ਸ਼ਹਿਰ ''ਚ ਥਾਂ-ਥਾਂ ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ (ਤਸਵੀਰਾਂ)

07/14/2017 1:00:11 PM


ਗਿੱਦੜਬਾਹਾ(ਸੰਧਿਆ)-ਸ਼ਹਿਰ ਦੇ ਕਈ ਖ਼ੇਤਰਾਂ 'ਚ ਜਾਂ ਤਾਂ ਚੈਂਬਰਾਂ ਦੇ ਢੱਕਣ ਟੁੱਟ ਚੁੱਕੇ ਹਨ ਜਾਂ ਫਿਰ ਚੋਰੀ ਹੋ ਗਏ ਹਨ, ਜਿਸ ਨਾਲ ਲੋਕਾਂ 'ਚ ਖੁੱਲ੍ਹੇ ਚੈਂਬਰਾਂ ਕਾਰਨ ਕਦੇ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇੰਨਾ ਹੀ ਨਹੀਂ ਮੇਨ ਬਾਜ਼ਾਰ ਦੇ ਅੰਦਰ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਅੱਗੇ ਵੀ ਸੀਵਰੇਜ ਦੇ ਮੈਨ ਹੋਲ ਓਵਰਫਲੋਅ ਹੋ ਜਾਣ ਕਾਰਨ ਲੋਕ ਗੰਦੇ ਪਾਣੀ 'ਚੋਂ ਲੰਘਣ ਨੂੰ ਮਜਬੂਰ ਹਨ ਤੇ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। 
ਮੇਨ ਬਾਜ਼ਾਰ ਦੇ ਅੰਦਰ ਕਈ ਸੀਵਰੇਜ ਦੇ ਮੈਨ ਹੋਲ ਭਰੇ ਹੋਣ ਕਾਰਨ ਗੰਦਾ ਤੇ ਬਦਬੂਦਾਰ ਪਾਣੀ ਚਾਰੇ ਪਾਸੇ ਫੈਲ ਰਿਹਾ ਹੈ। ਆਲੇ-ਦੁਆਲੇ ਦੇ ਰਿਹਾਹਿਸ਼ੀ ਘਰਾਂ ਦੇ ਪਰਿਵਾਰਕ ਮੈਂਬਰ ਇਸ ਗੰਦੇ ਪਾਣੀ ਵਿਚੋਂ ਹੀ ਲੰਘ ਕੇ ਆ-ਜਾ ਰਹੇ ਹਨ। ਸਕੂਲੀ ਬੱਚਿਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪ੍ਰੀਤਨਗਰ ਵਿਚ ਵੀ ਕੁਝ ਅਜਿਹੀ ਸਥਿਤੀ ਬਣੀ ਹੋਈ ਹੈ। ਵਾਤਾਵਰਣ 'ਚ ਫੈਲੀ ਬਦਬੂ ਕਾਰਨ ਪ੍ਰਦੂਸ਼ਣ ਦੀ ਮਾਰ ਝੱਲਦੇ ਲੋਕ ਨੱਕ ਢੱਕ ਕੇ ਲੰਘਦੇ ਹਨ। ਨੇੜੇ ਦੇ ਲੋਕਾਂ ਦਾ ਖਾਣਾ-ਪੀਣਾ ਵੀ ਔਖਾ ਹੋ ਗਿਆ ਹੈ। 
ਲੋਕਾਂ ਨੇ ਕਈ ਵਾਰ ਸਬੰਧਤ ਵਿਭਾਗ ਨੂੰ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਕਿਹਾ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਤੁਰੰਤ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ 'ਚੋਂ ਨਿਜਾਤ ਦਿਵਾਉਣ ਦੇ ਯੋਗ ਉਪਰਾਲੇ ਕਰਦਿਆਂ ਸੀਵਰੇਜ ਸਿਸਟਮ ਨੂੰ ਜਿਥੇ ਸੁਚਾਰੂ ਰੂਪ 'ਚ ਚਲਵਾਉਣ, ਉਥੇ ਹੀ ਥੇਹੜੀ ਗੇਟ ਕੋਲ ਖੁੱਲ੍ਹੇ ਪਏ ਚੈਂਬਰ 'ਤੇ ਢੱਕਣ ਵੀ ਲਵਾਉਣ ਤਾਂ ਜੋ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ ਜਾ ਸਕੇ।


Related News