ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨੂੰ ਪੰਜਾਬ ਦੇ ਲੋਕ ਕਦੇ ਪਸੰਦ ਨਹੀਂ ਕਰਨਗੇ : ਸਿਮਰਨਜੀਤ ਬੈਂਸ
Wednesday, Nov 03, 2021 - 09:56 PM (IST)
ਫਤਿਹਗੜ੍ਹ ਸਾਹਿਬ(ਜਗਦੇਵ)- ਲੋਕ ਇਨਸਾਫ਼ ਪਾਰਟੀ ਵੱਲੋਂ 7 ਨਵੰਬਰ ਨੂੰ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਖੇ ਪੰਜਾਬ ਦੇ ਚੰਗੇ ਭਵਿੱਖ ਲਈ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਤਹਿਤ 117 ਦੀ ਕਸਮ ਭ੍ਰਿਸ਼ਟਾਚਾਰ ਕਰਾਂਗੇ ਖਤਮ ਤਹਿਤ ਵਿਸ਼ਾਲ ਇਜਲਾਸ ਰੱਖਿਆ ਗਿਆ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵੱਖ ਵੱਖ ਹਲਕਿਆਂ ਅੰਦਰ ਲੜੀਵਾਰ ਮੀਟਿੰਗਾਂ ਕਰਨ ਉਪਰੰਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨੋ ਹਲਕਿਆਂ ਦੇ ਮੋਹਤਬਰਾਂ ਆਗੂਆਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਦੀ ਬਜਾਏ ਪੰਜਾਬ ਸਰਕਾਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀਆਂ ਦੇਵੇ ਕਿਉਂਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੁੰਦਾ ਜਾ ਰਿਹਾ ਹੈ ਜਦ ਕਿ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ ’ਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਜੇਕਰ ਆਪਣੀ ਰਾਜਨੀਤਿਕ ਪਾਰਟੀ ਬਣਾਉਂਦੇ ਹਨ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਪਾਰਾ ਪੰਜਾਬ ਅਤੇ ਪੰਜਾਬੀਅਤ ’ਚੋਂ ਖ਼ਰਾਬ ਕਰ ਲਿਆ ਹੈ, ਕਿਉਂਕਿ ਕੇਂਦਰ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਵੱਲੋਂ ਬੀ. ਐੱਸ. ਐੱਫ਼ ਦਾ ਦਾਇਰਾ ਵਧਾਏ ਜਾਣ ਤੇ ਕੇਂਦਰ ਸਰਕਾਰ ਦੀ ਸ਼ਲਾਘਾ ਕਰਨ ’ਤੇ ਸੰਘੀ ਢਾਂਚੇ ਵਧੀਆ ਮਿਲੀਆਂ ਤਾਕਤਾਂ ਦਾ ਗਲਾ ਘੁੱਟਣ ਵਾਲੀ ਨਵੀਂ ਬਣਨ ਜਾ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨੂੰ ਪੰਜਾਬ ਦੇ ਲੋਕ ਕਦੇ ਪਸੰਦ ਨਹੀਂ ਕਰਨਗੇ ।
ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੇ ਟਿੱਪਣੀ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਭਾਵੇਂ ਚੰਨੀ ਵਧੀਆ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਮੁੱਖ ਮੁੱਦਿਆਂ ਤੋਂ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਰਾਜ ਵਿੱਚ ਚਿੱਟਾ ਵੇਚਣ ਵਾਲੇ ਲੋਕ ਜੋ ਕੈਪਟਨ ਅਮਰਿੰਦਰ ਸਿੰਘ ਦੇ ਰਾਜ ’ਚ ਵੀ ਪੱਟਾਂ ’ਤੇ ਥਾਪੀਆਂ ਮਾਰਦੇ ਫਿਰਦੇ ਸਨ, ਅੱਜ ਵੀ ਇਸੇ ਤਰ੍ਹਾਂ ਸਰਗਰਮ ਹਨ । ਉਨ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਕਾਰਜ ਦੀ ਵੀ ਸ਼ਲਾਘਾ ਕੀਤੀ ।
ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਚੋਣ ਲੜੇਗੀ ਜਿਸ ਦੇ ਉਹ ਪੂਰਨ ਤੌਰ ਤੇ ਸਮਰੱਥ ਹਨ । ਕੇਜਰੀਵਾਲ ਵੱਲੋਂ ਵਾਰ-ਵਾਰ ਪੰਜਾਬ ’ਚ ਮਾਰੇ ਜਾ ਰਹੇ ਦੌਰਿਆਂ ਸਬੰਧੀ ਬੋਲਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਲਾਟਰੀ ਸਿਸਟਮ ਅਪਣਾ ਰਹੇ ਹਨ ਨਿਕਲ ਗਿਆ ਤਾਂ ਠੀਕ ਹੈ ਨਹੀਂ ਤਾਂ ਖਾਲੀ ਤਾਂ ਹੈ ਹੀ ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਮਾਨਦਾਰੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕੇਵਲ ਦਿੱਲੀ ਵਾਸਤੇ ਹੀ ਸੁਹਿਰਦ ਹਨ ਨਾ ਕੇ ਪੰਜਾਬ ਲਈ । ਉਨ੍ਹਾਂ ਕਿਹਾ ਕਿ ਲੁਧਿਆਣੇ ’ਚ ਜੋ ਪੰਜਾਬ ਦੇ ਪਾਣੀਆਂ ਬਾਰੇ ਐਲਾਨ ਕਰਕੇ ਗਏ ਸਨ, ਉਸ ’ਤੇ ਪੂਰਾ ਨਾਂ ਉਤਰਦਿਆਂ ਹੋਇਆ ਹਿਮਾਚਲ ਪ੍ਰਦੇਸ਼ ਨੂੰ 21 ਕਰੋੜ ਰੁਪਿਆ ਸਾਲਾਨਾ ਦੇਣਾ ਜ਼ਰੂਰ ਸ਼ੁਰੂ ਕਰ ਦਿੱਤਾ, ਜੋ ਪੰਜਾਬ ਬਾਰੇ ਉਨ੍ਹਾਂ ਦੀ ਲੋਕ ਪ੍ਰਿਅਤਾ ਸਾਫ਼ ਦੱਸਦੀ ਹੈ । ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰੋ. ਧਰਮਜੀਤ ਜਲਵੇੜਾ, ਹਲਕਾ ਬੱਸੀ ਪਠਾਣਾ ਦੇ ਇੰਚਾਰਜ ਵਰਿੰਦਰਪਾਲ ਸਾਬੀ, ਹਲਕਾ ਅਮਲੋਹ ਦੇ ਇੰਚਾਰਜ ਡਾ. ਅਮਿਤ ਸੰਦਲ, ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੋਸਲਾਂ, ਮਲਕੀਤ ਸਿੰਘ ਅੰਬੇਮਾਜਰਾ, ਜਗਦੇਵ ਸਿੰਘ ਜੱਲ੍ਹਾ, ਬਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।