ਗਰੀਨ ਐਵੇਨਿਊ ''ਚ ਸੀਵਰੇਜ ਦੀ ਲੀਕੇਜ ਕਾਰਨ ਲੋਕ ਪ੍ਰੇਸ਼ਾਨ

Monday, Mar 05, 2018 - 01:47 AM (IST)

ਗਰੀਨ ਐਵੇਨਿਊ ''ਚ ਸੀਵਰੇਜ ਦੀ ਲੀਕੇਜ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ,  (ਵਿਨੋਦ)-  ਸਥਾਨਕ ਸਰਕਾਰੀ ਕਾਲਜ ਦੇ ਪਿੱਛੇ ਸਥਿਤ ਬਾਜਵਾ ਕਾਲੋਨੀ, ਮੁਹੱਲਾ ਗਰੀਨ ਐਵੀਨਿਊ 'ਚ ਤਕਰੀਬਨ ਇਕ ਸਾਲ ਤੋਂ ਸੀਵਰੇਜ ਲੀਕੇਜ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਮੁਹੱਲਾ ਨਿਵਾਸੀਆਂ ਨੇ ਕਈ ਵਾਰ ਇਸ ਬਾਰੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਪਰ ਸਮੱਸਿਆ ਦਾ ਅੱਜ ਤੱਕ ਹੱਲ ਨਹੀਂ ਹੋਇਆ ਤੇ ਹੁਣ ਗਰਮੀ ਦਾ ਮੌਸਮ ਸ਼ੁਰੂ ਹੋਣ ਕਾਰਨ ਲੋਕਾਂ ਨੂੰ ਮੁਹੱਲੇ 'ਚ ਸੀਵਰੇਜ ਦੀ ਲੀਕੇਜ ਕਰ ਕੇ ਕੋਈ ਬੀਮਾਰੀ ਫੈਲਣ ਦਾ ਡਰ ਸਤਾਉਣ ਲੱਗਾ ਹੈ।
ਇਸ ਸਬੰਧੀ ਮੁਹੱਲਾ ਨਿਵਾਸੀ ਤਰੁਣ ਰਿਸ਼ੀ ਪੁੱਤਰ ਸੁਰਿੰਦਰ ਪਾਲ ਸ਼ਰਮਾ, ਸੁਰਿੰਦਰ ਪਾਲ ਸ਼ਰਮਾ, ਜਸਪਾਲ ਚੰਦ, ਅਵਿਨਾਸ਼ ਕੁਮਾਰ, ਰਣਬੀਰ ਸਿੰਘ, ਦਲਜੀਤ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਇੰਸਪੈਕਟਰ ਕੁਲਵੰਤ ਸਿੰਘ ਆਦਿ ਨੇ ਦੱਸਿਆ ਕਿ ਮੁਹੱਲੇ 'ਚ ਸੀਵਰੇਜ ਦੀ ਲੀਕੇਜ ਕਾਰਨ ਆਸ-ਪਾਸ ਦੇ ਖੇਤਰਾਂ ਵਿਚ ਪਾਣੀ ਭਰ ਚੁੱਕਾ ਹੈ ਤੇ ਘਰ ਨੂੰ ਜਾਣ ਵਾਲੇ ਰਸਤੇ 'ਚ ਇੰਨਾ ਪਾਣੀ ਇਕੱਠਾ ਹੋ ਚੁੱਕਾ ਹੈ ਕਿ ਰਾਤ ਸਮੇਂ ਕਾਲੋਨੀ 'ਚ ਸਟਰੀਟ ਲਾਈਟ ਨਾ ਹੋਣ ਕਾਰਨ ਅਕਸਰ ਦੋ-ਪਹੀਆ ਵਾਹਨ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। 
ਇਸ ਕਰ ਕੇ ਇਕ ਪਲਾਟ 'ਚ ਪਾਣੀ ਦਾ ਛੱਪੜ ਬਣ ਚੁੱਕਾ ਹੈ, ਜਿਸ 'ਚ ਮੱਖੀ, ਮੱਛਰ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਪਾਣੀ ਇਕੱਠਾ ਹੋਣ ਨਾਲ ਬਦਬੂ ਫੈਲੀ ਰਹਿੰਦੀ ਹੈ, ਜੋ ਕਿ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ। ਮੁਹੱਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੀਵਰੇਜ ਲੀਕੇਜ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਕਿ ਉਹ ਸਹੀ ਢੰਗ ਨਾਲ ਜੀਵਨ ਬਤੀਤ ਕਰ ਸਕਣ।


Related News