ਮੀਂਹ ਦੀ ਮੰਨਤ ਸਬੰਧੀ ਹਲ ਦੀ ਪੰਜਾਲੀ ’ਚ ਬਲਦਾਂ ਦੀ ਥਾਂ ਜੁੜੇ ਆਦਮੀ

Saturday, Jun 15, 2024 - 12:58 PM (IST)

ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ)- ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਤੇਜ਼ ਵਗ ਰਹੀਆਂ ਪੱਛਮ ਦੀਆਂ ਗਰਮ ਅਤੇ ਖੁਸ਼ਕ ਹਵਾਵਾਂ ਨਾਲ ਜਨਜੀਵਨ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ। ਖਾਸ ਕਰ ਕੇ ਜੀਰੀ ਦੀ ਫਸਲ ਦੀ ਲਵਾਈ ਅਤੇ ਬੀਜਾਈ ਕੀਤੀਆਂ ਮੱਕੀ ਅਤੇ ਮੂੰਗੀ ਦੀਆਂ ਫਸਲਾਂ ਵੀ ਬੁਰੀ ਤਰ੍ਹਾਂ ਝੁਲਸੀਆਂ ਪਈਆਂ ਹਨ ਪਰ ਮੀਂਹ ਕਿਤੇ ਨੇੜੇ -ਤੇੜੇ ਵੀ ਵਿਖਾਈ ਨਹੀਂ ਦਿੰਦਾ।

ਪਿੰਡ ਭੈਣੀ ਫੱਤਾ ਵਿਖੇ ਪ੍ਰਚੱਲਿਤ ਪੁਰਾਤਨ ਰਿਵਾਇਤ ਅਨੁਸਾਰ ਮੀਂਹ ਦੀ ਮੰਨਤ ਨੂੰ ਲੈ ਕੇ ਡੇਰਾ ਬਾਬਾ ਗਿਰਧਾਰੀ ਲਾਲ ਦੇ ਸਥਾਨ ’ਤੇ ਅਨੋਖੀ ਰਸਮ ਨਿਭਾਈ ਗਈ ਹੈ, ਜਿਸ ’ਚ ਦੋ ਆਦਮੀ ਬਲਦਾਂ ਦੀ ਥਾਂ ਹਲ ਦੀ ਪੰਜਾਲੀ ਹੇਠ ਜੁੜੇ ਅਤੇ ਇਕ ਕਿਸਾਨ ਵੱਲੋਂ ਹਲ ਦਾ ਮੁੰਨਾ ਫੜ ਕੇ ਪਿੰਡ ਦੀ ਗਲੀਆਂ ਦਾ ਗੇੜਾ ਦਿੱਤਾ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਦੀਆਂ ਤੋਂ ਚੱਲੀ ਆ ਰਹੀ ਇਕ ਪੁਰਾਤਨ ਰਿਵਾਇਤ ਹੈ। ਮੀਂਹ ਦੀ ਮੰਨਤ ਸਬੰਧੀ ਇਸ ਦਿਨ ਸਾਰਾ ਪਿੰਡ ਡੇਰੇ ’ਚ ਇਕੱਠਾ ਹੋ ਕੇ ਚੂਰੀ ਜਾਂ ਦਲੀਏ ਦਾ ਯੱਗ ਤਿਆਰ ਕਰਦਾ ਹੈ, ਇਸ ਤੋਂ ਬਾਅਦ ਦੋ ਕਿਸਾਨ ਪੰਜਾਲੀ ਹੇਠ ਜੁੜ ਕੇ ਤੁਰਦੇ ਹਨ ਅਤੇ ਇਕ ਕਿਸਾਨ ਹਲ ਦਾ ਮੁੰਨਾ ਫੜ ਕੇ ਤੁਰਦਾ ਹੈ। ਦੂਜੇ ਲੋਕ ਪਿੱਛੇ ਤੁਰਦੇ ਹਨ ਅਤੇ ਸਾਰੇ ਪਿੰਡ ’ਚ ਗੇੜਾ ਦਿੱਤਾ ਜਾਂਦਾ ਹੈ, ਬੂਹੇ ਅੱਗੇ ਖੜ੍ਹੀਆਂ ਔਰਤਾਂ ਆਦਮੀ ਬੱਚੇ ਉਨ੍ਹਾਂ ਉੱਪਰ ਬਾਲਟੀਆਂ ਨਾਲ ਪਾਣੀ ਸੁੱਟਦੇ ਹਨ। ਗੇੜਾ ਦੇਣ ਤੋਂ ਬਾਅਦ ਯੱਗ ਵਰਤਾਇਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਬਲੈਕ ਆਊਟ!  2 ਦਿਨ ਤੋਂ ਬਿਜਲੀ ਬੰਦ, ਪੀਣ ਵਾਲੇ ਪਾਣੀ ਨੂੰ ਵੀ ਤਰਸੇ ਲੋਕ

ਪਿੰਡ ਵਾਸੀਆਂ ਨੇ ਦੱਸਿਆ ਕਿ ਰਿਵਾਇਤ ਪਿੰਡ ’ਚ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਇਸ ਨੂੰ ਕਈ ਹੋਰ ਪਿੰਡਾਂ ’ਚ ਵੀ ਪ੍ਰਚੱਲਿਤ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ’ਤੇ ਇਸ ਨੂੰ ਅੰਧਵਿਸ਼ਵਾਸ ਕਹਿ ਕੇ ਅਲੋਚਨਾ ਵੀ ਕੀਤੀ ਜਾ ਰਹੀ ਹੈ ਪਰ ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਇਹ ਰਸਮ, ਰੀਤੀ ਰਿਵਾਜ, ਰਿਵਾਇਤਾਂ ਸਾਡੀ ਲੋਕ ਧਾਰਾ ਦਾ ਹਿੱਸਾ ਹਨ ਅਤੇ ਅਜਿਹੀਆਂ ਰਿਵਾਇਤਾਂ ਕਿਤੇ ਨਾ ਕਿਤੇ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਜ਼ਰੀਆ ਵੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News