ਬਿਜਲੀ ਦੀ ਘਟੀਆ ਸਪਲਾਈ ਤੇ ਖਸਤਾਹਾਲ ਟ੍ਰਾਂਸਫਾਰਮਰ ਤੋਂ ਲੋਕ ਪ੍ਰੇਸ਼ਾਨ
Monday, Aug 21, 2017 - 06:52 AM (IST)

ਤਰਨਤਾਰਨ, (ਰਮਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦੇ ਮਾੜੇ ਪ੍ਰਬੰਧਾਂ ਤੇ ਘਟੀਆ ਸਰਵਿਸ ਕਾਰਨ ਤਹਿਸੀਲ ਚੌਕ ਦੇ ਆਲੇ-ਦੁਆਲੇ ਦੇ ਇਲਾਕੇ ਦੀ ਬਿਜਲੀ ਰੋਜ਼ਾਨਾ ਘੰਟਿਆਂਬੱਧੀ ਗੁਲ ਰਹਿੰਦੀ ਹੈ। ਇਸ ਇਲਾਕੇ ਵਿਚ ਮੌਜੂਦ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਇਸ ਸਮੱਸਿਆ ਤੋਂ ਕਾਫੀ ਪ੍ਰੇਸ਼ਾਨ ਹਨ, ਜਿਸ ਦਾ ਮੁੱਖ ਕਾਰਨ ਇਸ ਇਲਾਕੇ ਵਿਚ ਲੱਗੇ ਟ੍ਰਾਂਸਫਾਰਮਰ ਦੀ ਖਸਤਾਹਾਲ ਦੱਸਿਆ ਦਾ ਰਿਹਾ ਹੈ। ਇਸ ਸਥਿਤੀ ਸਬੰਧੀ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਤੋਂ ਇਲਾਵਾ ਐੱਸ. ਡੀ. ਓ ਤੇ ਜੇ. ਈ. ਨੂੰ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਦਾ ਨਜ਼ਰ ਆ ਰਿਹਾ।
ਲੋਕਾਂ ਨੇ ਵਿਭਾਗ ਦੇ ਚੇਅਰਮੈਨ ਅਤੇ ਚੀਫ ਇੰਜੀਨੀਅਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਰੋਜ਼ਾਨਾ ਬਿਜਲੀ ਦੇ ਬਿਨਾਂ ਦੱਸੇ ਲੱਗਦੇ ਕੱਟਾਂ ਤੋਂ ਨਿਜਾਤ ਦਿਵਾਈ ਜਾਵੇ ਤੇ ਖਸਤਾਹਾਲ ਤਾਰਾਂ ਤੇ ਹੋਰ ਸਾਮਾਨ ਨੂੰ ਬਦਲਿਆ ਜਾਵੇ। ਬਿਜਲੀ ਬੰਦ ਹੋਣ ਨਾਲ ਜਿੱਥੇ ਬਿਜਲੀ ਕਈ ਘੰਟੇ ਤੱਕ ਬੰਦ ਰਹਿੰਦੀ ਹੈ, ਉਥੇ ਤਹਿਸੀਲ ਚੌਕ ਦੇ ਇਲਾਕੇ ਵਿਚ ਮੌਜੂਦ ਨਗਰ ਕੌਂਸਲ ਦਾ ਸਰਕਾਰੀ ਟਿਊਬਵੈੱਲ ਬੰਦ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ, ਜਿਸ ਨਾਲ ਲੋਕ ਪੀਣ ਤੋਂ ਵੀ ਵਾਂਝੇ ਹੋ ਜਾਂਦੇ ਹਨ।
ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਕਾਲਾ, ਅਮਰੀਕ ਸਿੰਘ, ਨਰਿੰਦਰ ਸਿੰਘ, ਸੰਨੀ, ਮਹਿਤਾਬ, ਪੀ. ਰਾਜ, ਰਾਹੁਲ ਕਪੂਰ, ਰੋਹਿਤ ਕਪੂਰ, ਗੌਰਵ ਕਪੂਰ, ਅਸ਼ਵਨੀ ਗੁਪਤਾ, ਕ੍ਰਿਸ਼ਨ ਗੁਪਤਾ, ਸਤਿੰਦਰਬੀਰ ਸਿੰਘ ਗੰਨ ਹਾਊਸ ਵਾਲੇ, ਪਿੰ੍ਰਸ, ਡਿੰਪਲ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਲਗਾਤਾਰ ਨਹੀਂ ਮਿਲ ਰਹੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 1912 'ਤੇ ਸ਼ਿਕਾਇਤ ਵਾਰ-ਵਾਰ ਲਿਖਵਾਉਣੀ ਪੈ ਰਹੀ ਹੈ। ਪਾਲਿਕਾ ਬਾਜ਼ਾਰ ਦੇ ਬਾਹਰ ਪਿਛਲੇ ਲੰਮੇ ਸਮਂੇ ਤੋਂ ਇਕ ਟ੍ਰਾਂਸਫਾਰਮਰ ਖਰਾਬ ਪਿਆ ਹੈ ਜੋ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ ਅਤੇ ਇਸ ਟ੍ਰਾਂਸਫਾਰਮਰ ਦਾ ਸਾਰਾ ਲੋਡ ਦੂਸਰੇ ਨਜ਼ਦੀਕੀ ਟ੍ਰਾਂਸਫਾਰਮਰਾਂ 'ਤੇ ਪਾ ਦਿੱਤਾ ਗਿਆ ਹੈ, ਜਿਸ ਕਾਰਨ ਵੀ ਬਿਜਲੀ ਗੁਲ ਹੋ ਜਾਂਦੀ ਹੈ।