ਪੰਜਾਬ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ : ਕੁਲਦੀਪ ਸਿੰਘ ਧਾਲੀਵਾਲ

Wednesday, May 10, 2023 - 05:59 PM (IST)

ਪੰਜਾਬ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ : ਕੁਲਦੀਪ ਸਿੰਘ ਧਾਲੀਵਾਲ

ਜਲੰਧਰ (ਅਨਿਲ ਪਾਹਵਾ) : ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਜਲੰਧਰ ’ਚ ਲੋਕ ਸਭਾ ਚੋਣਾਂ ਚੰਗੇ ਫਰਕ ਨਾਲ ਜਿੱਤੇਗੀ ਕਿਉਂਕਿ ਪਾਰਟੀ ਦੇ 13 ਮਹੀਨਿਆਂ ਦੇ ਕਾਰਜਕਾਲ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਹੈ। ਇਸ ਤੋਂ ਇਲਾਵਾ ਧਾਲੀਵਾਲ ਨੇ ਜਿੱਥੇ ਮਜੀਠੀਆ, ਬਾਜਵਾ ’ਤੇ ਨਿਸ਼ਾਨਾ ਵਿੰਨ੍ਹਿਆ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:

ਦੋਆਬਾ ਖੇਤਰ ਬਾਰੇ ਤੁਹਾਡੀ ਕੀ ਸੋਚ ਹੈ?
ਦੋ ਚੀਜ਼ਾਂ ਹਨ, ਜਦੋਂ ਤੱਕ ਅਸੀਂ ਗਰਾਊਂਡ ਜ਼ੀਰੋ 'ਤੇ ਨਹੀਂ ਜਾਂਦੇ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ। ਜਦੋਂ ਅਸੀਂ ਦੁਆਬੇ ’ਚੋਂ ਲੰਘਦੇ ਹਾਂ ਤਾਂ ਸਾਨੂੰ ਵੱਡੇ-ਵੱਡੇ ਮਕਾਨ ਦੇਖਣ ਨੂੰ ਮਿਲਦੇ ਹਨ। ਬਾਹਰੋਂ ਵੇਖਣ ’ਤੇ ਲੱਗਦਾ ਹੈ ਕਿ ਦੁਆਬੇ ਵਿੱਚ ਬਹੁਤ ਤਰੱਕੀ ਹੋਈ ਹੈ। ਇਹ ਵੀ ਸੱਚ ਹੈ ਕਿ ਦੁਆਬਾ ਖੇਤਰ ਵਿੱਚ ਘਰਾਂ, ਕਮਿਊਨਿਟੀ ਹਾਲਾਂ, ਗੁਰੂਘਰਾਂ ਦੀ ਉਸਾਰੀ ਵਿੱਚ ਪ੍ਰਵਾਸੀ ਭਾਰਤੀਆਂ ਦਾ ਚੰਗਾ ਸਹਿਯੋਗ ਹੈ। ਮੈਂ ਹੈਰਾਨ ਹਾਂ ਕਿ ਸਰਕਾਰਾਂ ਕਿੱਥੇ ਸਨ? ਪਿੰਡਾਂ ਵਿੱਚ ਕੋਈ ਕੰਮ ਹੀ ਨਹੀਂ ਹੋਇਆ। ਜਿਹੜੀਆਂ ਸਮੱਸਿਆਵਾਂ ਫਿਰੋਜ਼ਪੁਰ ਜਾਂ ਤਰਨਤਾਰਨ ਦੇ ਸਰਹੱਦੀ ਖੇਤਰ ਵਿੱਚ ਹਨ, ਉਹੀ ਸਮੱਸਿਆਵਾਂ ਦੁਆਬਾ ਖੇਤਰ ਵਿੱਚ ਵੀ ਹਨ। ਨਾ ਕੋਈ ਗਲੀ ਬਣੀ, ਨਾ ਵਿਕਾਸ ਦਾ ਕੋਈ ਨਿਸ਼ਾਨ। ਜਦੋਂ ਮੈਂ ਮਾਸਟਰ ਗੁਰਬੰਤਾ ਸਿੰਘ ਦੇ ਇਕ ਪਿੰਡ ਵਿਚ ਚੋਣ ਪ੍ਰਚਾਰ ਲਈ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਉਥੇ ਸਰਕਾਰੀ ਤੌਰ ’ਤੇ ਇਕ ਇੱਟ ਵੀ ਨਹੀਂ ਰੱਖੀ ਗਈ ਜਦਕਿ ਉਨ੍ਹਾਂ ਦੇ ਪੁੱਤਰ ਪੰਜਾਬ ਵਿਚ ਚੰਗੇ ਅਹੁਦਿਆਂ ’ਤੇ ਰਹੇ ਹਨ।

ਇਹ ਵੀ ਪੜ੍ਹੋ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੋਟਰਾਂ ਨੂੰ ਕਾਂਗਰਸ ਅਤੇ ਭਾਜਪਾ ਤੋਂ ਸੁਚੇਤ ਰਹਿਣ ਦੀ ਦਿੱਤੀ ਸਲਾਹ    

ਮਾਨ ਸਰਕਾਰ ਦੀਆਂ ਪ੍ਰਾਪਤੀਆਂ ਕੀ ਹਨ?
ਬਿਜਲੀ ਦੇ ਬਿੱਲ ਨਹੀਂ ਆ ਰਹੇ, ਲੋਕ ਖੁਸ਼ ਹਨ। ਮੁਹਿੰਮ ਦੌਰਾਨ ਕਈ ਲੋਕ ਮਿਲੇ, ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ। ਮੈਂ ਆਦਮਪੁਰ ਇਲਾਕੇ ’ਚ ਡਿਊਟੀ ’ਤੇ ਸੀ। ਲੋਕਾਂ ਦਾ ਭੋਗਪੁਰ ਖੰਡ ਮਿੱਲ ਵਲ 30-35 ਕਰੋੜ ਰੁਪਏ ਬਕਾਇਆ ਸੀ। ਇਸ ਵਾਰ ਵੀ ਗੰਨਾ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਗਈ ਹੈ। ਮੈਨੂੰ ਲੱਗਦਾ ਹੈ ਕਿ ਲੋਕ ਸਾਡੇ ਨਾਲ ਹਨ ਅਤੇ ਲੋਕ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨਗੇ। ਜਦੋਂ ਮੈਂ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਗੱਲ ਕਰਦਾ ਹਾਂ ਤਾਂ ਮੈਂ ਸਿਰਫ ਇਕ ਗੱਲ ਦੱਸਦਾ ਹਾਂ ਕਿ ਅਸੀਂ ਪੰਜ ਸਾਲ ਲਈ ਸਭ ਨਾਲ ਜੁੜੇ ਹਾਂ, ਇਹ ਇਕ-ਦੋ ਮਹੀਨਿਆਂ ਦੀ ਗੱਲ ਨਹੀਂ ਹੈ। ਅਸੀਂ ਜੋ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕਰ ਰਹੇ ਹਾਂ। ਬਿਜਲੀ ਮੁਆਫ਼ ਕੀਤੀ ਗਈ, ਰੁਜ਼ਗਾਰ ਦਿੱਤਾ ਗਿਆ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ, ਟੋਲ ਪਲਾਜ਼ੇ ਖ਼ਤਮ ਕੀਤੇ ਜਾ ਰਹੇ ਹਨ। ਅਜੇ ਸਾਨੂੰ ਸਿਰਫ 14 ਮਹੀਨਿਆਂ ਦਾ ਸਮਾ ਮਿਲਿਅਾ ਹੈ। ਚਾਰ ਸਾਲ ਹੋਰ ਬਾਕੀ ਹਨ।

ਵਿਰੋਧੀ ਧਿਰ ਕਾਨੂੰਨ ਵਿਵਸਥਾ ’ਤੇ ਤੁਹਾਨੂੰ ਘੇਰ ਰਹੀ ਹੈ?
ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਇਹ ਸਮੱਸਿਆ 1980 ਤੋਂ ਚੱਲੀ ਆ ਰਹੀ ਹੈ। ਕਦੇ ਅੱਤਵਾਦ ਆਇਆ, ਉਸ ਨੂੰ ਕਾਬੂ ਕੀਤਾ ਗਿਆ, ਕਦੇ ਗੈਂਗਸਟਰ ਆਏ, ਕਦੇ ਨਸ਼ਿਆਂ ਦਾ ਮੁੱਦਾ ਆਇਆ, ਇਹ ਸਾਰੇ ਮੁੱਦੇ ਪੁਰਾਣੇ ਹਨ।

ਬਿਕਰਮ ਮਜੀਠੀਆ ਕਹਿ ਰਹੇ ਹਨ ਕੀ ਕੀ ਇਹੀ ਤਬਦੀਲੀ ਸੀ?
ਹਾਂ, ਇੱਕ ਤਬਦੀਲੀ ਆਈ ਹੈ। ਵੱਡੇ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ। ਉਹ ਦੁਨੀਅਾ ਤੋਂ ਚਲੇ ਗਏ। ਸੁਖਬੀਰ ਬਾਦਲ, ਉਹਨਾਂ ਦੀ ਪਤਨੀ ਅਤੇ ਮਜੀਠੀਆ ਸਾਹਿਬ ਉਹ ਲੋਕ ਹਨ ਜਿਹਨਾਂ ਨੂੰ ਸੋਨੇ ਦੀ ਥਾਲੀ ਵਿੱਚ ਪਰੋਸਿਆ ਗਿਆ ਭੋਜਨ ਮਿਲਿਅਾ। ਉਨ੍ਹਾਂ ਦੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਇਹ ਸਭ ਕੁਝ ਤੋਹਫੇ ’ਚ ਦੇ ਦਿੱਤਾ। ਅੱਜ ਇਨ੍ਹਾਂ ਦੀ ਹਾਲਤ ਦੇਖੋ, ਪੂਰੇ ਪੰਜਾਬ ਵਿੱਚ 3 ਸੀਟਾਂ ਬਚੀਆਂ ਹਨ। ਅਸੀਂ ਉਹ ਲੋਕ ਹਾਂ ਜੋ ਆਮ ਘਰਾਂ ਤੋਂ ਬਾਹਰ ਆਏ ਹਾਂ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ 7 ਕਿਲੇ ਜ਼ਮੀਨ ਦੇ ਮਾਲਕ ਹਨ। ਤਬਦੀਲੀ ਦੀ ਗੱਲ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਇਹ ਸਮਝ ਨਹੀਂ ਆਈ ਕਿ ਪੰਜਾਬ ਦੇ ਲੋਕਾਂ ਨੇ ਇੱਕ ਆਮ ਘਰਾਣੇ ਵਿੱਚੋਂ ਆਏ ਭਗਵੰਤ ਮਾਨ ’ਤੇ ਭਰੋਸਾ ਕਰ ਲਿਆ ਹੈ। ਇਹ ਲੋਕ ਚੋਣਾਂ ਤੋਂ ਪਹਿਲਾਂ ਵੀਡੀਓ ਬਣਾ ਕੇ ਪ੍ਰਚਾਰ ਕਰਦੇ ਰਹੇ। ਮੈਂ ਤਾਂ ਇਹੀ ਕਹਾਂਗਾ ਕਿ ਅਕਾਲੀ ਦਲ ਆਪ ਦੇਖ ਲਵੇ ਕਿ 70 ਸੀਟਾਂ ਜਿੱਤਣ ਵਾਲੇ 3 ਸੀਟਾਂ ’ਤੇ ਆ ਗਏ ਹਨ। ਇਹ ਸਭ ਸੁਖਬੀਰ ਤੇ ਮਜੀਠੀਆ ਕਰ ਕੇ ਹੋਇਆ ਹੈ। ਮੈਂ ਦਾਅਵਾ ਕਰਦਾ ਹਾਂ ਕਿ ਅਕਾਲੀ ਦਲ ਹੁਣ ਖਤਮ ਹੋ ਗਿਆ ਹੈ।

ਬਾਜਵਾ ਕਹਿ ਰਹੇ ਹਨ ਕਿ ਤੁਸੀਂ ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹੋ?
ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੀ ਸਰਕਾਰ ਕਿਸ ਦੀ ਸੀ। ਸ਼ਾਇਦ ਉਹ ਭੁੱਲ ਗਏ ਹਨ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਅਦ ਵਿਚ ਚਰਨਜੀਤ ਚੰਨੀ ਮੁੱਖ ਮੰਤਰੀ ਸਨ। ਬਾਜਵਾ ਸਾਹਿਬ ਉਦੋਂ ਰਾਜ ਸਭਾ ਦੇ ਮੈਂਬਰ ਸਨ। ਉਹ ਲੋਕ ਸਭਾ ਦੇ ਮੈਂਬਰ ਵੀ ਰਹੇ। ਮੈਂ ਸਿਰਫ ਇਹ ਪੁੱਛਦਾ ਹਾਂ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਕੀ ਕੰਮ ਹੋਇਆ ਹੈ, ਉਹੀ ਦੱਸੋ। ਇਹ ਕਰਜ਼ਾ 1980-90 ਤੋਂ ਚੱਲ ਰਿਹਾ ਹੈ। ਉਦੋਂ ਕਿਸ ਦੀਆਂ ਸਰਕਾਰਾਂ ਸਨ? ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਹੀ ਚਲਦੀਆਂ ਰਹੀਆਂ ਅਤੇ ਇਹ ਕਰਜ਼ਾ ਬਾਜਵਾ ਵਰਗੇ ਲੋਕਾਂ ਕਾਰਨ ਹੀ ਪੰਜਾਬ ਦੇ ਸਿਰ ਚੜ੍ਹਿਅਾ ਹੈ, ਜਦੋਂ ਕਿ ਹੁਣ ਭਗਵੰਤ ਮਾਨ ਸਰਕਾਰ ਕਰਜ਼ਾ ਮੋੜ ਰਹੀ ਹੈ। ਹਾਲ ਹੀ ਵਿੱਚ ਬਿਜਲੀ ਬੋਰਡ ਨੇ ਕਰਜ਼ੇ ਵਜੋਂ 20 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ। ਬਾਜਵਾ ਗੱਲ ਕਰਨ ਵਿਚ ਮਾਸਟਰ ਹਨ, ਪਰ ਅਸੀਂ ਕੰਮ ਦੀ ਗੱਲ ਕਰਦੇ ਹਾਂ।

ਸੀ. ਐੱਮ ਕਹਿ ਰਹੇ ਸਨ ਕਿ ਬਾਜਵਾ ਮੁੱਖ ਮੰਤਰੀ ਦੀ ਕੁਰਸੀ ਮੰਗ ਰਹੇ ਸਨ?
(ਹੱਸਦੇ ਹੋਏ) ਉਹ ਤਾਂ ਕਈ ਕੁਝ ਮੰਗ ਰਹੇ ਸਨ। ਉਹ ਮੁੱਖ ਮੰਤਰੀ ਦੀ ਸੀਟ ਤਾਂ ਮੰਗ ਹੀ ਰਹੇ ਸਨ, ਜੇ ਕੇਜਰੀਵਾਲ ਸਾਹਿਬ ਡਿਪਟੀ ਸੀ. ਐੱਮ. ਲਈ ਕਹਿੰਦੇ ਤਾਂ ਵੀ ਉਹ ਮੰਨ ਜਾਂਦੇ। ਚਾਰ ਸਾਲ ਤੱਕ ਉਹ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਲੜਦੇ ਰਹੇ ਪਰ ਜਦੋਂ ਬਟਾਲਾ ਦੀ ਸੀਟ ਮਿਲ ਗਈ ਤਾਂ ਕੈਪਟਨ ਖਿਲਾਫ ਬੋਲਣਾ ਵੀ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਸੋਨੀਆ ਗਾਂਧੀ ਦੇ ਸਾਹਮਣੇ ਫਰਿਆਦ ਕਰ ਕੇ ਰਾਜਸ਼ਾਹੀ ਦੀਆਂ ਗੱਲਾਂ ਕਰਦੇ ਸਨ।

ਇਹ ਵੀ ਪੜ੍ਹੋ : CBI, ED ਰਾਹੀਂ ਭਾਜਪਾ ਅਰਵਿੰਦ ਕੇਜਰੀਵਾਲ ਦੀ ‘ਇਮਾਨਦਾਰ ਰਾਜਨੀਤੀ’ ਨੂੰ ਰੋਕਣਾ ਚਾਹੁੰਦੀ ਹੈ : ‘ਆਪ’    

ਭਾਜਪਾ ਇਸ ਵਾਰ ਜ਼ਿਆਦਾ ਸਰਗਰਮ ਹੈ, ਤੁਸੀਂ ਕੀ ਸੋਚਦੇ ਹੋ?
ਭਾਜਪਾ ਪਹਿਲਾਂ ਵੀ ਸ਼ਹਿਰਾਂ ਵਿੱਚ ਸਰਗਰਮ ਰਹੀ ਹੈ ਪਰ ਪੰਜਾਬ ਪਿੰਡਾਂ ਵਿੱਚ ਵਸਦਾ ਹੈ, ਇਹ ਉਦੋਂ ਪਤਾ ਲੱਗੇਗਾ ਜਦੋਂ ਭਾਜਪਾ ਪਿੰਡਾਂ ਵਿੱਚ ਜਾ ਕੇ ਵੋਟਾਂ ਮੰਗੇਗੀ। ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਨੂੰ ਸ਼ਾਇਦ ਕਾਂਗਰਸ ਨਾਲੋਂ ਵੱਧ ਵੋਟਾਂ ਮਿਲਦੀਆਂ ਹਨ।

ਇਸ ਵਾਰ ਚੋਣ ਉਮੀਦਵਾਰਾਂ ਵਿਚਾਲੇ ਨਹੀਂ, ਚੋਟੀ ਦੇ ਅਾਗੂਆਂ ਵਿਚਾਲੇ ਹੈ, ਤੁਸੀਂ ਕੀ ਸੋਚਦੇ ਹੋ?
ਇਨ੍ਹਾਂ ਉਮੀਦਵਾਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਉਮੀਦਵਾਰਾਂ ਵਿਚਕਾਰ ਬੇਲੋੜੀ ਬਿਆਨਬਾਜ਼ੀ ਨਹੀਂ ਹੋਈ। ਕਾਂਗਰਸ ਦੀ ਉਮੀਦਵਾਰ ਨੇ ਸਵਰਗੀ ਚੌਧਰੀ ਸਾਹਬ ਦੇ ਨਾਂ ’ਤੇ ਵੋਟਾਂ ਮੰਗੀਆਂ ਹਨ। ਸਿਰਫ ਆਪਣੀ ਪਾਰਟੀ ਤਕ ਹੀ ਸੀਮਤ ਰਹੇ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ, ਇਨ੍ਹਾ ਸਭ ਦੇ ਉਮੀਦਵਾਰ ਸੁਲਝੇ ਹੋਏ ਹਨ। ਇਨ੍ਹਾਂ ਵਿੱਚੋਂ ਕਿਸੇ ਨੇ ਵੀ ਬੇਲੋੜੀ ਬਿਆਨਬਾਜ਼ੀ ਕਰਨ ਦੀ ਪ੍ਰਵਾਹ ਨਹੀਂ ਕੀਤੀ। ਵੱਡੇ ਲੀਡਰ ਆਪਸ ਵਿੱਚ ਉਲਝਦੇ ਰਹੇ। ਕਈ ਥਾਵਾਂ ’ਤੇ ਬਿਕਰਮ ਮਜੀਠੀਆ ਨੇ ਸੀ.ਐਮ. ਬਾਰੇ ਗਲਤ ਕਿਹਾ। ਉਹ ਚਾਹੁੰਦੇ ਸਨ ਕਿ ਅਸੀਂ ਵੀ ਗਲਤ ਬੋਲੀਏ, ਪਰ ਅਸੀਂ ਮੁੱਦਿਆਂ ’ਤੇ ਡਟੇ ਰਹੇ। ਅਸੀਂ ਬੇਲੋੜੀ ਗੱਲ ਨਹੀਂ ਕੀਤੀ, ਸਿਰਫ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸੀਆਂ। ਜਿੱਥੋਂ ਤੱਕ ਬਾਜਵਾ ਸਾਹਿਬ ਦਾ ਸਵਾਲ ਹੈ, ਤੁਸੀਂ ਉਨ੍ਹਾਂ ਤੋਂ ਉਂਝ ਵੀ ਕੋਈ ਉਮੀਦ ਨਹੀਂ ਕਰ ਸਕਦੇ ਕਿਉਂਕਿ ਉਹ ਸਿਰਫ ਮੁੱਖ ਮੰਤਰੀ ਦੀ ਕੁਰਸੀ ਲਈ ਦੌੜਦੇ ਰਹੇ ਹਨ। ਬਾਦਲ, ਭੱਠਲ, ਬਰਾੜ, ਸਿੱਧੂ, ਬਾਜਵਾ, ਚੰਨੀ ਇਹ ਸਾਰੇ ਲੋਕ ਮੁੜ ਪੰਜਾਬ ਦੀ ਸਿਆਸਤ ਵਿੱਚ ਨਜ਼ਰ ਨਹੀਂ ਆਉਣਗੇ। ਆਉਣ ਵਾਲੇ ਸਮੇਂ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਮ ਹੀ ਇੰਨੇ ਕਰ ਦੇਣੇ ਹਨ ਕਿ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਆਪਣੇ ਪਿੰਡਾਂ ਵਿੱਚ ਵੜਨ ਹੀ ਨਹੀਂ ਦੇਣਾ।

ਸੀ. ਐੱਮ. ਮਾਨ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਤ ਹੋ?
ਸਭ ਤੋਂ ਵੱਡੀ ਗੱਲ ਇਮਾਨਦਾਰੀ ਹੈ, ਜੋ ਉਨ੍ਹਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਦੂਸਰਾ, ਪੰਜਾਬ ਉਨ੍ਹਾਂ ਦੀ ਰਗ-ਰਗ ਵਿਚ ਵੱਸਦਾ ਹੈ। ਸਿਆਸਤ ਵਿੱਚ ਇਮਾਨਦਾਰ ਲੋਕ ਵੀ ਹੁੰਦੇ ਹਨ, ਇਹ ਮਾਨ ਸਾਹਿਬ ਨੂੰ ਦੇਖ ਕੇ ਲੱਗਦਾ ਹੈ। ਜਿਸ ਤਰ੍ਹਾਂ ਦੀ ਸਿਆਸਤ ਅਕਾਲੀ ਅਤੇ ਕਾਂਗਰਸੀ ਆਗੂਆਂ ਨੇ ਪਿਛਲੇ 15-20 ਸਾਲਾਂ ਵਿੱਚ ਕੀਤੀ ਹੈ, ਉਸ ਨਾਲ ਲੋਕਾਂ ਦਾ ਸਿਆਸਤ ਤੋਂ ਭਰੋਸਾ ਹੀ ਉੱਠ ਗਿਆ ਹੈ। ਲੋਕਾਂ ਨੂੰ ਲੱਗਣ ਲੱਗਾ ਕਿ ਇਹ ਸਾਰੇ ਆਗੂ ਚੋਰ ਹੀ ਹਨ।

ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਵਿਜੀਲੈਂਸ ਵਰਤੀ ਜਾ ਰਹੀ ਹੈ?
ਅਜਿਹਾ ਨਹੀਂ ਹੈ, ਕਾਨੂੰਨ ਆਪਣਾ ਕੰਮ ਕਰਦਾ ਹੈ। ਮੈਂ ਮਾਨ ਸਾਹਿਬ ਤੋਂ ਕਈ ਵਾਰ ਮੰਗ ਕੀਤੀ ਕਿ 1990 ਤੋਂ ਲੈ ਕੇ 2002 ਤੱਕ ਜਿਹੜੇ ਵੀ ਐਮ. ਐਲ. ਏ. ਜਾਂ ਮੰਤਰੀ ਬਣੇ, ਉਨ੍ਹਾਂ ਸਾਰਿਆਂ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ। ਸਭ ਕੁਝ ਸਪੱਸ਼ਟ ਹੋ ਜਾਵੇਗਾ ਕਿ ਚੰਡੀਗੜ੍ਹ ਵਿੱਚ ਕੋਠੀਆਂ ਕਿਵੇਂ ਬਣਾਈਆਂ ਗਈਆਂ। ਨਾ ਕਿਸੇ ਦਾ ਆਪਣਾ ਕਾਰੋਬਾਰ, ਨਾ ਬੱਚੇ ਕੰਮ ਕਰਦੇ ਹਨ, ਨਾ ਕੋਈ ਚਾਚਾ-ਤਾਇਅਾ ​​ਕੰਮ ਕਰਦਾ ਹੈ, ਫਿਰ ਸਭ ਕੁਝ ਕਿਵੇਂ ਹੋ ਗਿਆ? ਜੇ ਮੈਂ ਆਪਣੀ ਗੱਲ ਕਰਾਂ ਤਾਂ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਮੈਂ 5 ਕਿੱਲਿਆਂ ਨੂੰ ਸਾਢੇ 5 ਕਿੱਲਿਆਂ ਵਿੱਚ ਨਹੀਂ ਬਦਲ ਸਕਿਆ। ਅਸੀਂ ਵੀ 1990 ਤੋਂ ਰਾਜਨੀਤੀ ਵਿੱਚ ਕੰਮ ਕਰ ਰਹੇ ਹਾਂ, ਸਾਡੇ ਕੋਲ ਵੱਡੀਆਂ ਗੱਡੀਆਂ ਨਹੀਂ ਹਨ। ਜੇ ਇਸ ਸਭ ਦੀ ਜਾਂਚ ਕੀਤੀ ਜਾਵੇ ਤਾਂ ਪੰਜਾਬ ਦੇ ਲੋਕਾਂ ਨੂੰ ਬਹੁਤ ਕੁਝ ਪਤਾ ਲੱਗ ਜਾਵੇਗਾ। ਇਨ੍ਹਾਂ ਲੋਕਾਂ ਦਾ ਪੈਸਾ ਵਿਦੇਸ਼ਾਂ ਵਿੱਚ ਵੀ ਐਡਜਸਟ ਹੋ ਚੁੱਕਾ ਹੈ।

ਤੁਸੀਂ ਆਦਮਪੁਰ ਵਿੱਚ ਕੰਮ ਕੀਤਾ, ਕੀ ਹਾਲਤ ਹੈ?
ਸਾਡੀ ਪੂਰੀ ਪਾਰਟੀ ਜਲੰਧਰ ਵਿੱਚ ਕੰਮ ਕਰ ਰਹੀ ਹੈ, ਮੰਤਰੀ ਅਤੇ ਵਿਧਾਇਕ ਸਾਰੇ ਲੱਗੇ ਹੋਏ ਹਨ। ਮੈਂ ਮਹਿਸੂਸ ਕੀਤਾ ਕਿ ਦੁਆਬੇ ਦੀ ਸਥਿਤੀ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਇਸ ਖੇਤਰ ਨੂੰ ਚੰਗੇ ਆਗੂ ਦੀ ਭਾਲ ਹੈ। ਕੋਈ ਸਮਾਂ ਸੀ ਜਦੋਂ ਦੁਆਬੇ ’ਚ ਵੱਡੇ-ਵੱਡੇ ਲੀਡਰ ਹੁੰਦੇ ਸਨ ਪਰ ਹੁਣ ਸਿਰਫ ਗੱਲਾਂ ਕਰਨ ਵਾਲੇ ਆਗੂ ਹੀ ਰਹਿ ਗਏ ਹਨ। ਮੈਂ ਹੈਰਾਨ ਹਾਂ ਕਿ ਇੰਨੇ ਸਾਲਾਂ ਵਿੱਚ ਵੀ ਪਿੰਡਾਂ ਦੇ ਛੱਪੜ ਤਕ ਠੀਕ ਨਹੀਂ ਹੋਏ। ਲੋਕਾਂ ਨੇ ਮੈਨੂੰ ਪਿੰਡਾਂ ਦੇ ਸਕੂਲ ਦਿਖਾਏ, ਜਿਨ੍ਹਾਂ ਦੀ ਹਾਲਤ ਖਰਾਬ ਹੈ। ਮੈਂ ਆਦਮਪੁਰ ਵਿੱਚ ਸੀ, ਉੱਥੇ ਹਾਲਾਤ ਬਹੁਤ ਖਰਾਬ ਹਨ। ਮੈਂ ਲੋਕਾਂ ਨਾਲ ਵਾਅਦਾ ਲੈ ਕੇ ਆਇਆ ਹਾਂ ਕਿ ਅਸੀਂ ਜਿੱਤੀਏ ਜਾਂ ਹਾਰੀਏ, ਆਦਮਪੁਰ ਦਾ ਵਿਕਾਸ ਜ਼ਰੂਰ ਕਰਵਾਵਾਂਗਾ। ਅਜਿਹਾ ਵਿਕਾਸ ਕੀਤਾ ਜਾਵੇਗਾ ਕਿ ਕਾਂਗਰਸੀ ਅਤੇ ਅਕਾਲੀ ਆਗੂ ਦੇਖਦੇ ਰਹਿ ਜਾਣਗੇ।

ਇਹ ਵੀ ਪੜ੍ਹੋ : ਅਧਿਆਪਕ ਭਰਤੀ ਰਿਕਾਰਡ ’ਚ ਗੜਬੜੀ ਕਰਨ ਦੇ ਦੋਸ਼ ਹੇਠ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਗ੍ਰਿਫਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News