ਪੰਜਾਬ ''ਚ ਫਸਲਾਂ, ਅਕਲਾਂ ਤੇ ਨਸਲਾਂ ਬਚਾਉਣ ਲਈ ਲੋਕ ਅੱਗੇ ਆਉਣ : ਰਾਮੂਵਾਲੀਆ

Friday, Jul 20, 2018 - 07:17 AM (IST)

ਲੁਧਿਆਣਾ (ਮੁੱਲਾਂਪੁਰੀ) - ਅੱਜ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੇ ਤਾਜ਼ੇ ਹਾਲਾਤ ਨੂੰ ਦੇਖਦਿਆਂ ਲੋਕ ਭਲਾਈ ਪਾਰਟੀ ਮੁੜ ਸੁਰਜੀਤ ਕਰ ਦਿੱਤੀ ਹੈ। ਇਸ ਸਬੰਧੀ ਐਲਾਨ ਉਨ੍ਹਾਂ ਲੁਧਿਆਣਾ ਦੇ ਗੁਰੂ ਨਾਨਕ ਭਵਨ 'ਚ ਪੰਜਾਬ ਭਰ ਤੋਂ ਡੈਲੀਗੇਸ਼ਨ ਅਤੇ ਪੁਰਾਣੇ ਆਪਣੇ ਆਗੂਆਂ ਦੀ ਹਾਜ਼ਰੀ 'ਚ ਕੀਤਾ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਅੱਜ ਪੰਜਾਬ 'ਚ 'ਚਿੱਟੇ' ਕਾਰਨ ਪੰਜਾਬ ਦੀ ਬਹੁਤ ਬਦਨਾਮੀ ਹੋਈ ਹੈ। ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਫਸਲਾਂ, ਅਕਲਾਂ ਤੇ ਨਸਲਾਂ ਬਚਾਉਣ ਲਈ ਹੁਣ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਸਰਕਾਰ ਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਮੁੜ ਖਰਾ ਸੋਨਾ ਬਣਾਉਣ ਲਈ ਆਪਣੀ ਸਾਰੀ ਤਾਕਤ ਨਸ਼ੇ ਖਿਲਾਫ ਲਾ ਦੇਵੇ ਤਾਂ ਜੋ ਚਿੱਟੇ ਦਾ ਨਸ਼ਾ ਵੇਚਣ ਵਾਲੇ ਮੌਤ ਦੇ ਸੌਦਾਗਰਾਂ ਨੂੰ ਦੇਸ਼ ਨਿਕਾਲਾ ਦੇ ਕੇ ਦੇਸ਼ਧ੍ਰੋਹੀ ਲੋਕਾਂ ਤੋਂ ਖਹਿੜਾ ਛੁਡਾ ਲਿਆ ਜਾਵੇ। ਰਾਮੂਵਾਲੀਆ ਨੇ ਕੈਪਟਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਸ਼ਿਆਂ ਵਿਰੁੱਧ ਬੁਲਾਉਣ। ਉਥੇ ਨਸ਼ੇ ਤੋਂ ਇਲਾਵਾ ਕੋਈ ਬਹਿਸ ਨਾ ਹੋਵੇ। ਰਾਮੂਵਾਲੀਆ ਨੇ ਕਿਹਾ ਕਿ ਕੇਵਲ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰਾਂ ਇਸ ਕਾਰਜ ਲਈ ਜ਼ਿਆਦਾ ਕੁੱਝ ਨਹੀਂ ਕਰ ਸਕਦੀਆਂ, ਜਦੋਂ ਤਕ ਲੋਕ, ਸੰਤ ਮਹਾਪੁਰਸ਼, ਟਕਸਾਲਾਂ, ਗੁਰਦੁਆਰਾ, ਮੰਦਰਾਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਨੂੰ ਇਨ੍ਹਾਂ ਖਿਲਾਫ ਪ੍ਰੇਰਿਆ ਨਹੀਂ ਜਾਂਦਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਚੜ੍ਹਦੀ ਕਲਾ ਲਈ ਉਹ ਪਹਿਲਾਂ ਵੀ ਤੱਤਪਰ ਰਹੇ ਹਨ ਅਤੇ ਹੁਣ ਵੀ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਵੱਡੀਆਂ ਸਿਆਸੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਉਹ ਮਹਾ ਗੱਠਜੋੜ ਨੂੰ ਦੇਖ ਕੇ ਚੱਲ ਰਹੇ ਹਨ, ਜੋ ਕਿ ਹਮਖਿਆਲੀ ਪਾਰਟੀਆਂ ਬਣਾ ਰਹੀਆਂ ਹਨ। ਅੱਜ ਦੇ ਸਮਾਗਮ 'ਚ ਸੁਰਜੀਤ ਸਿੰਘ ਜਟਾਣਾ, ਨਛੱਤਰ ਸਿੰਘ ਭਗਤਾ, ਜਗਜੀਤ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਪੰਡਤ ਬਿੱਟਾ, ਤਰਲੋਚਨ ਸਿੰਘ ਸਰਪੰਚ ਲਲਤੋਂ, ਅਵਤਾਰ ਸਿੰਘ ਕੰਗ, ਬਲਵੀਰ ਸਿੰਘ ਤੂਰ, ਵਿੱਕੀ ਮੁੱਲਾਂਪੁਰੀ, ਗੁਰਵਿੰਦਰ ਸਿੰਘ ਮਹਿਲ ਤੇ ਨਾਜਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਥਾਵਾਂ ਤੋਂ ਆਏ ਆਗੂਆਂ ਨੇ ਆਪਣੇ-ਆਪਣੇ ਵਿਚਾਰ ਰੱਖੇ।


Related News