਚ ਚੌਕੀਦਾਰ ਬਣਾਏ ਗਏ ਅਤੇ ਹੁਣ ਪਰਿਵਾਰ ਦੇ ਮੈਂਬਰ ਬਣ ਗਏ। ਕੇਜਰੀਵਾਲ ਨੇ ਗਾਰੰਟੀ ਸ਼ੁਰੂ ਕੀਤੀ ਜਿਸ ਨੂੰ ਦੇਖ ਕੇ ਹੁਣ ਭਾਜਪਾ ਨੇ ਵੀ ਗਾਰੰਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਅਸੀਂ ਸਿਆਸਤ ਕਰਨ ਨਹੀਂ ਸਗੋਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਆਏ ਹਾਂ। ਅਸੀਂ ਜੋ ਕਿਹਾ ਉਹ ਕਰਕੇ ਵਿਖਾਇਆ ਹੈ ਜਦੋਂ ਕਿਸੇ ਘਰ ਵਿਚ ਸਰਕਾਰੀ ਨੌਕਰੀ ਮਿਲਦੀ ਹੈ ਤਾਂ ਉਸ ਘਰ ਦੀ ਪੀੜ੍ਹੀ ਬਦਲ ਜਾਂਦੀ ਹੈ। ਪਹਿਲਾਂ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਨੌਕਰੀਆਂ ਵੰਡਣੀਆਂ ਸ਼ੁਰੂ ਕੀਤੀਆਂ, ਹੁਣ ਅਸੀਂ ਪੰਜਾਬ ਵਿਚ ਵੱਡੇ ਪੱਧਰ ’ਤੇ ਨੌਕਰੀਆਂ ਦੇ ਰਹੇ ਹਾਂ, ਜਿਸ ਨੂੰ ਦੇਖ ਕੇ ਵਿਰੋਧੀ ਬੌਖਲਾ ਗਏ ਹਨ, ਵਿਰੋਧੀਆਂ ਨੂੰ ਯਕੀਨ ਨਹੀਂ ਹੋ ਰਿਹਾ ਕਿਉਂਕਿ ਉਨ੍ਹਾਂ ਨੇ ਕਦੇ ਨੌਕਰੀਆਂ ਦਿੱਤੀਆਂ ਹੀ ਨਹੀਂ ਸੀ।

ਆਪਣੇ ਫਰਜ਼ ਤੋਂ ਭੱਜੀ ਕਾਂਗਰਸ

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਸਦਨ ਵਿਚੋਂ ਬਾਹਰ ਭੱਜ ਜਾਂਦੀ ਹੈ ਜਦਕਿ ਕਾਂਗਰਸ ਦਾ ਫਰਜ਼ ਬਣਦਾ ਸੀ ਕਿ ਜਦੋਂ ਪੰਜਾਬ ਦਾ ਬਜਟ ਪਾਸ ਹੋਵੇ ਤਾਂ ਉਹ ਸਦਨ ਵਿਚ ਮੌਜੂਦ ਰਹਿਣ। ਲੋਕਾਂ ਨੇ ਇਨ੍ਹਾਂ ਨੂੰ ਇਸ ਲਈ ਨਹੀਂ ਚੁਣ ਕੇ ਭੇਜਿਆ ਕਿ ਸਦਨ ਵਿਚੋਂ ਹਰ ਵਾਰ ਵਾਕਆਊਟ ਕਰਨ। ਮਾਨ ਨੇ ਕਿਹਾ ਕਿ ਮੈਨੂੰ ਸੰਸਦ ਵਿਚ 40 ਸੈਕਿੰਡ ਬੋਲਣ ਨੂੰ ਮਿਲਦੇ ਸਨ ਜਿਸ ’ਤੇ ਮੈਂ ਬੋਲਦਾ ਵੀ ਸੀ ਕਿਉਂਕਿ ਮੇਰਾ ਫਰਜ਼ ਸੀ ਪਰ ਕਾਂਗਰਸ ਨੇ ਸਮਾਂ ਮਿਲਣ ਦੇ ਬਾਵਜੂਦ ਵੀ ਆਪਣਾ ਫਰਜ਼ ਨਹੀਂ ਨਿਭਾਇਆ ਹੈ। ਲੋਕ ਸਭ ਦੇਖ ਰਹੇ ਹਨ ਕਿ ਜਿਸ ਦਾ ਖਮਿਆਜ਼ਾ ਇਨ੍ਹਾਂ ਨੂੰ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News