ਮੁਹੱਲਿਆਂ ਤੇ ਗਲੀਆਂ ''ਚੋਂ ਗੰਦਗੀ ਦੇ ਢੇਰ ਨਾ ਚੁੱਕਣ ਕਾਰਨ ਲੋਕਾਂ ''ਚ ਰੋਸ

07/05/2017 12:51:05 AM

ਰੂਪਨਗਰ, (ਵਿਜੇ)- ਇਕ ਪਾਸੇ 'ਸਵੱਛ ਭਾਰਤ ਅਭਿਆਨ' ਤਹਿਤ ਗਲੀ-ਮੁਹੱਲਿਆਂ 'ਚ ਸਾਫ-ਸਫਾਈ ਰੱਖਣ ਦਾ ਟੰਡੋਰਾ ਪਿੱਟਿਆ ਜਾ ਰਿਹਾ ਹੈ ਦੂਜੇ ਪਾਸੇ ਰੂਪਨਗਰ ਸ਼ਹਿਰ ਦੇ ਗਲੀ-ਮੁਹੱਲਿਆਂ 'ਚ ਜਮ੍ਹਾ ਗੰਦਗੀ ਪ੍ਰੇਸ਼ਾਨੀਆਂ 'ਚ ਭਾਰੀ ਵਾਧਾ ਕਰ ਰਹੀ ਹੈ। ਇਥੋਂ ਤੱਕ ਕਿ ਸਰਵਜਨਕ ਅਦਾਰਿਆਂ ਤੇ ਸਕੂਲਾਂ ਦੇ ਸਾਹਮਣੇ ਲੱਗੇ ਗੰਦਗੀ ਦੇ ਢੇਰ ਜਿਥੇ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ ਉਥੇ ਹੀ ਸ਼ਹਿਰ 'ਚ ਸਫਾਈ ਵਿਵਸਥਾ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਦੇ ਦਾਅਵੇ ਠੁੱਸ ਸਾਬਤ ਹੋਏ ਹਨ। 
ਬਰਸਾਤ ਦਾ ਮੌਸਮ ਹੋਣ ਕਾਰਨ ਸਥਾਨਕ ਜੀ.ਐੱਮ.ਐੱਨ. ਗਾਂਧੀ ਸਕੂਲ ਦੇ ਨੇੜੇ ਲੱਗੇ ਗੰਦਗੀ ਦੇ ਢੇਰ ਤੇ ਉਸ 'ਤੇ ਪਏ ਮ੍ਰਿਤਕ ਜੰਤੂਆਂ ਤੋਂ ਉੱਠਣ ਵਾਲੀ ਬਦਬੂ ਤੋਂ ਸਕੂਲੀ ਵਿਦਿਆਰਥੀ ਅਤੇ ਆਸਪਾਸ ਦੇ ਦੁਕਾਨਦਾਰ ਕਾਫੀ ਪ੍ਰੇਸ਼ਾਨ ਹਨ। ਉਕਤ ਮਾਰਗ 'ਤੇ ਉੱਗੀ ਭੰਗ-ਬੂਟੀ ਦੀ ਸਫਾਈ ਨਾ ਕਰਵਾਏ ਜਾਣ ਕਾਰਨ ਵੀ ਇਥੇ ਖਤਰਨਾਕ ਜੀਵ-ਜੰਤੂਆਂ ਦੇ ਘਰਾਂ 'ਚ ਵੜਨ ਨੂੰ ਲੈ ਕੇ ਲੋਕਾਂ 'ਚ ਚਿੰਤਾ ਬਣੀ ਹੋਈ ਹੈ।  ਬਰਸਾਤ ਦੇ ਸਮੇਂ ਇਹ ਜਮ੍ਹਾ ਗੰਦਗੀ ਸੜਕਾਂ 'ਤੇ ਫੈਲ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਬਰਸਾਤ ਦੇ ਸੀਜ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਾਰੇ ਨਾਲੇ-ਨਾਲੀਆਂ ਦੀ ਸਫਾਈ ਕਰਵਾਏ ਜਾਣ ਦੇ ਹੁਕਮ ਜਾਰੀ ਕਰ ਰੱਖੇ ਹਨ ਉਥੇ ਹੀ ਗਲੀ-ਮੁਹੱਲਿਆਂ 'ਚ ਜਮ੍ਹਾ ਗੰਦਗੀ ਦੇ ਢੇਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢਣ ਦਾ ਕੰਮ ਕਰ ਰਹੇ ਹਨ।
ਕੀ ਕਹਿੰਦੇ ਨੇ ਕੌਂਸਲਰ- ਜਦੋਂ ਇਸ ਸਬੰਧੀ ਵਾਰਡ ਦੇ ਕੌਂਸਲਰ ਹਰਮਿੰਦਰ ਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਤੇ ਬਾਅਦ 'ਚ ਉਨ੍ਹਾਂ ਦਾ ਫੋਨ ਸਵਿੱਚ ਆਫ ਪਾਇਆ ਗਿਆ।
ਕੀ ਕਹਿਣਾ ਹੈ ਈ. ਓ. ਦਾ- ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਭੂਸ਼ਣ ਕੁਮਾਰ ਜੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਸਫਾਈ ਸੇਵਕਾਂ ਦੀ ਡਿਊਟੀ ਲਾ ਕੇ ਉਕਤ ਸਮੱਸਿਆ ਦਾ ਹੱਲ ਕਰਵਾਉਣਗੇ।
ਕੀ ਕਹਿੰਦੇ ਨੇ ਮੁਹੱਲਾ ਨਿਵਾਸੀ- ਇਸ ਸਬੰਧੀ ਮੁਹੱਲਾ ਨਿਵਾਸੀ ਕੁਲਦੀਪ ਸਿੰਘ, ਗੁਰਬਚਨ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ, ਤੇਜਾ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਆਦਿ ਨੇ ਕਿਹਾ ਕਿ ਸਫਾਈ ਵਿਵਸਥਾ ਵਿਗੜ ਚੁੱਕੀ ਹੈ ਤੇ ਗੰਦਗੀ ਤੇ ਕੂੜਾ ਕਰਕਟ ਚੁੱਕਣ ਨੂੰ ਲੈ ਕੇ ਉੱਚਿਤ ਵਿਵਸਥਾ ਦੀ ਘਾਟ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤਾਂ ਕਾਰਨ ਗਲੀਆਂ-ਨਾਲੀਆਂ ਦੀ ਸਫਾਈ ਤੇ ਗੰਦਗੀ ਦੇ ਢੇਰਾਂ ਨੂੰ ਹਟਾਏ ਜਾਣ ਨੂੰ ਲੈ ਕੇ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ।


Related News