ਜੈਜੋਂ ਕਾਰ ਹਾਦਸਾ : ਤਿੰਨ ਦਿਨ ਬਾਅਦ ਵੀ ਸਰਚ ਟੀਮ ਦੇ ਹੱਥ ਖ਼ਾਲੀ, ਪਾਣੀ ''ਚ ਰੁੜ੍ਹੇ ਲੋਕਾਂ ਦਾ ਨਹੀਂ ਮਿਲਿਆ ਕੋਈ ਸੁਰਾਗ
Tuesday, Aug 13, 2024 - 11:39 PM (IST)
ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਹਾੜੀ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਜੈਜੋਂ ਪਿੰਡ ਦੇ ਨਾਲ ਲੱਗਦੇ ਪਿੰਡਾਂ 'ਚ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਬਣਾਈ ਗਈ ਫੋਰਸ ਅਤੇ ਡੌਗ ਸਕੁਐਡ ਦੇ ਕਰਮਚਾਰੀ ਬਰਸਾਤੀ ਪਾਣੀ 'ਚ ਰੁੜ੍ਹਨ ਕਾਰਨ ਲਾਪਤਾ ਹੋਏ ਲੋਕਾਂ ਦੀ ਭਾਲ ਤੀਸਰੇ ਦਿਨ ਵੀ ਕਰਦੇ ਰਹੇ। ਪਰ ਪਾਣੀ 'ਚ ਰੁੜ੍ਹ ਗਈ ਕਾਰ 'ਚੋਂ ਲਾਪਤਾ ਦੋ ਵਿਅਕਤੀਆਂ ਦੀ ਭਾਲ ਜਾਰੀ ਰਹੀ, ਪਰ ਪਰ ਸ਼ਾਮ 5 ਵਜੇ ਤੱਕ ਇਹ ਟੀਮਾਂ ਲਾਪਤਾ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਲੱਭ ਸਕੀਆਂ।
ਐੱਸ.ਆਰ.ਡੀ.ਐੱਫ. ਟੀਮ ਦੇ ਇੰਚਾਰਜ ਐੱਸ.ਆਈ. ਦੀਪਕ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਦੇ 16 ਮੈਂਬਰ ਪਾਣੀ ਵਿੱਚ ਰੁੜ੍ਹੇ ਲਾਪਤਾ ਲੋਕਾਂ ਦੀ ਭਾਲ ਲਈ ਪਿਛਲੇ ਤਿੰਨ ਦਿਨਾਂ ਤੋਂ ਸਰਚ ਅਭਿਆਨ ਚਲਾ ਰਹੇ ਹਨ, ਪਰ ਅਜੇ ਤੱਕ ਕਿਸੇ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਇਸ ਦੌਰਾਨ ਜਾਂਚ ਅਭਿਆਨ ਦੀ ਅਗਵਾਈ ਕਰ ਰਹੇ ਜੈਜੋਂ ਚੌਕੀ ਦੇ ਇੰਚਾਰਜ ਮੰਨਾ ਸਿੰਘ ਅਤੇ ਏ.ਐੱਸ.ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਰਚ ਅਪਰੇਸ਼ਨ 'ਚ ਲਲਵਾਨ ਤਿੰਨ ਟਰੈਕਟਰਾਂ ਅਤੇ ਇੱਕ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਕਰੀਬ ਢਾਈ ਕਿਲੋਮੀਟਰ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ਼ੱਕੀ ਥਾਵਾਂ 'ਤੇ ਖੁਦਾਈ ਕੀਤੀ ਗਈ ਪਰ ਇਸ ਦੇ ਬਾਵਜੂਦ ਲਾਪਤਾ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਸਵੇਰੇ 10.30 ਵਜੇ ਜੈਜੋਂ ਦੀ ਖੱਡ 'ਚ ਹਿਮਾਚਲ ਤੋਂ ਆਈ ਇਕ ਇਨੋਵਾ ਕਾਰ ਪਾਣੀ 'ਚ ਰੁੜ੍ਹ ਗਈ ਸੀ ਅਤੇ ਉਸ 'ਚ ਸਵਾਰ 12 ਯਾਤਰੀ ਪਾਣੀ 'ਚ ਰੁੜ੍ਹ ਗਏ। ਬਾਅਦ 'ਚ ਕੁਝ ਨੌਜਵਾਨਾਂ ਨੇ ਇਨ੍ਹਾਂ 'ਚੋਂ ਇਕ ਨੂੰ ਜ਼ਿੰਦਾ ਬਚਾ ਲਿਆ ਸੀ ਅਤੇ ਬਾਕੀ ਰੁੜ੍ਹੇ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਸਨ। ਪਾਣੀ 'ਚ ਰੁੜ੍ਹ ਜਾਣ ਕਾਰਨ 2 ਲੋਕ ਲਾਪਤਾ ਹੋ ਗਏ, ਜਿਨ੍ਹਾਂ ਨੂੰ ਲੱਭਣ ਲਈ ਤਿੰਨ ਦਿਨਾਂ ਤੋਂ ਯਤਨ ਜਾਰੀ ਹਨ। ਇਨੋਵਾ ਵਿੱਚ ਸਵਾਰ ਸਾਰੇ ਲੋਕ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਦੇਹਲਾ ਅਤੇ ਭਟੋਲੀ ਦੇ ਵਸਨੀਕ ਸਨ ਅਤੇ ਪੰਜਾਬ ਦੇ ਨਵਾਂਸ਼ਹਿਰ ਦੇ ਇੱਕ ਪਿੰਡ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਆ ਰਹੇ ਸਨ।
ਇਹ ਵੀ ਪੜ੍ਹੋ- ਹਸਪਤਾਲ 'ਚ 'ਬੱਤੀ ਗੁੱਲ',ਹਨੇਰੇ 'ਚ ਨਾ ਲੱਭੇ ਡਾਕਟਰ ਤਾਂ 'ਰੌਸ਼ਨੀ' ਨੇ ਆਟੋ 'ਚ ਦਿੱਤਾ ਬੱਚੇ ਨੂੰ ਜਨਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e