ਸਕੂਲਾਂ ਅਤੇ ਧਾਰਮਿਕ ਅਸਥਾਨਾਂ ਦੇ ਨੇੜੇ ਸ਼ਰਾਬ ਦੇ ਠੇਕੇ ਖੁੱਲ੍ਹਣ ਕਾਰਨ ਲੋਕ ਪ੍ਰੇਸ਼ਾਨ
Wednesday, Sep 13, 2017 - 01:45 AM (IST)
ਰੂਪਨਗਰ, (ਵਿਜੇ)- ਰੂਪਨਗਰ ਸ਼ਹਿਰ 'ਚ ਕੁਝ ਕੁ ਸ਼ਰਾਬ ਦੇ ਠੇਕੇ ਸਕੂਲਾਂ ਅਤੇ ਧਾਰਮਿਕ ਅਸਥਾਨਾਂ ਦੇ ਕਾਫੀ ਨੇੜੇ ਖੁੱਲ੍ਹੇ ਹੋਏ ਹਨ, ਜੋ ਸਰਕਾਰੀ ਨਿਯਮਾਂ ਦਾ ਮੂੰਹ ਚਿੜਾ ਰਹੇ ਹਨ ਤੇ ਰੋਜ਼ਾਨਾ ਆਮ ਪਬਲਿਕ ਵੀ ਇਸ ਤੋਂ ਪ੍ਰਭਾਵਿਤ ਹੈ। ਅੱਜ 'ਜਗ ਬਾਣੀ' ਟੀਮ ਨੇ ਸ਼ਹਿਰ ਦਾ ਜਦੋਂ ਦੌਰਾ ਕੀਤਾ ਤਾਂ ਦੇਖਿਆ ਕਿ ਸ਼ਰਾਬ ਦੇ ਕੁਝ ਠੇਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ, ਜਿਸ 'ਚ ਸਥਾਨਕ ਕਲਿਆਣ ਸਿਨੇਮਾ ਕੋਲ ਸ਼ਰਾਬ ਦਾ ਠੇਕਾ ਇਕ ਮੰਦਰ ਨੇੜੇ ਖੁੱਲ੍ਹਾ ਹੋਇਆ ਹੈ, ਜਿਸ ਕਾਰਨ ਸ਼ਰਧਾਲੂਆਂ ਤੇ ਔਰਤਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਕੁਝ ਹੀ ਦੂਰੀ 'ਤੇ ਇਕ ਹੋਰ ਮੰਦਰ ਹੈ ਜਦਕਿ ਨਾਲ ਹੀ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਇਲਾਕਾ ਆ ਜਾਂਦਾ ਹੈ ਜੋ ਕਿ ਸ਼ਰਾਬ ਠੇਕਿਆਂ ਦੇ ਮਾਮਲੇ 'ਚ ਨਿਯਮਾਂ ਦੇ ਬਿਲਕੁਲ ਉਲਟ ਹੈ। ਇਸੇ ਤਰ੍ਹਾਂ ਸਥਾਨਕ ਸਰਕਾਰੀ ਕਾਲਜ ਨੇੜੇ ਕਾਲਜ ਰੋਡ 'ਤੇ ਇਕ ਹੋਰ ਠੇਕਾ ਖੁੱਲ੍ਹਿਆ ਹੋਇਆ ਹੈ, ਜਿਸ ਸਬੰਧ 'ਚ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਤੇ ਵੱਖ-ਵੱਖ ਜਥੇਬੰਦੀਆਂ ਨੇ ਇਹ ਠੇਕਾ ਖੋਲ੍ਹਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਇਥੇ ਲਗਾਤਾਰ ਕਈ ਦਿਨ ਧਰਨਾ ਤੇ ਜ਼ਿਲਾ ਪ੍ਰਸ਼ਾਸਨ ਨੂੰ ਅਲਟੀਮੇਟਮ ਵੀ ਦਿੱਤਾ ਸੀ ਕਿ ਸ਼ਰਾਬ ਦੇ ਠੇਕੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਪਰ ਇਸ ਸਬੰਧ 'ਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਬੇਲਾ ਰੋਡ 'ਤੇ ਵੀ ਇਕ ਠੇਕਾ ਖੁੱਲ੍ਹਿਆ ਹੋਇਆ ਹੈ, ਜੋ ਕਿ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਇਹ ਕੇਵਲ ਕਾਗਜ਼ੀ ਕਾਰਵਾਈ ਹੈ ਜਦੋਂਕਿ ਠੇਕੇ ਸਰਕਾਰੀ ਨਿਯਮਾਂ ਦੇ ਉਲਟ ਖੁੱਲ੍ਹ ਰਹੇ ਹਨ। ਇਨ੍ਹਾਂ ਮਾਮਲਿਆਂ 'ਚ ਜਨਤਾ ਆਪਣਾ ਵਿਰੋਧ ਕਰ ਕੇ ਥੱਕ ਕੇ ਬੈਠ ਜਾਂਦੀ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੁੰਦੀ। ਸਰਕਾਰ ਨੂੰ ਚਾਹੀਦਾ ਹੈ ਕਿ ਜਾਂ ਤਾਂ ਇਸ ਦੇ ਨਿਯਮ ਬਦਲ ਦੇਵੇ ਜਾਂ ਫਿਰ ਸਰਕਾਰ ਨਿਯਮਾਂ ਦੇ ਅਨੁਸਾਰ ਇਸ ਮਾਮਲੇ 'ਚ ਕਾਰਵਾਈ ਕਰੇ। ਇਸੇ ਤਰ੍ਹਾਂ ਸ਼ਰਾਬ ਦੇ ਠੇਕੇ ਦਾ ਖੁੱਲ੍ਹਣ ਦਾ ਸਮਾਂ ਸਵੇਰ 9 ਤੋਂ ਰਾਤ 11 ਵਜੇ ਤੱਕ ਹੈ ਪਰ ਕੁਝ ਠੇਕੇਦਾਰਾਂ ਦੁਆਰਾ ਇਸ ਦੀਆਂ ਵੀ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਹ ਠੇਕੇ ਸਵੇਰੇ ਜਲਦੀ ਖੁੱਲ੍ਹ ਜਾਂਦੇ ਹਨ ਤੇ ਦੇਰ ਰਾਤ ਬੰਦ ਹੁੰਦੇ ਹਨ। ਹਾਂ ਬੱਸ ਇੰਨਾ ਹੈ ਕਿ ਸ਼ਟਰ ਅੱਧਾ ਖੁੱਲ੍ਹਿਆ ਹੁੰਦਾ ਹੈ।
ਕੀ ਕਹਿੰਦੀ ਹੈ ਐਕਸਾਈਜ਼ ਇੰਸਪੈਕਟਰ- ਇਸ ਸਬੰਧੀ ਸਥਾਨਕ ਐਕਸਾਈਜ਼ ਇੰਸਪੈਕਟਰ ਸੁਨੀਤਾ ਰਾਣੀ ਨੇ ਕਿਹਾ ਕਿ ਸਾਰੇ ਠੇਕੇ ਖੋਲ੍ਹਣ ਤੋਂ ਪਹਿਲਾਂ ਉਸਦੀ ਸਕੂਲ ਤੇ ਧਾਰਮਿਕ ਸਥਾਨ ਤੋਂ ਬਕਾਇਦਾ ਦੂਰੀ ਮਾਪੀ ਜਾਂਦੀ ਹੈ ਅਤੇ ਉਸ ਦੇ ਬਾਅਦ ਹੀ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਜਦੋਂ ਉਨ੍ਹਾਂ ਦਾ ਧਿਆਨ ਕਲਿਆਣ ਸਿਨੇਮਾ ਦੇ ਨੇੜੇ ਮੰਦਰ ਤੇ ਠੇਕੇ ਦੀ ਦੂਰੀ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਦੁਬਾਰਾ ਚੈੱਕ ਕਰਨਗੇ ਤੇ ਦੂਜੇ ਠੇਕਿਆਂ ਦੀ ਵੀ ਚੈਕਿੰਗ ਕਰਵਾਉਣਗੇ। ਜੇਕਰ ਕੋਈ ਦੂਰੀ ਗਲਤ ਪਾਈ ਗਈ ਤਾਂ ਉਸ ਨੂੰ ਦਰੁੱਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਠੇਕੇ ਸਮੇਂ 'ਤੇ ਖੁੱਲ੍ਹਦੇ ਅਤੇ ਬੰਦ ਹੁੰਦੇ ਹਨ। ਇਸ ਮਾਮਲੇ 'ਚ ਵੀ ਵਿਭਾਗ ਦੁਆਰਾ ਇਸ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ।
