ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

Wednesday, Apr 13, 2022 - 11:05 AM (IST)

ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

ਜਲੰਧਰ (ਰਮਨਦੀਪ ਸੋਢੀ) : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦਾ ਫ਼ਤਵਾ ਦੇ ਕੇ 92 ਵਿਧਾਇਕਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ ਹੈ। ਪੰਜਾਬ ਦੀ ਸਿਆਸਤ ਦੇ ਧੁਨੰਤਰ ਮੰਨੇ ਜਾਂਦੇ ਕਈ ਲੀਡਰ ਇਸ ਵਾਰ ਨਵੇਂ ਨੌਜਵਾਨਾਂ ਤੋਂ ਮਾਤ ਖਾ ਗਏ। ਪੰਜਾਬ ਦੀਆਂ ਹੌਟ ਸੀਟਾਂ ਵਿਚੋਂ ਇਕ ਜਲਾਲਾਬਾਦ ਸੀ ਜਿੱਥੇ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਗੋਲਡੀ ਕੰਬੋਜ ਹੱਥੋਂ ਹਾਰਨਾ ਪਿਆ। ਗੋਲਡੀ ਦੀ ਸਿਆਸਤ ਕਿਵੇਂ ਸ਼ੁਰੂ ਹੋਈ?, ਉਸ ਲਈ ਚੁਣੌਤੀਆਂ ਕੀ ਸਨ ਤੇ ਹੁਣ ਹਲਕੇ ਲਈ ਉਸਦਾ ਵਿਜ਼ਨ ਕੀ ਹੈ, ਇਸ ਬਾਰੇ ‘ਜਗ ਬਾਣੀ’ ਨਾਲ ਖਾਸ ਗੱਲਬਾਤ ਕੀਤੀ ਗਈ, ਜਿਸਦੇ ਮੁੱਖ ਅੰਸ਼ ਇਸ ਪ੍ਰਕਾਰ ਹਨ।

PunjabKesari

ਇੰਝ ਸ਼ੁਰੂ ਹੋਈ ਕੰਬੋਜ ਦੀ ਸਿਆਸੀ ਪਾਰੀ?

ਪੇਸ਼ੇ ਵਜੋਂ ਗੋਲਡੀ ਵਕੀਲ ਹਨ ਤੇ ਵਕਾਲਤ ਤੋਂ ਬਾਅਦ ਆਪਣੀ ਪ੍ਰੈਕਟਿਸ ਕਰਦੇ ਸਨ। ਕਹਿੰਦੇ ਨੇ ਕਿ ਸ਼ੁਰੂ ਤੋਂ ਹੀ ਉਨਾਂ ਨੂੰ ਲੋਕਾਂ ਦੀ ਮਦਦ ਕਰਨ ਦਾ ਸ਼ੌਕ ਸੀ, ਪਿਤਾ ਵੀ ਸਿਆਸੀ ਸੋਚ ਵਾਲੇ ਸਨ। ਇਕ ਦਿਨ ਸਬੱਬ ਬਣਿਆ ਕਾਂਗਰਸ ’ਚ ਸ਼ਾਮਲ ਹੋ ਗਏ। ਫਿਰ ਯੂਥ ਕਾਂਗਰਸ ਦੀ ਚੋਣ ਲੜਨ ਦਾ ਮੌਕਾ ਮਿਲਿਆ ਤੇ ਪਾਰਟੀ ਲਈ ਕੰਮ ਕੀਤਾ। ਹੌਲੀ-ਹੌਲੀ ਕਾਂਗਰਸ ਵਿਚ ਜਨਰਲ ਸੈਕਟਰੀ ਬਣ ਗਏ। ਫਿਰ ਆਲ ਇੰਡੀਆ ਕਾਂਗਰਸ ’ਚ ਚਲੇ ਗਏ ਤੇ ਦੋ ਸੂਬਿਆਂ ਦਾ ਇੰਚਾਰਜ ਬਣਨ ਦਾ ਮੌਕਾ ਮਿਲਿਆ। ਕਾਂਗਰਸ ’ਚ ਲੰਬਾ ਸਮਾਂ ਰਹਿ ਕੇ ਵੀ ਸਿਆਸੀ ਭਵਿੱਖ ਧੁੰਦਲਾ ਜਾਪਣ ਲੱਗਾ ਤੇ ਖੁਦ ਨੂੰ ਪਾਰਟੀ ਤੋਂ ਵੱਖ ਕਰ ਲਿਆ। ਗੋਲਡੀ ਦਾ ਮੰਨਣਾ ਹੈ ਕਿ ਕਾਂਗਰਸ ਸਰਮਾਏਦਾਰਾਂ ਦੀ ਪਾਰਟੀ ਹੈ। ਫਿਰ ਇਕ ਵਾਰ 2019 ’ਚ ਆਜ਼ਾਦ ਵੀ ਚੋਣ ਲੜੀ ਪਰ ਗੱਲ ਨਹੀਂ ਬਣੀ। 2022 ਦੀਆਂ ਚੋਣਾਂ ਤੋਂ ਪਹਿਲਾ ‘ਆਪ’ ਦਾ ਪੱਲਾ ਫੜਿਆ, ਟਿਕਟ ਮਿਲੀ ਤੇ ਸੁਖਬੀਰ ਬਾਦਲ ਨੂੰ ਮਾਤ ਦਿੱਤੀ।

ਤੁਹਾਨੂੰ ਆਮ ਆਦਮੀ ਪਾਰਟੀ ਦੀ ਕਿਹੜੀ ਗੱਲ ਨੇ ਪ੍ਰਭਾਵਿਤ ਕੀਤਾ?

-ਸਭ ਤੋਂ ਪਹਿਲੀ ਗੱਲ ਤਾਂ ਇਹ ਨਵੀਂ ਪਾਰਟੀ ਹੈ ਤੇ ਪਾਰਟੀ ਦੇ ਲੀਡਰ ਈਮਾਨਦਾਰ ਹਨ। ਪਾਰਟੀ ਸੁਪਰੀਮੋ ਕੇਜਰੀਵਾਲ ’ਤੇ ਪਿਛਲੇ 7 ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਇਲਜ਼ਾਮ ਨਹੀਂ ਹੈ।

 

ਇਸ ਵਾਰ ਗੋਲਡੀ ਕੰਬੋਜ ਜਿੱਤਿਆ ਜਾਂ ਸੁਖਬੀਰ ਬਾਦਲ ਹਾਰਿਆ?

-ਇਸ ਵਾਰ ਲੋਕ ਜਿੱਤੇ ਹਨ, ਜੋ ਕਈ ਸਾਲਾਂ ਤੋਂ ਗੁਲਾਮੀ ਹੇਠ ਰਹਿ ਰਹੇ ਸਨ, ਜਿਨ੍ਹਾਂ ਨਾਲ ਧੱਕੇਸ਼ਾਹੀਆਂ ਹੋਈਆਂ। ਗੋਲਡੀ ਤਾਂ ਉਨ੍ਹਾਂ ਦਾ ਸਿਰਫ਼ ਇਕ ਜ਼ਰੀਆ ਬਣਿਆ। ਮੇਰਾ ਲੋਕਾਂ ਨਾਲ ਵਾਅਦਾ ਹੈ ਕਿ ਮੈਂ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਕੰਮ ਕਰਦਾ ਰਹਾਂਗਾ।

ਜਲਾਲਾਬਾਦ ਲਈ ਤੁਹਾਡਾ ਵਿਜ਼ਨ ਕੀ ਹੈ?

-ਜਲਾਲਾਬਾਦ ਵਿਚ ਸਭ ਤੋਂ ਵੱਡਾ ਮਸਲਾ ਨਸ਼ੇ ਦਾ ਹੈ। ਸੁਖਬੀਰ ਬਾਦਲ ਨੇ ਵਿਕਾਸ ਜ਼ਰੂਰ ਕੀਤਾ ਹੈ ਪਰ ਸਿਰਫ਼ ਪੰਜ-ਸੱਤ ਘਰਾਂ ਦਾ। ਜਿਹੜਾ ਲੀਡਰ ਐੱਮ. ਐੱਲ. ਏ., ਉਪ ਮੁੱਖ ਮੰਤਰੀ ਤੇ ਐੱਮ. ਪੀ. ਰਹਿ ਕੇ ਵੀ ਆਪਣੇ ਹਲਕੇ ਦੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਦੇ ਸਕਦਾ, ਉਸ ਬੰਦੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਅਸੀਂ ਲੋਕਾਂ ਨੂੰ ਬੜੀ ਜਲਦੀ ਸਾਫ਼ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਜਾ ਰਹੇ ਹਾਂ।

ਵਿਰੋਧੀ ਧਿਰ ਤੁਹਾਡੇ ਉਤੇ ਵੱਡੇ-ਵੱਡੇ ਇਲਜ਼ਾਮ ਲਾ ਰਹੀ ਹੈ, ਕੀ ਕਹੋਗੇ?

-ਵਿਰੋਧੀਆਂ ਦਾ ਕੰਮ ਇਲਜ਼ਾਮ ਲਾਉਣਾ ਹੈ। ਸੁਖਬੀਰ ਬਾਦਲ ਨੇ ਮੈਨੂੰ 24 ਤਰੀਕ ਨੂੰ ਫੋਨ ਕੀਤਾ ਸੀ। ਕੀ ਉਸ ਦਿਨ ਮੈਂ ਚੰਗਾ ਸੀ। ਜੇਕਰ ਸੁਖਬੀਰ ਬਾਦਲ ਦੀ ਇੱਛਾ ਅਨੁਸਾਰ ਮੈਂ ਅਕਾਲੀ ਦਲ ਵਿਚ ਚਲਾ ਜਾਂਦਾ ਤਾਂ ਗੋਲਡੀ ਚੰਗਾ ਸੀ। ਜਿਹੜੇ ਕਾਂਗਰਸ ਵਾਲੇ ਦੋ-ਚਾਰ ਨੇ ਉਹ ਹੁਣ ਵੀ ਨਾਲ ਫਿਰਦੇ ਹਨ। ਜੇਕਰ ਮੈਂ ਲੋਕਾਂ ਨਾਲ ਕੋਈ ਠੱਗੀ ਮਾਰੀ ਹੈ ਤਾਂ ਮੈਂ ਲੋਕਾਂ ਦਾ ਦੇਣਦਾਰ ਹਾਂ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਤੁਹਾਡੇ ਕਰੀਬੀ ਤੁਹਾਨੂੰ ਰੇਤਾ ਤੇ ਮੋਟਰਸਾਈਕਲ ਚੋਰ ਦੱਸਦੇ ਹਨ, ਇਲਜ਼ਾਮ ਹੈ ਕਿ ਤੁਹਾਡੇ ’ਤੇ ਸੈਂਕੜੇ ਪਰਚੇ ਹਨ?

-ਮੇਰੇ ’ਤੇ ਦੋ ਸਿਆਸੀ ਪਰਚੇ ਹੋਏ ਤਾਂ ਉਨ੍ਹਾਂ ਦਾ ਕੋਰਟ ਨੇ ਨਿਪਟਾਰਾ ਕਰ ਦਿੱਤਾ। ਜੇ ਮੈਂ ਇੰਨਾ ਵੱਡਾ ਗੁਨਾਹਗਾਰ ਹੁੰਦਾ ਤਾਂ ਕੋਰਟ ਮੈਨੂੰ ਸਜ਼ਾ ਦਿੰਦੀ।

ਤੁਹਾਡੇ ਪਿਤਾ ਦੇ ਜੇਲ ’ਚ ਹੋਣ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਨੇ, ਕੀ ਕਹੋਗੇ?

-ਵੇਖੋ ਇਹ ਮੇਰੇ ਪਿਤਾ ਦੀ ਗੱਲ ਕਰਦੇ ਹਨ, ਜੋ ਲੋਕ ਮੇਰੇ ਪਿਤਾ ’ਤੇ ਸਵਾਲ ਕਰਦੇ ਹਨ, ਉਨ੍ਹਾਂ ਦੇ ਹੁਣ ਹਾਲਾਤ ਦੇਖਣ ਵਾਲੇ ਹਨ। ਮੇਰੇ ਪਿਤਾ ਨੇ ਵੀ ਚੋਣਾਂ ਲੜੀਆਂ। ਜੋ ਲੋਕ ਕੰਮ ਕਰਦੇ ਹਨ, ਉਨ੍ਹਾਂ ’ਤੇ ਬਹੁਤ ਸਵਾਲ ਉੱਠਦੇ ਹਨ। ਵਾਹਿਗੁਰੂ ਦੀ ਮਿਹਰ ਹੈ ਕਿ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਮੈਂ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋਇਆਂ।

ਸੁਖਬੀਰ ਬਾਦਲ ਤਾਂ ਦਾਅਵਾ ਕਰਦੇ ਨੇ ਕਿ ਜਲਾਲਾਬਾਦ ’ਚ ਉਨ੍ਹਾਂ ਬਹੁਤ ਵਿਕਾਸ ਕਰਵਾਇਆ?

-ਇਕੱਲੀਆਂ ਸੜਕਾਂ-ਨਾਲੀਆਂ ਬਣਾਉਣ ਨੂੰ ਅਸੀਂ ਵਿਕਾਸ ਨਹੀਂ ਕਹਿ ਸਕਦੇ। ਸੁਖਬੀਰ ਬਾਦਲ ਨੇ ਇਕ ਕਾਲਜ ਦੀ ਬਿਲਡਿੰਗ ਬਣਾਈ ਤੇ ਉਸ ਨੂੰ ਅਜੇ ਤੱਕ ਐਫੀਲਿਏਸ਼ਨ ਨਹੀਂ ਮਿਲੀ। ਹਸਪਤਾਲ ਦੀ ਬਿਲਡਿੰਗ ਬਣਾਈ ਪਰ ਉਥੇ ਕੋਈ ਡਾਕਟਰ ਨਹੀਂ ਹੈ। ਸਾਡੀ ਨੌਜਵਾਨ ਪੀੜ੍ਹੀ ਦੇ ਅੱਜ ਦੇ ਬਦਤਰ ਹਾਲਾਤ ਲਈ ਸੁਖਬੀਰ ਬਾਦਲ ਦਾ 10 ਸਾਲ ਦਾ ਰਾਜ ਜ਼ਿੰਮੇਵਾਰ ਹੈ।

ਲੋਕ ਕਹਿੰਦੇ ਨੇ ਕਿ ‘ਆਪ’ ਵਾਲੇ ਵੀ ਛੇਤੀ ਹੀ ਹਿੱਸੇਦਾਰੀਆਂ ਵਾਲਾ ਸਿਸਟਮ ਸ਼ੁਰੂ ਕਰ ਦੇਣਗੇ?

-ਮੈਨੂੰ ਵੀ ਬਹੁਤ ਬੰਦੇ ਅਪ੍ਰੋਚ ਕਰਦੇ ਹਨ। ਮੈਂ ਮੁਫ਼ਤ ’ਚ ਵਿਧਾਇਕ ਬਣਿਆ ਹਾਂ ਤੇ ਲੋਕਾਂ ਨੇ ਮੇਰੀ ਪੰਜੀ ਵੀ ਨਹੀਂ ਲੱਗਣ ਦਿੱਤੀ ਪਰ ਮੈਂ ਸੁਖਬੀਰ ਬਾਦਲ ਦੀ ਪਿੱਠ ਲਗਾ ਦਿੱਤੀ ਹੈ। ਜੇ ਮੈਂ ਇਸ ਨਾਲ ਨਹੀਂ ਰੱਜਿਆ ਤਾਂ ਹੋਰ ਕਿਵੇਂ ਰੱਜਾਂਗਾ। ਮੈਂ ਦਾਅਵਾ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਰਹਾਂਗਾ। ਜੇਕਰ ਕੰਮ ਨਾ ਕੀਤਾ ਤਾਂ ਪੰਜ ਸਾਲ ਬਾਅਦ ਲੋਕ ਮੈਨੂੰ ਵੋਟਾਂ ਨਾ ਪਾਉਣ। ਬਾਬੇ ਨੇ ਪਹਿਲਾਂ ਹੀ ਬਹੁਤ ਕੁਝ ਦਿੱਤਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ

ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ ਵਿਰੋਧੀ ਸਵਾਲ ਚੁੱਕ ਰਹੇ ਹਨ।

-ਪੰਜਾਬ ਨੂੰ ਬਚਾਉਣ ਲਈ ਬਹੁਤ ਫ਼ੈਸਲੇ ਲੈਣ ਦੀ ਲੋੜ ਹੈ। ਹੁਣ ਤਕ ਪੰਜਾਬ ਸਰਕਾਰ ਵੱਲੋਂ ਲਏ ਫ਼ੈਸਲਿਆਂ ਦੀ ਲੋਕ ਸ਼ਲਾਘਾ ਕਰ ਰਹੇ ਹਨ। ਮੋਦੀ ਨੂੰ ‘ਆਪ’ ਦੇ ਵਰਕਰ ਹੀ ਰੋਕ ਸਕਦੇ ਹਨ। ਰਾਘਵ ਚੱਢਾ ਜੀ ਸਾਡੇ ਇੰਚਾਰਜ ਹਨ। ਹਰਭਜਨ ਸਿੰਘ ਸਾਡੀ ਆਨ ਤੇ ਸ਼ਾਨ ਹਨ। ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਉਣ ’ਚ ਕੀ ਗ਼ਲਤ ਹੈ। ਸਾਨੂੰ ਪੂਰੇ ਦੇਸ਼ ਲਈ ਬੋਲਣ ਦੀ ਲੋੜ ਹੈ।

‘ਆਪ’ ਸਰਕਾਰ ਦੇ ਆਉਣ ਨਾਲ ਪੰਜਾਬ ਵਿਚ ਕੀ ਬਦਲਾਅ ਹੋਇਆ ਹੈ?

-ਜਦੋਂ ਦੀ ਪੰਜਾਬ ’ਚ ‘ਆਪ’ ਸਰਕਾਰ ਆਈ ਹੈ ਤਾਂ ਤਹਿਸੀਲਾਂ ’ਚ ਪੈਸੇ ਲੈਣੇ ਬੰਦ ਹੋ ਚੁੱਕੇ ਹਨ। ਥਾਣਿਆਂ ’ਚ ਸੁਧਾਰ ਹੋ ਰਿਹਾ ਹੈ। ਸਰਕਾਰੀ ਦਫ਼ਤਰਾਂ ’ਚੋਂ ਇਸ ਦੀ ਫੀਡਬੈਕ ਲਈ ਜਾ ਸਕਦੀ ਹੈ। ਸਾਰੇ ਅਫ਼ਸਰ ਸਾਹਿਬਾਨ ਵੀ ਇਸ ਗੱਲੋਂ ਖੁਸ਼ ਹਨ ਕਿ ਉਨ੍ਹਾਂ ਨੂੰ ਹੁਣ ਮਹੀਨੇ ਅਤੇ ਹਫ਼ਤੇ ਨਹੀਂ ਦੇਣੇ ਪੈਂਦੇ।

ਪਾਣੀ ਦੀ ਸਮੱਸਿਆ ਤੋਂ ਛੇਤੀ ਮਿਲੇਗਾ ਛੁਟਕਾਰਾ

-ਇਸ ਸਮੱਸਿਆ ਦੇ ਹੱਲ ਲਈ ਮੈਨੂੰ ਦਿੱਲੀ ਤੋਂ ਕੋਈ ਸਿਸਟਮ ਬਣਾ ਕੇ ਲਿਆਉਣਾ ਪੈ ਸਕਦਾ ਹੈ। ਮੇਰੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਬਾਬਤ ਗੱਲ ਹੋਈ ਹੈ ਤੇ ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਮੈਂ ਪ੍ਰਪੋਜ਼ਲ ਤਿਆਰ ਕਰਾਂ ਤੇ ਜਿਸ ਚੀਜ਼ ਦੀ ਲੋੜ ਹੋਈ, ਉਹ ਪੂਰੀ ਕਰਨਗੇ। ਇਸ ਸਮੱਸਿਆ ਨੂੰ ਲੈ ਕੇ ਦੋ ਵਿਗਿਆਨੀ ਵੀ ਬੁਲਾਏ ਹਨ ਤੇ ਉਨ੍ਹਾਂ ਦੇ ਸੁਝਾਅ ਮਗਰੋਂ ਜੋ ਠੀਕ ਲੱਗੇਗਾ ਉਹ ਫ਼ੈਸਲਾ ਲਿਆ ਜਾਵੇਗਾ। ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮਿਲੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Harnek Seechewal

Content Editor

Related News