ਟ੍ਰੈਫਿਕ ਦੀ ਗੰਭੀਰ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ

11/17/2017 2:34:02 AM

ਬਾਘਾਪੁਰਾਣਾ,  (ਰਾਕੇਸ਼)-  ਬਾਜ਼ਾਰਾਂ 'ਚ ਟ੍ਰੈਫਿਕ ਦੀ ਗੰਭੀਰ ਸਮੱਸਿਆ ਕਾਰਨ ਜਾਮ ਲੱਗਾ ਰਹਿੰਦਾ ਹੈ, ਜਿਸ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ
ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ
ਹੀ ਜਾਮ ਕਰ ਕੇ ਐਂਬੂਲੈਂਸ ਸਮੇਤ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਕਾਰਨ ਸੜਕਾਂ ਘਿਰੀਆਂ ਰਹਿੰਦੀਆਂ ਹਨ ਅਤੇ ਕਾਰ ਪਾਰਕਿੰਗ ਦੀ ਕਮੀ ਕਾਰਨ ਲੋਕ ਆਪਣੇ ਵਾਹਨ ਸੜਕਾਂ ਕਿਨਾਰੇ ਹੀ ਖੜ੍ਹੇ ਕਰ ਦਿੰਦੇ ਹਨ।
ਬੈਂਕਾਂ ਅੱਗੇ ਦੋਪਹੀਆ ਵਾਹਨਾਂ ਦੀ ਭੀੜ ਲੱਗੀ ਰਹਿੰਦੀ ਹੈ। ਸ਼ਹਿਰ 'ਚ ਟ੍ਰੈਫਿਕ ਕੰਟਰੋਲ ਲਈ ਨਿਹਾਲ ਸਿੰਘ ਵਾਲਾ ਰੋਡ 'ਤੇ ਵਨ-ਵੇ ਸਿਸਟਮ ਬਣਾਇਆ ਹੋਇਆ ਸੀ, ਜਿਸ ਨਾਲ ਲੋਕਾਂ ਨੂੰ ਜਾਮ ਤੋਂ ਵੱਡੀ ਰਾਹਤ ਮਿਲੀ ਹੋਈ ਸੀ ਪਰ ਹੁਣ ਉਹ ਵੀ ਹਟਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੋਰ ਵੀ ਮੁਸ਼ਕਿਲ ਬਣਿਆ ਹੋਇਆ ਹੈ। ਟ੍ਰੈਫਿਕ ਦੀ ਗੰਭੀਰ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਇਸ ਦਾ ਪੁਖਤਾ ਇੰਤਜ਼ਾਮ ਨਾ ਕਰਨ ਕਾਰਨ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਵਾਹਨ ਚਾਲਕਾਂ ਨੇ ਕਿਹਾ ਕਿ ਇਸ ਕਸਬੇ 'ਚ ਤਾਂ ਵਾਹਨਾਂ ਦੀਆਂ ਹਰ ਸੜਕਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ, ਜਿਸ ਨਾਲ ਬਹੁਤ ਸਮਾਂ ਬਰਬਾਦ ਹੁੰਦਾ ਹੈ ਪਰ ਇੱਥੋਂ ਦੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ, ਜਿਸ ਕਰ ਕੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਸਾਰੀਆਂ ਸੜਕਾਂ ਚੌੜੀਆਂ ਕਰਨੀਆਂ ਚਾਹੀਦੀਆਂ ਹਨ।
ਕੀ ਕਹਿੰਦੇ ਨੇ ਟ੍ਰੈਫਿਕ ਇੰਚਾਰਜ : ਗੁਰਪਾਲ ਸਿੰਘ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਅਕਸਰ ਝੋਨੇ ਅਤੇ ਕਣਕ ਦੇ ਸੀਜ਼ਨ ਤੋਂ ਇਲਾਵਾ ਧੁੰਦ 'ਚ ਜਾਮ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਬਾਜ਼ਾਰਾਂ 'ਚ ਹੋਏ ਨਾਜਾਇਜ਼ ਕਬਜ਼ੇ ਵੀ ਸੜਕੀ ਆਵਾਜਾਈ ਲਈ ਗੰਭੀਰ ਸਮੱਸਿਆ ਬਣਾਈ ਰੱਖਦੇ ਹਨ ਫਿਰ ਵੀ ਅਸੀਂ ਹਰ ਕੋਸ਼ਿਸ਼ ਕਰ ਕੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਹਾਂ। ਮੁੱਖ ਸੜਕਾਂ 'ਤੇ ਜੋ ਚਿੱਟੀ ਪੱਟੀ ਨੂੰ ਗੂੜ੍ਹਾ ਕਰਵਾਉਣ ਦੀ ਲੋੜ ਸੀ, ਉਨ੍ਹਾਂ ਨੂੰ ਵੀ ਟੋਲ ਪਲਾਜ਼ਾ ਕੰਪਨੀ ਤੋਂ ਗੂੜ੍ਹਾ ਕਰਵਾ ਦਿੱਤਾ ਗਿਆ ਹੈ।
ਕੀ ਕਹਿਣਾ ਹੈ ਵਿਧਾਇਕ ਦਾ : ਸ. ਬਰਾੜ ਨੇ ਕਿਹਾ ਕਿ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਸਾਰੇ ਸਿਸਟਮ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾ ਸਕੇ।


Related News