ਰਾਜਸਥਾਨ ਦੇ ਲੋਕ ਪੰਜਾਬ ਦੇ ਦਰਿਆਵਾਂ-ਨਦੀਆਂ ਦਾ ਪਲੀਤ ਪਾਣੀ ਪੀਣ ਨੂੰ ਮਜ਼ਬੂਰ: ਸੰਤ ਸੀਚੇਵਾਲ
Saturday, Jul 06, 2024 - 06:04 AM (IST)
ਕਾਲਾ ਸੰਘਿਆਂ (ਨਿੱਝਰ) - ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਦੇ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਪੰਜਾਬ ਦੇ ਦਰਿਆਵਾਂ, ਨਦੀਆਂ ਤੇ ਡਰੇਨਾਂ ਵਗੈਰਾ ਦਾ ਜੋ ਪ੍ਰਦੂਸ਼ਿਤ ਪਾਣੀ ਵਹਿ ਰਿਹਾ ਹੈ, ਉਹ ਅੱਗੋਂ ਰਾਜਸਥਾਨ ਦੇ ਕਰੀਬ 2.5 ਕਰੋੜ ਲੋਕਾਂ ਨੂੰ ਪੀਣਾ ਪੈ ਰਿਹਾ ਹੈ, ਜਿਸ ਨਾਲ ਉਹ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਹ ਮਨੁੱਖਤਾ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲ੍ਹੇਰਖਾਨਪੁਰ, ਜ਼ਿਲਾ ਕਪੂਰਥਲਾ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਪੁਰਬ ’ਤੇ ਸਾਲਾਨਾ ਜੋੜ ਮੇਲੇ ’ਚ ਜੁੜੇ ਬੇਮਿਸਾਲ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸੰਤ ਸੀਚੇਵਾਲ ਨੇ ਅੱਗੇ ਆਖਿਆ ਕਿ ਪਾਣੀਆਂ ਤੇ ਵਾਤਾਵਰਣ ਨੂੰ ਬਚਾਉਣ ਲਈ ਉਹ ਲੰਬੇ ਸਮੇਂ ਤੋਂ ਸੰਤ-ਮਹਾਪੁਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਲੜਾਈ ਲੜਦੇ ਆ ਰਹੇ ਹਨ ਤੇ ਕਾਲਾ ਸੰਘਿਆਂ ਡਰੇਨ ਨੂੰ ਸੰਨ੍ਹ 2008 ਤੇ 2011 ਦੇ ਵਿਚ ਸੰਕੇਤਕ ਬੰਧ ਮਾਰ ਕੇ ਸਰਕਾਰਾਂ ਨੂੰ ਕੁੰਭ ਕਰਨੀ ਨੀਂਦ ਵਿੱਚੋਂ ਜਗਾਉਣ ਦਾ ਯਤਨ ਕੀਤਾ ਸੀ ਅਤੇ ਉਸ ਤੋਂ ਬਾਅਦ ਪਿੰਡ ਨਾਹਲਾਂ, ਜਲੰਧਰ ਨੇੜੇ 50 ਐੱਮ. ਐੱਲ. ਡੀ. ਤੇ 15 ਐੱਮ. ਐੱਲ. ਡੀ. ਦੇ ਟਰੀਟਮੈਂਟ ਪਲਾਂਟ ਬਣੇ ਤੇ 5 ਐੱਮ. ਐੱਲ. ਡੀ. ਦਾ ਲੈਦਰ ਕੰਪਲੈਕਸ ਜਲੰਧਰ ਦੇ ਵਿੱਚ ਬਣਿਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਸਾਨੂੰ ਇਕ ਨਵੀਂ ਸੂਚਨਾ ਪ੍ਰਾਪਤ ਹੋਈ ਹੈ, ਜਿਸ ਮੁਤਾਬਕ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੈਦਰ ਕੰਪਲੈਕਸ ਜਲੰਧਰ ’ਚ ਗੰਦੇ ਪਾਣੀ ਨੂੰ ਟਰੀਟ ਕਰਨ ਲਈ ਇਕ ਹੋਰ ਨਵਾਂ ਟਰੀਟਮੈਂਟ ਪਲਾਂਟ ਕਰੀਬ 28.64 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚੇਤਾਵਨੀ, ਇਸ ਜ਼ਿਲ੍ਹੇ ਦੇ 12ਵੀਂ ਤੱਕ ਦੇ ਸਕੂਲ ਅੱਜ ਰਹਿਣਗੇ ਬੰਦ
ਉਨ੍ਹਾਂ ਕਿਹਾ ਕਿ ਮਨਿਸਟਰੀ ਆਫ ਇੰਡਸਟਰੀ ਐਂਡ ਕਾਮਰਸ ਭਾਰਤ ਸਰਕਾਰ ਵੱਲੋਂ ਲੈਦਰ ਕੰਪਲੈਕਸ ਜਲੰਧਰ ਦੇ ਅਪਗਰੇਡੇਸ਼ਨ ਪ੍ਰੋਜੈਕਟ ਨੂੰ ਮਨਜ਼ੂਰ ਕਰਨ ਉਪਰੰਤ ਇਹ ਫੈਸਲਾ ਲਏ ਜਾਣ ਬਾਰੇ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਈ ਹੈ । ਸੰਤ ਸੀਚੇਵਾਲ ਨੇ ਅੱਗੇ ਆਖਿਆ ਕਿ ਕਰੀਬ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਕਾਲਾ ਸੰਘਿਆਂ ਡਰੇਨ ਦੇ ਨਾਲ ਖੇਤੀਬਾੜੀ ਵਾਸਤੇ ਪਾਈਪ ਇਸ ਡਰੇਨ ਦੇ ਨੇੜਲੇ ਪਿੰਡਾਂ ਵਿਚ ਪਾਏ ਜਾ ਰਹੇ ਹਨ ਤਾਂ ਜੋ ਟਰੀਟ ਹੋਇਆ ਪਾਣੀ ਖੇਤੀ ਲਈ ਵਰਤਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬੁਲੰਦਪੁਰ ਪਿੰਡ ਜਿੱਥੋਂ ਇਹ ਕਾਲਾ ਸੰਘਿਆਂ ਡਰੇਨ ਸ਼ੁਰੂ ਹੁੰਦੀ ਹੈ, ਉਥੋਂ ਲੈ ਕੇ ਨਾਹਲਾਂ ਤੱਕ ਇਸ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਪੱਥਰ ਵਗੈਰਾ ਲਗਾ ਕੇ ਨਵੀਨੀਕਰਨ ਕੀਤਾ ਜਾ ਰਿਹਾ ਹੈ ਤੇ ਇਸ ਵਿਚ ਸਾਫ ਪਾਣੀ ਭਵਿੱਖ ਵਿਚ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਸਾਫ ਨਹਿਰੀ ਪਾਣੀ ਵੀ ਛੁਡਵਾਏ ਜਾਣ ਦੀ ਤਜਵੀਜ ਹੈ ।
ਉਨ੍ਹਾਂ ਦੱਸਿਆ ਕਿ ਚਿੱਟੀ ਵੇਈਂ ’ਚ ਸਿੰਬਲੀ 200 ਕਿਊਸਿਕ ਨਹਿਰੀ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਬੁੱਢਾ ਨਾਲਾ ਲੁਧਿਆਣੇ ’ਚ ਵੀ 200 ਕਿਊਸਿਕ ਪਾਣੀ ਛੁਡਵਾਇਆ ਜਾ ਰਿਹਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਇਕ ਐੱਮ. ਐੱਲ. ਡੀ. ਅਨਟਰੀਟਡ ਪਾਣੀ ਲਈ 43 ਲੱਖ ਰੁਪਿਆ ਸਰਕਾਰ ਨੂੰ ਇਨਵਾਇਰਮੈਂਟ ਕੰਪਨਸੇਸ਼ਨ ਪਾਇਆ ਜਾਂਦਾ ਹੈ ਤੇ ਪੰਜਾਬ ਸਰਕਾਰ ਨੂੰ ਹੁਣ ਤੱਕ 1 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਇਸ ਬਾਬਤ ਪਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਉਸ ਵਕਤ ਤੱਕ ਜਾਰੀ ਰਹੇਗਾ, ਜਦ ਤੱਕ ਪੰਜਾਬ ਸਰਕਾਰ ਅਦਾਲਤ ਨੂੰ ਇਸ ਸਬੰਧੀ ਕੋਈ ਠੋਸ ਜਾਣਕਾਰੀ ਪਾਣੀ ਸਾਫ ਕੀਤੇ ਬਾਰੇ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਨਹਿਰਾਂ, ਨਦੀਆਂ ਤੇ ਡਰੇਨਾਂ ਦੇ ਵਿੱਚ ਗੰਦਾ ਪਾਣੀ ਪਾਣੀ ਪਾਉਣਾ ਗੈਰ-ਸੰਵਿਧਾਨਕ ਹੈ ਤੇ ਸਾਨੂੰ ਥੋੜਾ ਆਪ ਵੀ ਇਸ ਬਾਬਤ ਸਿਆਣਪ ਵਰਤਣੀ ਚਾਹੀਦੀ ਹੈ। ਇਸ ਵਕਤ ਵਾਤਾਵਰਣ ਨਾਲ ਖਿਲਵਾੜ ਕਰਨ ਕਰਕੇ 50 ਡਿਗਰੀ ਦੇ ਕਰੀਬ ਤਾਪਮਾਨ ਚਲਾ ਗਿਆ, ਇਸ ਲਈ ਅਸੀਂ ਖੁਦ ਬਹੁਤ ਵੱਡੇ ਜ਼ਿੰਮੇਵਾਰ ਹਾਂ।
ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਬਾਬਾ ਅਮਰੀਕ ਸਿੰਘ ਖੁਖਰੈਣ, ਮਹਾਤਮਾ ਮੁਨੀ ਖੈੜਾ ਬੇਟ, ਸੰਤ ਸ਼ਮਸ਼ੇਰ ਸਿੰਘ ਜਾਤੀਕੇ, ਸੰਤ ਜੈ ਸਿੰਘ ਮਹਿਮਦਵਾਲ, ਬਾਬਾ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਬਾਬਾ ਪ੍ਰਗਟ ਨਾਥ ਰਹੀਮਪੁਰ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਬਾਬਾ ਅਮਰਜੀਤ ਸਿੰਘ ਉੱਚਾ, ਭਾਈ ਹੀਰਾ ਸਿੰਘ ਟਾਹਲੀ ਸਾਹਿਬ, ਸੰਤ ਹਰਜੀਤ ਸਿੰਘ ਦਮਦਮਾ ਸਾਹਿਬ, ਉੱਘੇ ਪੰਥਕ ਵਿਦਵਾਨ ਬੁਲਾਰੇ ਭਗਵਾਨ ਸਿੰਘ ਜੋਹਲ, ਮਹੰਤ ਬਲਵੀਰ ਦਾਸ, ਨਿਹੰਗ ਬਾਬਾ ਨਰਿੰਦਰ ਸਿੰਘ ਦਕੋਹਾ ਬੁੱਢਾ ਦਲ, ਨਿਹੰਗ ਬਾਬਾ ਜਸਪ੍ਰੀਤ ਸਿੰਘ ਕਪੂਰਥਲਾ, ਸੰਤ ਹਰਕ੍ਰਿਸ਼ਨ ਸਿੰਘ ਫੱਕਰ ਵਾਲੇ, ਬਾਬਾ ਚਤਰ ਸਿੰਘ ਢਾਬਸਰ ਵਾਲੇ, ਹਰਜੀਤ ਸਿੰਘ ਸ਼ੰਟੀ ਸਮੇਤ ਕਈ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e